
ਮਹਿਲ ਕਲਾਂ ਤੋਂ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਵਲੋਂ ਬਰਨਾਲਾ ਜ਼ਿਲ੍ਹੇ ਦੇ ਪਿੰਡ ਗੰਗੋਹਰ ਤੋਂ ਪਿੰਡ ਮਹਿਲ ਖ਼ੁਰਦ ਨੂੰ ਜੋੜਦੀ ਸੜਕ...
ਚੰਡੀਗੜ੍ਹ : ਮਹਿਲ ਕਲਾਂ ਤੋਂ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਵਲੋਂ ਬਰਨਾਲਾ ਜ਼ਿਲ੍ਹੇ ਦੇ ਪਿੰਡ ਗੰਗੋਹਰ ਤੋਂ ਪਿੰਡ ਮਹਿਲ ਖ਼ੁਰਦ ਨੂੰ ਜੋੜਦੀ ਸੜਕ ਦੇ 2 ਕਿੱਲੋਮੀਟਰ ਕੱਚੇ ਰਸਤੇ ਨੂੰ ਪੱਕਾ ਕਰਨ ਸਬੰਧੀ ਪੁੱਛੇ ਸਵਾਲ ਦਾ ਜਵਾਬ ਜਦੋਂ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਨੇ ਨਾਂ 'ਚ ਦਿਤਾ ਤਾਂ ਪੰਡੋਰੀ ਨੇ ਇਸ ਸੜਕ ਦੀ ਅਹਿਮੀਅਤ ਦੱਸੀ ਕਿ ਇਹ ਰਸਤਾ ਬਠਿੰਡਾ ਅਤੇ ਲੁਧਿਆਣਾ ਨੂੰ ਵਿਕਲਪ ਰਸਤੇ ਵਜੋਂ ਜੋੜਦਾ ਹੈ।
ਪੰਡੋਰੀ ਨੇ ਦੱਸਿਆ ਕਿ ਮਹਿਲ ਕਲਾਂ 'ਚ ਮੰਗਾਂ ਨੂੰ ਲੈ ਕੇ ਸਰਕਾਰ ਵਿਰੁਧ ਧਰਨੇ ਬਹੁਤ ਲੱਗਦੇ ਹਨ। ਜਿਸ ਕਰਕੇ ਮਹਿਲ ਕਲਾਂ ਨੂੰ ਮਟਕਾ ਚੌਂਕ ਵੀ ਕਿਹਾ ਜਾਣ ਲੱਗਾ ਹੈ ਅਤੇ ਧਰਨਿਆਂ ਦੌਰਾਨ ਲੱਗਦੇ ਜਾਮ ਕਾਰਨ ਅਕਸਰ ਐਂਬੂਲੈਂਸ ਗੱਡੀਆਂ ਫਸ ਜਾਂਦੀਆਂ ਹਨ। ਕਈ ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ, ਇਸ ਲਈ ਜਾਂ ਤਾਂ ਧਰਨੇ ਬੰਦ ਕਰਾ ਦਿਓ ਜਾਂ ਫਿਰ ਇਹ ਸੜਕ ਛੇਤੀ ਬਣਾਈ ਜਾਵੇ। ਸੜਕ ਦੀ ਅਹਿਮੀਅਤ ਸਮਝਦੇ ਹੋਏ ਸਪੀਕਰ ਰਾਣਾ ਕੇ.ਪੀ. ਸਿੰਘ ਵਲੋਂ ਕੀਤੀ ਦਖ਼ਲਅੰਦਾਜ਼ੀ ਕਰਨ ਉਪਰੰਤ ਮੰਤਰੀ ਨੇ ਕਿਹਾ ਕਿ ਇਹ ਸੜਕ ਜਲਦੀ ਬਣਾਈ ਜਾਵੇਗੀ।
ਬਠਿੰਡਾ ਦਿਹਾਤੀ ਤੋਂ 'ਆਪ' ਵਿਧਾਇਕ ਰੁਪਿੰਦਰ ਕੌਰ ਰੂਬੀ ਦੇ ਸਵਾਲ 'ਤੇ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਨੇ ਭਰੋਸਾ ਦਿਤਾ ਕਿ ਨੈਸ਼ਨਲ ਹੈਲਥ ਮਿਸ਼ਨ ਪੰਜਾਬ ਅਧੀਨ ਠੇਕਾ ਆਧਾਰਿਤ ਕਰਮਚਾਰੀਆਂ ਲਈ ਸਰਵਿਸ ਬਾਈ ਲਾਅ ਬਣਾਉਣ ਦੀ ਤਜਵੀਜ਼ ਵਿਚਾਰ ਅਧੀਨ ਹੈ। ਰੂਬੀ ਵਲੋਂ ਸਮਾਂਬੱਧ ਕਰਨ ਦੀ ਮੰਗ 'ਤੇ ਬ੍ਰਹਮ ਮਹਿੰਦਰਾ ਨੇ ਦੱਸਿਆ ਕਿ ਉਹ ਵੀ ਇਸ ਮਾਮਲੇ ਲਈ ਕਾਫ਼ੀ ਗੰਭੀਰ ਹਨ।
ਇਸ ਲਈ ਇਕ ਸਾਬਕਾ ਜੱਜ ਦੀ ਨਿਯੁਕਤੀ ਕਰ ਕੇ ਇਨ੍ਹਾਂ ਮੁਲਾਜ਼ਮਾਂ ਦੇ ਹਿੱਤ ਬਾਈ ਲਾਅ ਬਣਾਏ ਜਾ ਸਕਣ। ਇਸ ਦੇ ਨਾਲ ਹੀ ਮੰਤਰੀ ਨੇ ਦੱਸਿਆ ਕਿ ਇਨ੍ਹਾਂ ਠੇਕਾ ਆਧਾਰਿਤ ਕਰਮਚਾਰੀਆਂ ਨੂੰ ਅਯੂਸ਼ਮਾਨ ਭਾਰਤ ਯੋਜਨਾ ਅਧੀਨ ਸਿਹਤ ਬੀਮਾ ਦਾ ਲਾਭ ਦਿਤਾ ਜਾਵੇਗਾ।