
ਚੰਡੀਗੜ੍ਹ : ਕੈਪਟਨ ਅਮਰਿੰਦਰ ਸਿੰਘ ਨੂੰ ਇੱਕ ਵਿਦਿਆਰਥੀ ਨੇ ਪ੍ਰੀਖਿਆਵਾਂ 'ਚ ਮਦਦ ਦੀ ਅਪੀਲ ਕੀਤੀ ਸੀ, ਜਿਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀ ਹੈ...
ਚੰਡੀਗੜ੍ਹ : ਕੈਪਟਨ ਅਮਰਿੰਦਰ ਸਿੰਘ ਨੂੰ ਇੱਕ ਵਿਦਿਆਰਥੀ ਨੇ ਪ੍ਰੀਖਿਆਵਾਂ 'ਚ ਮਦਦ ਦੀ ਅਪੀਲ ਕੀਤੀ ਸੀ, ਜਿਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀ ਹੈ। ਇਸ ਵੀਡੀਓ ਕਲਿੱਪ ਦਾ ਗੰਭੀਰ ਨੋਟਿਸ ਲੈਂਦਿਆਂ ਆਮ ਆਦਮੀ ਪਾਰਟੀ ਪੰਜਾਬ ਦੀ ਸੂਬਾ ਕੋਰ ਕਮੇਟੀ ਦੇ ਚੇਅਰਮੈਨ ਅਤੇ ਬੁਢਲਾਡਾ ਤੋਂ ਵਿਧਾਇਕ ਪ੍ਰਿੰਸੀਪਲ ਬੁੱਧਰਾਮ ਨੇ ਸਿੱਖਿਆ ਦੇ ਨਿੱਘਰ ਚੁੱਕੇ ਮਿਆਰ ਲਈ ਕਾਂਗਰਸ ਅਤੇ ਅਕਾਲੀ-ਭਾਜਪਾ ਨੂੰ ਸੰਪੂਰਨ ਰੂਪ 'ਚ ਜ਼ਿੰਮੇਵਾਰ ਠਹਿਰਾਇਆ।
ਪ੍ਰਿੰਸੀਪਲ ਬੁੱਧਰਾਮ ਨੇ ਕਿਹਾ ਕਿ ਇੱਕ ਸਕੂਲੀ ਵਿਦਿਆਰਥੀ ਵੱਲੋਂ 10ਵੀਂ ਅਤੇ 12ਵੀਂ ਜਮਾਤਾਂ ਦੀ ਬੋਰਡ ਪ੍ਰੀਖਿਆ ਨੂੰ ਲੈ ਕੇ ਸ਼ਬਦ ਵਰਤੇ ਗਏ ਹਨ, ਜੋ ਹਾਸੇ-ਮਜ਼ਾਕ ਦਾ ਵਿਸ਼ਾ ਨਹੀਂ ਸਗੋਂ ਸਕੂਲ ਸਿੱਖਿਆ ਦੇ ਗ਼ਰਕ ਹੋ ਚੁੱਕੇ ਮਿਆਰ ਦਾ ਗੰਭੀਰ ਵਿਸ਼ਾ ਹੈ। ਉਨ੍ਹਾਂ ਸਿਆਸਤਦਾਨਾਂ ਦੇ ਮੂੰਹ 'ਤੇ ਕਰਾਰੀ ਚਪੇੜ ਹੈ, ਜਿੰਨਾ ਹੱਥ ਪਿਛਲੇ 40 ਸਾਲਾਂ ਤੋਂ ਪੰਜਾਬ ਦੀ ਸੱਤਾ ਰਹੀ ਹੈ।
ਪ੍ਰਿੰਸੀਪਲ ਬੁੱਧਰਾਮ ਨੇ ਕਿਹਾ ਕਿ ਪਿਛਲੇ ਦਿਨੀਂ ਸਰਹੱਦੀ ਖੇਤਰ ਦੇ ਦੌਰੇ 'ਤੇ ਨਿਕਲੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਜਨਤਕ ਮਿਲਣੀ 'ਚ ਇੱਕ ਸਕੂਲੀ ਵਿਦਿਆਰਥੀ ਨੂੰ ਪੁੱਛਿਆ ਸੀ 'ਪਾਸ ਹੋਵੇਂਗਾ ਜਾਂ ਨਹੀਂ'। ਵਿਦਿਆਰਥੀ ਦੇ ਮੋੜਵੇਂ ਜਵਾਬ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਲਾਜਵਾਬ ਕਰ ਦਿੱਤਾ ਕਿ ਅਸੀਂ ਤਾਂ ਆਪਣੇ ਵੱਲੋਂ ਪੂਰਾ ਜ਼ੋਰ ਲਗਾਵਾਂਗੇ, ਪਰ ਪਿਛਲੀ ਵਾਰ ਬਹੁਤ ਸਾਰੇ ਫ਼ੇਲ੍ਹ ਹੋ ਗਏ ਸੀ, ਇਸ ਲਈ ਤੁਸੀਂ ਪ੍ਰੀਖਿਆਵਾਂ 'ਚ ਮਦਦ ਕਰ ਦਿਓ।
ਪ੍ਰਿੰਸੀਪਲ ਬੁੱਧਰਾਮ ਨੇ ਮੁੱਖ ਮੰਤਰੀ ਨੂੰ ਮੁਖ਼ਾਤਬ ਹੁੰਦਿਆਂ ਕਿਹਾ ਕਿ ਇਸ ਤੋਂ ਵੱਧ ਇੱਕ ਮੁੱਖ ਮੰਤਰੀ ਨੂੰ ਕੋਈ ਕੀ ਸੁਣਾ ਸਕਦਾ ਹੈ। ਇਸ ਲਈ ਉਹ ਸੂਬੇ ਦੇ ਸਰਕਾਰੀ ਸਕੂਲਾਂ 'ਚ ਮਿਆਰੀ ਸਿੱਖਿਆ ਲਈ ਜੰਗੀ-ਪੱਧਰ 'ਤੇ ਕਦਮ ਉਠਾਉਣ। ਉਨ੍ਹਾਂ ਕਿਹਾ ਕਿ ਜੇ ਅੱਧੀ-ਅਧੂਰੀ ਤਾਕਤ ਨਾਲ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਉਪ ਮੰਤਰੀ ਮੁਨੀਸ਼ ਸਿਸੋਦੀਆ ਦਿੱਲੀ ਦੇ ਸਰਕਾਰੀ ਸਕੂਲਾਂ ਦਾ ਕਾਇਆ ਕਲਪ ਕਰ ਸਕਦੇ ਹਨ ਤਾਂ ਕੈਪਟਨ ਅਮਰਿੰਦਰ ਸਿੰਘ ਕਿਉਂ ਨਹੀਂ ਕਰਦੇ? ਉਨ੍ਹਾਂ ਕਿਹਾ ਕਿ ਸੱਤਾਧਾਰੀ ਦਲਾਂ ਨੇ ਇੱਕ ਸੋਚੀ-ਸਮਝੀ ਸਾਜ਼ਿਸ਼ ਨਾਲ ਪੰਜਾਬ ਅਤੇ ਦੇਸ਼ ਦੇ ਸਰਕਾਰੀ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਦਾ ਭੱਠਾ ਬਿਠਾਇਆ ਹੈ ਤਾਂ ਕਿ ਦਲਿਤਾਂ, ਗ਼ਰੀਬ ਕਿਸਾਨਾਂ ਸਮੇਤ ਆਮ ਆਦਮੀ ਦੇ ਬੱਚੇ ਮਿਆਰੀ ਅਤੇ ਕੁਸ਼ਲ ਵਿੱਦਿਆ ਤੋਂ ਹਮੇਸ਼ਾ ਲਈ ਵਾਂਝੇ ਰਹਿਣ ਅਤੇ ਇਨ੍ਹਾਂ ਰਾਜਿਆਂ ਰਜਵਾੜਿਆਂ ਦੀ ਗ਼ੁਲਾਮੀ ਭੋਗਣ।