
ਵਿਭਾਗ ਅਤੇ ਅਧਿਆਪਕਾਂ ਦਾ ਪਿਛਲੇ ਸਾਲ ਵਾਲਾ ਤਜ਼ੁਰਬਾ ਵਿਦਿਆਰਥੀਆਂ ਲਈ ਹੋਵੇਗਾ ਲਾਹੇਵੰਦ- ਕ੍ਰਿਸ਼ਨ ਕੁਮਾਰ
ਚੰਡੀਗੜ੍ਹ: ਕੋਰੋਨਾ ਮਹਾਂਮਾਰੀ ਦੇ ਨਤੀਜੇ ਵਜੋਂ ਸਕੂਲ ਬੰਦ ਹੋਣ ਕਾਰਨ ਵਿਦਿਆਰਥੀਆਂ ਦੀ ਪੜਾਈ ਦੇ ਨੁਕਸਾਨ ਨੂੰ ਰੋਕਣ ਵਾਸਤੇ ਪੰਜਾਬ ਦੇ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਡੀ.ਡੀ. ਪੰਜਾਬੀ ਰਾਹੀਂ ਆਨਲਾਈਨ ਜਮਾਤਾਂ ਲਗਾਉਣ ਦੀ ਪ੍ਰਵਾਨਗੀ ਦੇ ਦਿੱਤੀ ਹੈ। ਇਸ ਦੀ ਜਾਣਕਾਰੀ ਦਿੰਦੇ ਹੋਏ ਸਕੂਲ ਸਿੱਖਿਆ ਵਿਭਾਗ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਸਕੱਤਰ ਸਕੂਲ ਸਿੱਖਿਆ ਪੰਜਾਬ ਕ੍ਰਿਸ਼ਨ ਕੁਮਾਰ ਦੀ ਦੇਖ-ਰੇਖ ਹੇਠ ਡੀ.ਡੀ. ਪੰਜਾਬੀ ਰਾਹੀਂ ਮਿਤੀ 5 ਮਈ ਤੋਂ ਵੱਖ-ਵੱਖ ਜਮਾਤਾਂ ਦੀਆਂ ਆਨਲਾਈਨ ਕਲਾਸਾਂ ਸ਼ੁਰੂ ਹੋ ਰਹੀਆਂ ਹਨ।
School Students
ਇਸ ਸਬੰਧੀ ਸਕੱਤਰ ਸਕੂਲ ਸਿੱਖਿਆ ਨੇ ਦੱਸਿਆ ਕਿ ਕੋਵਿਡ-19 ਸਬੰਧੀ ਜਾਰੀ ਹਦਾਇਤਾਂ ਅਨੁਸਾਰ ਵਿਦਿਆਰਥੀ ਸਕੂਲਾਂ ਵਿੱਚ ਨਹੀਂ ਆ ਸਕਦੇ ਜਿਸ ਕਰਕੇ ਵਿਦਿਆਰਥੀਆਂ ਨੂੰ ਆਨਲਾਈਨ ਸਿੱਖਿਆ ਦੇਣ ਦੇ ਪ੍ਰਬੰਧ ਕੀਤੇ ਗਏ ਹਨ। ਉਹਨਾਂ ਕਿਹਾ ਕਿ ਪਹਿਲੀ ਜਮਾਤ ਤੋਂ ਪੰਜਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਲਈ ਟੀ.ਵੀ. ਕਲਾਸਾਂ ਦਾ ਸਮਾਂ ਸਵੇਰੇ 9 ਵਜੇ ਤੋਂ 10.40 ਤੱਕ ਰਹੇਗਾ ਅਤੇ ਛੇਵੀਂ ਜਮਾਤ ਤੋਂ ਬਾਰਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਦੀਆਂ ਟੀ.ਵੀ.ਕਲਾਸਾਂ ਦਾ ਸਮਾਂ ਸਵੇਰੇ 10.40 ਵਜੇ ਤੋਂ ਬਾਅਦ ਦੁਪਹਿਰ 4 ਵਜੇ ਤੱਕ ਰਹੇਗਾ।
Vijay Inder Singla
ਇਹਨਾਂ ਡੀਡੀ ਪੰਜਾਬੀ ’ਤੇ ਲਗਾਈਆਂ ਜਾਣ ਵਾਲੀਆਂ ਜਮਾਤਾਂ ਦਾ ਰੋਜ਼ਾਨਾ ਸ਼ਡਿਊਲ ਵਿਦਿਆਰਥੀਆਂ ਕੋਲ ਇੱਕ ਦਿਨ ਪਹਿਲਾਂ ਹੀ ਸਕੂਲ ਦੇ ਮੁਖੀ ਅਤੇ ਸਬੰਧਿਤ ਅਧਿਆਪਕਾਂ ਰਾਹੀਂ ਪੁੱਜਦਾ ਕੀਤਾ ਜਾਵੇਗਾ। ਇਸ ਸਬੰਧੀ ਸਕੱਤਰ ਸਕੂਲ ਸਿੱਖਿਆ ਨੇ ਇਹ ਵੀ ਕਿਹਾ ਕਿ ਪਿਛਲੇ ਸਾਲ ਜਦੋਂ ਕਰੋਨਾ ਮਹਾਮਾਰੀ ਆਈ ਸੀ ਤਾਂ ਵਿਭਾਗ ਕੋਲ ਜ਼ਿਆਦਾ ਤਿਆਰੀ ਨਹੀਂ ਸੀ ਪਰ ਫਿਰ ਵੀ ਬਹੁਤ ਸਾਰੇ ਅਧਿਆਪਕਾਂ ਨੇ ਆਨਲਾਈਨ ਕਲਾਸਾਂ ਲਗਾਈਆਂ ਸਨ। ਹੁਣ ਵਿਭਾਗ ਕੋਲ ਤਜਰਬਾ ਵੀ ਹੈ ਅਤੇ ਅਧਿਆਪਕਾਂ ਨੇ ਪਿਛਲੇ ਸਾਲ ਦੀ ਮਿਹਨਤ ਤੋਂ ਬਹੁਤ ਕੁਝ ਸਿੱਖਿਆ ਹੈ ਜਿਸ ਦਾ ਫਾਇਦਾ ਹੁਣ ਵਿਦਿਆਰਥੀਆਂ ਨੂੰ ਕਈ ਗੁਣਾ ਵੱਧ ਹੋਵੇਗਾ।
Students
ਇਸ ਸਬੰਧੀ ਜਗਤਾਰ ਸਿੰਘ ਡਾਇਰੈਕਟਰ ਰਾਜ ਸਿੱਖਿਆ ਖੋਜ ਅਤੇ ਸਿਖਲਾਈ ਪ੍ਰੀਸ਼ਦ ਨੇ ਦੱਸਿਆ ਕਿ ਪਿਛਲੇ ਸਾਲ ਵੀ ਡੀ ਡੀ ਪੰਜਾਬੀ ’ਤੇ ਪ੍ਰੀ-ਪ੍ਰਾਇਮਰੀ ਤੋਂ ਲੈ ਕੇ ਬਾਰਵੀਂ ਜਮਾਤਾਂ ਦੇ 4189 ਲੈਕਚਰ ਪ੍ਰਸਾਰਿਤ ਕੀਤੇ ਗਏ ਸਨ। ਇਸ ਵਿੱਚ ਪ੍ਰਾਇਮਰੀ, ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਜਮਾਤਾਂ ਦੇ ਅੰਗਰੇਜ਼ੀ, ਹਿੰਦੀ, ਗਣਿਤ, ਪੰਜਾਬੀ ਸਾਇੰਸ, ਸਮਾਜਿਕ ਸਿੱਖਿਆ, ਵੈਲਕਮ ਲਾਈਫ ਅਤੇ ਸੀਨੀਅਰ ਸੈਕੰਡਰੀ ਜਮਾਤਾਂ ਦੇ ਸਟਰੀਮ ਵਾਇਜ਼ ਲੈਕਚਰ ਵੀ ਸ਼ਾਮਿਲ ਸਨ।
Online Education
ਉਹਨਾਂ ਦੱਸਿਆ ਕਿ ਇਸ ਤੋਂ ਇਲਾਵਾ ਸਿੱਖਿਆ ਵਿਭਾਗ ਨੇ ਪੰਜਾਬ ਐਜੂਕੇਅਰ ਐਪ ਵੀ ਤਿਆਰ ਕੀਤੀ ਹੈ ਜਿਸ ਰਾਹੀਂ ਅਧਿਆਪਕਾਂ ਨੇ ਆਪਣੇ ਤਿਆਰ ਕੀਤੇ ਲੈਕਚਰ ਵੀ ਅਪਲੋਡ ਕੀਤੇ ਹੋਏ ਹਨ ਅਤੇ ਵਿਦਿਆਰਥੀ ਇਸ ਤੋਂ ਭਰਪੂਰ ਲਾਭ ਉਠਾ ਰਹੇ ਹਨ। ਉਹਨਾਂ ਕਿਹਾ ਕਿ ਡੀ.ਡੀ. ਪੰਜਾਬੀ ਰਾਹੀਂ ਆਨਲਾਈਨ ਕਲਾਸਾਂ ਦਾ ਸਰਕਾਰੀ ਸਕੂਲਾਂ ਦੇ ਨਾਲ-ਨਾਲ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਨਾਲ ਐਫੀਲੀਏਟਿਡ ਅਤੇ ਐਸੋਸ਼ੀਏਟਡ ਸਕੂਲਾਂ ਦੇ ਵਿਦਿਆਰਥੀ ਵੀ ਲਾਭ ਉਠਾ ਸਕਣਗੇ।
Vijay Inder Singla
ਇਸ ਸੰਬੰਧੀ ਸਿੱਖਿਆ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਇਹਨਾਂ ਕਲਾਸਾਂ ਨੂੰ ਲਗਾਉਣ ਲਈ ਵਿਦਿਆਰਥੀ ਡੀ.ਡੀ.ਪੰਜਾਬੀ ਨੂੰ ਫਰੀ ਡਿਸ਼ ਦੇ ਚੈਨਲ ਨੰਬਰ 22, ਏਅਰਟੈੱਲ ਡਿਸ ਦੇ ਚੈਨਲ ਨੰਬਰ 572, ਵੀਡੀਓਕੋਨ ਡੀ ਟੂ ਐੱਚ ਦੇ ਚੈਨਲ ਨੰਬਰ 791, ਟਾਟਾ ਸਕਾਈ ਦੇ ਚੈਨਲ ਨੰਬਰ 1949, ਫਾਸਟਵੇਅ ਦੇ ਚੈਨਲ ਨੰਬਰ 39, ਡਿਸ਼ ਟੀ.ਵੀ. ਦੇ, ਚੈਨਲ ਨੰਬਰ 1169, ਸਨ ਡਾਇਰੈਕਟ ਦੇ ਚੈਨਲ ਨੰਬਰ 670 ਅਤੇ ਰਿਲਾਇੰਸ ਬਿਗ ਟੀ.ਵੀ. ਦੇ ਚੈਨਲ ਨੰਬਰ 950 ਤੇ ਦੇਖ ਸਕਦੇ ਹਨ।