
ਰਾਣਾ ਸੋਢੀ ਤੇ ਬਲਬੀਰ ਸਿੰਘ ਸਿੱਧੂ ਵੱਲੋਂ ਫੇਜ਼ 6 ਵਿਖੇ ਬਣਨ ਵਾਲੀ ਨਵੀਂ ਰੇਂਜ ਦਾ ਰੱਖਿਆ ਗਿਆ ਨੀਂਹ ਪੱਥਰ
ਐਸ.ਏ.ਐਸ. ਨਗਰ : ਪੰਜਾਬ ਸਰਕਾਰ ਵੱਲੋਂ ਮੋਹਾਲੀ ਫ਼ੇਜ਼-6 ਵਿਖੇ 8.18 ਕਰੋੜ ਰੁਪਏ ਦੀ ਲਾਗਤ ਨਾਲ ਕੌਮਾਂਤਰੀ ਪੱਧਰ ਦੀ ਅਤਿ ਆਧੁਨਿਕ 10 ਮੀਟਰ ਇੰਡੋਰ ਸ਼ੂਟਿੰਗ ਰੇਂਜ ਬਣਾਈ ਜਾ ਰਹੀ ਹੈ ਜੋ ਕਿ 31 ਮਾਰਚ 2020 ਤਕ ਨਿਸ਼ਾਨੇਬਾਜ਼ਾਂ ਨੂੰ ਸਪੁਰਦ ਕਰ ਦਿੱਤੀ ਜਾਵੇਗੀ। ਇਸ ਰੇਂਜ ਦਾ ਨੀਂਹ ਪੱਥਰ ਅੱਜ ਪੰਜਾਬ ਦੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਤੇ ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਰੱਖਿਆ।
Pic-1
ਫ਼ੇਜ਼-6 ਵਿਖੇ ਹੋਏ ਸਮਾਗਮ ਨੂੰ ਸੰਬੋਧਨ ਕਰਦਿਆਂ ਖੇਡ ਮੰਤਰੀ ਰਾਣਾ ਸੋਢੀ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਖੇਡਾਂ ਦਾ ਮਿਆਰ ਉੱਚਾ ਚੁੱਕਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ। ਪਟਿਆਲਾ ਵਿਖੇ ਖੇਡ ਯੂਨੀਵਰਸਿਟੀ ਬਣਾਉਣ ਤੋਂ ਇਲਾਵਾ ਸੂਬੇ ਵਿਚ ਖੇਡਾਂ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ। ਮੋਹਾਲੀ ਵਿਖੇ ਜਿੱਥੇ ਪਹਿਲਾਂ ਹੀ ਸ਼ੂਟਿੰਗ ਰੇਂਜ ਚੱਲ ਰਹੀ ਹੈ ਉਥੇ ਨਵੀਂ 10 ਮੀਟਰ ਇੰਡੋਰ ਸ਼ੂਟਿੰਗ ਰੇਂਜ ਬਣਾਈ ਜਾ ਰਹੀ ਹੈ ਜੋ ਓਲੰਪਿਕ ਪੱਧਰ ਦੀ ਹੋਵੇਗੀ। ਉਨ੍ਹਾਂ ਕਿਹਾ ਕਿ ਇਹ ਰੇਂਜ 80 ਟਾਰਗੇਟ ਨਿਸ਼ਾਨਿਆਂ ਵਾਲੀ ਦੋ ਮੰਜ਼ਿਲਾ ਏਅਰ ਕੰਡੀਸ਼ਨਡ ਅਤੇ ਇਲੈਕਟ੍ਰਾਨਿਕ ਸਕੋਰ ਵਾਲੀ ਹੋਵੇਗੀ।
Pic-2
ਰਾਣਾ ਸੋਢੀ ਨੇ ਕਿਹਾ ਕਿ 8.18 ਕਰੋੜ ਰੁਪਏ ਦੀ ਲਾਗਤ ਨਾਲ ਬਣ ਰਹੀ ਇਹ ਰੇਂਜ 31 ਮਾਰਚ 2020 ਤੱਕ ਮੁਕੰਮਲ ਹੋ ਜਾਵੇਗੀ, ਜਿਸ ਤੋਂ ਬਾਅਦ ਨਿਸ਼ਾਨੇਬਾਜ਼ ਇਥੇ ਤਿਆਰੀ ਕਰ ਸਕਣਗੇ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਓਲੰਪਿਕ ਖੇਡਾਂ 'ਚ ਸ਼ੁਮਾਰ ਖੇਡਾਂ ਨੂੰ ਤਰਜੀਹੀ ਸੂਚੀ ਵਿਚ ਰੱਖਿਆ ਗਿਆ ਤਾਂ ਜੋ ਵੱਧ ਤੋਂ ਵੱਧ ਕੌਮਾਂਤਰੀ ਪੱਧਰ ਦੇ ਖਿਡਾਰੀ ਤਿਆਰ ਕੀਤੇ ਜਾ ਸਕਣ। ਉਨ੍ਹਾਂ ਕਿਹਾ ਕਿ ਨਿਸ਼ਾਨੇਬਾਜ਼ੀ ਇਨ੍ਹਾਂ ਖੇਡਾਂ ਵਿਚੋਂ ਇਕ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਅਗਲੇ ਸਾਲ ਟੋਕੀਓ ਵਿਖੇ ਹੋਣ ਵਾਲੀਆਂ ਓਲੰਪਿਕ ਖੇਡਾਂ ਵਿਚ ਪੰਜਾਬ ਦੇ ਖਿਡਾਰੀਆਂ ਦੀ ਚੋਖੀ ਹਿੱਸੇਦਾਰੀ ਹੋਵੇਗੀ ਅਤੇ ਉਹ ਚੰਗਾ ਪ੍ਰਦਰਸ਼ਨ ਦੁਹਰਾਉਣਗੇ। ਉਨ੍ਹਾਂ ਕਿਹਾ ਕਿ ਸੂਬੇ ਵਿਚ ਇਸ ਵੇਲੇ 100 ਕਰੋੜ ਰੁਪਏ ਤੋਂ ਵੱਧ ਲਾਗਤ ਦੇ ਪ੍ਰਾਜੈਕਟਾਂ ਦੀ ਉਸਾਰੀ ਚੱਲ ਰਹੀ ਹੈ ਜਿਨ੍ਹਾਂ ਵਿਚ ਹਾਕੀ ਐਸਟੋਟਰਫ, ਅਥਲੈਟਿਕਸ ਟਰੈਕ ਤੇ ਮਲਟੀਪਰਪਜ਼ ਇੰਡੋਰ ਹਾਲ ਸ਼ਾਮਲ ਹਨ।
Pic-3
ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਮੋਹਾਲੀ ਸ਼ਹਿਰ ਨੂੰ ਨਵੀਂ ਸ਼ੂਟਿੰਗ ਰੇਂਜ ਦੇਣ ਲਈ ਮੁੱਖ ਮੰਤਰੀ ਤੇ ਖੇਡ ਮੰਤਰੀ ਦਾ ਵਿਸ਼ੇਸ਼ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਮੁਹਾਲੀ ਖੇਡ ਖੇਤਰ ਵਿਚ ਕੌਮਾਂਤਰੀ ਪੱਧਰ ਉਤੇ ਚਮਕ ਰਿਹਾ ਹੈ ਅਤੇ ਇਸ ਰੇਂਜ ਦੇ ਬਣਨ ਨਾਲ ਇਥੋਂ ਦੇ ਨਿਸ਼ਾਨੇਬਾਜ਼ਾਂ ਨੂੰ ਹੋਰ ਵੀ ਮੌਕੇ ਮਿਲਣਗੇ। ਉਨ੍ਹਾਂ ਕਿਹਾ ਕਿ ਫ਼ੇਜ਼-6 ਸਿੱਖਿਆ, ਖੇਡਾਂ, ਮੈਡੀਕਲ ਸਿੱਖਿਆ ਅਤੇ ਸਿਹਤ ਸੇਵਾਵਾਂ ਦਾ ਹੱਬ ਬਣ ਗਿਆ ਹੈ।
Pic-4
ਇਸ ਤੋਂ ਪਹਿਲਾਂ ਖੇਡ ਵਿਭਾਗ ਦੀ ਡਾਇਰੈਕਟਰ ਅੰਮ੍ਰਿਤ ਕੌਰ ਗਿੱਲ ਨੇ ਦੋਵਾਂ ਮੰਤਰੀਆਂ ਰਾਣਾ ਸੋਢੀ ਤੇ ਸਿੱਧੂ ਦਾ ਫ਼ੇਜ਼-6 ਸਪੋਰਟਸ ਕੰਪਲੈਕਸ ਪੁੱਜਣ 'ਤੇ ਸਵਾਗਤ ਕੀਤਾ। ਰਾਣਾ ਸੋਢੀ ਤੇ ਸਿੱਧੂ ਨੇ ਫ਼ੇਜ਼-6 ਵਿਖੇ ਪਹਿਲਾਂ ਤੋਂ ਹੀ ਚੱਲ ਰਹੀ ਸ਼ੂਟਿੰਗ ਰੇਂਜ ਦਾ ਨਿਰੀਖਣ ਕੀਤਾ ਅਤੇ ਉਥੇ ਤਿਆਰੀ ਕਰ ਰਹੇ ਨਿਸ਼ਾਨੇਬਾਜ਼ਾਂ ਤੋਂ ਫੀਡਬੈਕ ਵੀ ਹਾਸਲ ਕੀਤੀ।