
ਜਿਥੇ ਸੂਬੇ ਦੀਆਂ ਹੋਰ ਵਿਰੋਧੀ ਪਾਰਟੀਆਂ ਤੇ ਲੋਕ ਜਥੇਬੰਦੀਆਂ ਪੰਜਾਬ ਸਰਕਾਰ ਵਲੋਂ ਮੈਡੀਕਲ ਸਿਖਿਆ ਦੀਆਂ ਫ਼ੀਸਾਂ
ਚੰਡੀਗੜ੍ਹ, 3 ਜੂਨ (ਗੁਰਉਪਦੇਸ਼ ਭੁੱਲਰ): ਜਿਥੇ ਸੂਬੇ ਦੀਆਂ ਹੋਰ ਵਿਰੋਧੀ ਪਾਰਟੀਆਂ ਤੇ ਲੋਕ ਜਥੇਬੰਦੀਆਂ ਪੰਜਾਬ ਸਰਕਾਰ ਵਲੋਂ ਮੈਡੀਕਲ ਸਿਖਿਆ ਦੀਆਂ ਫ਼ੀਸਾਂ ’ਚ ਪਿਛਲੇ ਦਿਨੀਂ ਕੀਤੇ ਭਾਰੀ ਵਾਧਿਆਂ ਵਿਰੁਧ ਰੋਸ ਪ੍ਰਗਟ ਕਰ ਰਹੀਆਂ ਹਨ, ਉਥੇ ਦੂਜੇ ਪਾਸੇ ਸਰਕਾਰੀ ਡਾਕਟਰ ਵੀ ਮੈਡੀਕਲ ਫ਼ੀਸਾਂ ਵਧਾਉਣ ਦੇ ਵਿਰੋਧ ’ਚ ਉਤਰ ਆਏ ਹਨ। ਸੂਬੇ ਦੇ ਸਰਕਾਰੀ ਡਾਕਟਰਾਂ ਦੀ ਜਥੇਬੰਦੀ ਪੀ.ਸੀ.ਐਮ.ਐਸ. ਐਸੋਸੀਏਸ਼ਨ ਦੇ ਸੱਦੇ ਉਪਰ ਅੱਜ ਪੂਰੇ ਪੰਜਾਬ ’ਚ ਸਰਕਾਰੀ ਹਸਪਤਾਲਾਂ ’ਚ ਡਾਕਟਰਾਂ ਨੇ ਕਾਲੇ ਬਿੱਲੇ ਲਾ ਕੇ ਰੋਸ ਮੁਜ਼ਾਹਰੇ ਕੀਤੇ।
ਪੈਰਾ ਮੈਡੀਕਲ ਕਾਮਿਆਂ ਦਾ ਵੀ ਡਾਕਟਰਾਂ ਨੂੰ ਸਮਰਥਨ ਮਿਲਿਆ। ਬਲਾਕ ਪੱਧਰ ਤੋਂ ਲੈ ਕੇ ਰਾਜਧਾਨੀ ਪੱਧਰ ਤਕ ਇਹ ਰੋਸ ਮੁਜ਼ਾਹਰੇ ਹੋਏ ਅਤੇ ਚੰਡੀਗੜ੍ਹ ਸਿਹਤ ਸੇਵਾਵਾਂ ਵਿਭਾਗ ਦੇ ਦਫ਼ਤਰ ਸਾਹਮਣੇ ਵੀ ਰੋਸ ਪ੍ਰਦਰਸ਼ਨ ਕੀਤਾ ਗਿਆ। ਪ੍ਰਾਪਤ ਰੀਪੋਰਟਾਂ ਮੁਤਾਬਕ ਬਠਿੰਡਾ, ਮੋਗਾ, ਮਾਨਸਾ, ਸੰਗਰੂਰ, ਤਰਨ ਤਾਰਨ, ਬਰਨਾਲਾ, ਸ੍ਰੀ ਮੁਕਤਸਰ ਸਾਹਿਬ, ਫ਼ਰੀਦਕੋਟ, ਹੁਸ਼ਿਆਰਪੁਰ, ਪਟਿਆਲਾ ਅਤੇ ਫ਼ਤਿਹਗੜ੍ਹ ਸਾਹਿਬ ਆਦਿ ਮੁੱਖ ਕੇਂਦਰਾਂ ਉਪਰ ਵੀ ਹਸਪਤਾਲਾਂ ’ਚ ਰੋਸ ਮੁਜ਼ਾਹਰੇ ਹੋਏ ਹਨ। ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਡਾ. ਗਗਨਦੀਪ ਸਿੰਘ ਨੇ ਕਿਹਾ ਕਿ ਐਮ.ਬੀ.ਬੀ.ਐਸ. ਕੋਰਸ ਦੀਆਂ ਫ਼ੀਸਾਂ ’ਚ 80 ਫ਼ੀ ਸਦੀ ਵਾਧਾ ਕਿਸੇ ਵੀ ਤਰ੍ਹਾਂ ਵਾਜਿਬ ਨਹੀਂ।
File photo
ਪਹਿਲਾਂ ਡਾਕਟਰ ਬਣਨ ਲਈ ਕੀਤੇ ਜਾਣ ਵਾਲੇ ਕੋਰਸ ਦੀ ਫ਼ੀਸ 4.40 ਲੱਖ ਰੁਪਏ ਸੀ ਪਰ ਹੁਣ ਇਹ 7.80 ਲੱਖ ਰੁਪਏ ਹੋ ਜਾਵੇਗੀ। ਇਸ ਨਾਲ ਦਰਮਿਆਨੇ ਅਤੇ ਹੇਠਲੇ ਵਰਗ ਦੇ ਪਰਿਵਾਰਾਂ ਦੇ ਬੱਚਿਆਂ ਦਾ ਡਾਕਟਰ ਬਣਨ ਦਾ ਸੁਪਨਾ ਪੂਰਾ ਨਹੀਂ ਹੋ ਸਕੇਗ। ਐਸੋਸੀਏਸ਼ਨ ਦੇ ਜਨਰਲ ਸਕੱਤਰ ਡਾ. ਮਨੋਹਰ ਸਿੰਘ ਅਤੇ ਸੀਨੀਅਰ ਮੀਤ ਪ੍ਰਧਾਨ ਡਾ. ਗਗਨਦੀਪ ਸ਼ੇਰਗਿੱਲ ਨੇ ਕਿਹਾ ਕਿ ਸਿਹਤ ਅਤੇ ਸਿਖਿਆ ਸੇਵਾਵਾਂ ਲੋਕਾਂ ਨੂੰ ਮੁਹੱਈਆ ਕਰਵਾਉਣਾ ਸਰਕਾਰ ਦਾ ਫ਼ਰਜ਼ ਹੈ ਪਰ ਇਸ ’ਚੋਂ ਵੀ ਸਰਕਾਰ ਮੁਨਾਫ਼ਾ ਭਾਲ ਰਹੀ ਹੈ। ਉਨ੍ਹਾਂ ਸਰਕਾਰ ਤੋਂ ਲੋਕਹਿਤ ਫ਼ੈਸਲਾ ਵਾਪਸ ਲੈਣ ਦੀ ਮੰਗ ਕੀਤੀ ਹੈ।