
ਸੇਵਾਲਾ ਦੇ ਪਿਤਾ ਦੀ ਮੰਗ 'ਤੇ ਪੰਜਾਬ ਸਰਕਾਰ ਨੇ ਹਾਈ ਕੋਰਟ ਦੇ ਰਜਿਸਟਰਾਰ ਨੂੰ ਪੱਤਰ ਭੇਜਿਆ ਸੀ।
ਚੰਡੀਗੜ੍ਹ: ਸਿੱਧੂ ਮੂਸੇਵਾਲਾ ਕਤਲ ਕੇਸ ਦੀ ਜਾਂਚ ਹਾਈ ਕੋਰਟ ਦੇ ਸਿਟਿੰਗ ਜੱਜ ਨਹੀਂ ਕਰਨਗੇ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਇਸ ਤੋਂ ਇਨਕਾਰ ਕੀਤਾ ਹੈ। ਮੂਸੇਵਾਲਾ ਦੇ ਪਿਤਾ ਦੀ ਮੰਗ 'ਤੇ ਪੰਜਾਬ ਸਰਕਾਰ ਨੇ ਹਾਈ ਕੋਰਟ ਦੇ ਰਜਿਸਟਰਾਰ ਨੂੰ ਪੱਤਰ ਭੇਜਿਆ ਸੀ। ਸਰਕਾਰ ਨੂੰ ਦਿੱਤੇ ਜਵਾਬ 'ਚ ਕਿਹਾ ਗਿਆ ਕਿ ਅਜਿਹਾ ਪਹਿਲਾਂ ਕਦੇ ਨਹੀਂ ਹੋਇਆ ਕਿ ਹਾਈ ਕੋਰਟ ਅਜਿਹੇ ਮਾਮਲੇ 'ਚ ਕਿਸੇ ਸਿਟਿੰਗ ਜੱਜ ਨੂੰ ਜਾਂਚ ਕਰਨ ਲਈ ਕਹੇ।
ਇਸ ਦੇ ਮੱਦੇਨਜ਼ਰ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਅਤੇ ਮਾਤਾ ਚਰਨ ਕੌਰ ਅੱਜ ਚੰਡੀਗੜ੍ਹ ਵਿਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲਣਗੇ। ਇਸ ਦੇ ਲਈ ਉਹ ਮਾਨਸਾ ਤੋਂ ਚੰਡੀਗੜ੍ਹ ਰਵਾਨਾ ਹੋ ਚੁੱਕੇ ਹਨ। ਇਹ ਮੀਟਿੰਗ ਦੁਪਹਿਰ 3 ਵਜੇ ਦੇ ਕਰੀਬ ਹੋਣ ਦੀ ਸੰਭਾਵਨਾ ਹੈ। ਮੂਸੇਵਾਲਾ ਦਾ 29 ਮਈ ਨੂੰ ਮਾਨਸਾ ਦੇ ਪਿੰਡ ਜਵਾਹਰਕੇ ਵਿਚ ਕਤਲ ਕਰ ਦਿੱਤਾ ਗਿਆ ਸੀ। ਪਰਿਵਾਰ ਨੇ 30 ਮਈ ਨੂੰ ਹਾਈ ਕੋਰਟ ਦੇ ਸਿਟਿੰਗ ਜੱਜ ਤੋਂ ਜਾਂਚ ਦੀ ਮੰਗ ਕੀਤੀ ਸੀ।
ਹਾਈ ਕੋਰਟ ਦੇ ਇਨਕਾਰ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਨੇ ਪਰਿਵਾਰ ਨੂੰ ਹਾਈ ਕੋਰਟ ਦੇ ਸੇਵਾਮੁਕਤ ਜੱਜ ਤੋਂ ਜਾਂਚ ਕਰਵਾਉਣ ਦਾ ਸੁਝਾਅ ਦਿੱਤਾ ਸੀ। ਉਹਨਾਂ ਨੂੰ 5 ਨਾਂ ਵੀ ਦਿੱਤੇ ਗਏ ਸਨ। ਹਾਲਾਂਕਿ ਉਹ ਸਿਟਿੰਗ ਜੱਜ ਦੀ ਮੰਗ ਕਰ ਰਿਹਾ ਹੈ। ਫਿਲਹਾਲ ਸਿੱਧੂ ਮੂਸੇਵਾਲਾ ਕਤਲ ਕਾਂਡ ਦੀ ਜਾਂਚ ਪੰਜਾਬ ਪੁਲਿਸ ਕਰ ਰਹੀ ਹੈ। ਜਿਸ ਦੀ ਨਿਗਰਾਨੀ ਐਂਟੀ ਗੈਂਗਸਟਰ ਟਾਸਕ ਫੋਰਸ (ਏਜੀਟੀਐਫ) ਦੇ ਏਡੀਜੀਪੀ ਪ੍ਰਮੋਦ ਬਾਨ ਵੱਲੋਂ ਕੀਤੀ ਜਾ ਰਹੀ ਹੈ। ਇਸ ਵਿਚ ਆਈਜੀ ਜਸਕਰਨ ਸਿੰਘ, ਏਆਈਜੀ ਗੁਰਮੀਤ ਚੌਹਾਨ ਸਮੇਤ ਕੁੱਲ 5 ਮੈਂਬਰ ਸ਼ਾਮਲ ਕੀਤੇ ਗਏ ਹਨ।