
2018 ਦੀਆਂ ਪਿਛਲੀਆਂ ਚੋਣਾਂ ਵਿਚ ਸੱਤ ਇੰਡੋ-ਕੈਨੇਡੀਅਨ ਸਾਰੇ ਪੰਜਾਬੀ ਸੂਬਾਈ ਸੰਸਦ ਲਈ ਚੁਣੇ ਗਏ ਸਨ।
ਟੋਰਾਂਟੋ: ਕੈਨੇਡਾ ਦੇ ਓਨਟਾਰੀਓ ਸੂਬੇ ਦੀ ਸੰਸਦ ਲਈ ਛੇ ਪੰਜਾਬੀਆਂ ਦੀ ਚੋਣ ਹੋਈ ਹੈ। ਸਾਰੇ ਜੇਤੂ ਸੱਤਾਧਾਰੀ ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ (ਪੀਸੀ) ਦੇ ਆਗੂ ਹਨ, ਜਿਸ ਨੇ 124 ਮੈਂਬਰੀ ਸੂਬਾਈ ਸੰਸਦ ਵਿਚ 83 ਸੀਟਾਂ ਜਿੱਤ ਕੇ ਆਪਣਾ ਬਹੁਮਤ ਬਰਕਰਾਰ ਰੱਖਿਆ ਹੈ। ਚਾਰ ਸਾਲ ਪਹਿਲਾਂ ਓਨਟਾਰੀਓ ਵਿਚ ਪਹਿਲੇ ਦਸਤਾਰਧਾਰੀ ਸਿੱਖ ਕੈਬਨਿਟ ਮੰਤਰੀ ਬਣਨ ਵਾਲੇ 31 ਸਾਲਾ ਪ੍ਰਭਮੀਤ ਸਰਕਾਰੀਆ ਨੇ ਬਰੈਂਪਟਨ ਦੱਖਣੀ ਤੋਂ ਆਪਣੀ ਸੀਟ ਬਰਕਰਾਰ ਰੱਖੀ ਹੈ। ਸਰਕਾਰੀਆ ਦਾ ਪਰਿਵਾਰ 1980 ਵਿਚ ਅੰਮ੍ਰਿਤਸਰ ਤੋਂ ਕੈਨੇਡਾ ਆ ਗਿਆ ਸੀ। ਮੋਗਾ ਨਾਲ ਸਬੰਧ ਰੱਖਣ ਵਾਲੇ 48 ਸਾਲਾ ਪਰਮ ਗਿੱਲ ਨੂੰ ਟੋਰਾਂਟੋ ਦੇ ਮਿਲਟਨ ਤੋਂ ਦੁਬਾਰਾ ਚੁਣਿਆ ਗਿਆ ਹੈ।
ਓਨਟਾਰੀਓ ਦੀ ਸਮਾਲ ਬਿਜ਼ਨਸ ਅਤੇ ਰੈੱਡ ਟੇਪ ਰਿਡਕਸ਼ਨ ਦੀ ਐਸੋਸੀਏਟ ਮੰਤਰੀ ਨੀਨਾ ਤਾਂਗੜੀ ਨੇ ਵੀ ਮਿਸੀਸਾਗਾ-ਸਟ੍ਰੀਟਸਵਿਲੇ ਤੋਂ ਜਿੱਤ ਹਾਸਲ ਕੀਤੀ ਹੈ। ਨੀਨਾ ਦਾ ਪਰਿਵਾਰ ਜਲੰਧਰ ਦਾ ਰਹਿਣ ਵਾਲਾ ਹੈ। ਸੱਤਾਧਾਰੀ ਪੀਸੀ ਦੇ ਅਮਰਜੋਤ ਸੰਧੂ ਨੇ ਬਰੈਂਪਟਨ ਪੱਛਮੀ ਤੋਂ ਆਪਣੀ ਸੀਟ ਬਰਕਰਾਰ ਰੱਖੀ। ਇਸੇ ਤਰ੍ਹਾਂ ਤੋਂ ਦੀਪਕ ਆਨੰਦ ਨੇ ਮਿਸੀਸਾਗਾ-ਮਾਲਟਨ ਸੀਟ ’ਤੇ ਜਿੱਤ ਹਾਸਲ ਕੀਤੀ ਹੈ। ਇਹ ਵੀ ਪੰਜਾਬ ਨਾਲ ਸਬੰਧ ਰੱਖਦੇ ਹਨ।
ਹਾਲਾਂਕਿ ਫੈਡਰਲ ਨਿਊ ਡੈਮੋਕ੍ਰੇਟਿਕ ਪਾਰਟੀ ਦੇ ਆਗੂ ਜਗਮੀਤ ਸਿੰਘ ਦੇ ਭਰਾ ਗੁਰਰਤਨ ਸਿੰਘ ਬਰੈਂਪਟਨ ਪੂਰਬੀ ਵਿਚ ਸੱਤਾਧਾਰੀ ਪੀਸੀ ਦੇ ਹਰਦੀਪ ਗਰੇਵਾਲ ਕੋਲੋਂ ਹਾਰ ਗਏ। ਇਸ ਵਾਰ 22 ਇੰਡੋ-ਕੈਨੇਡੀਅਨ ਉਮੀਦਵਾਰ ਮੈਦਾਨ ਵਿਚ ਸਨ। 2018 ਦੀਆਂ ਪਿਛਲੀਆਂ ਚੋਣਾਂ ਵਿਚ ਸੱਤ ਇੰਡੋ-ਕੈਨੇਡੀਅਨ ਸਾਰੇ ਪੰਜਾਬੀ ਸੂਬਾਈ ਸੰਸਦ ਲਈ ਚੁਣੇ ਗਏ ਸਨ।