
ਨਸ਼ਿਆਂ ਦੀ ਰੋਕਥਾਮ ਲਈ ਹੋਰ ਢਿੰਬਰੀ ਕੱਸਦੇ ਹੋਏ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੁਲਿਸ ਮੁਲਾਜ਼ਮਾਂ ਸਣੇ ਸਾਰੇ ਸਰਕਾਰੀ ਮੁਲਾਜ਼ਮਾਂ ...........
ਚੰਡੀਗੜ੍ਹ - ਨਸ਼ਿਆਂ ਦੀ ਰੋਕਥਾਮ ਲਈ ਹੋਰ ਢਿੰਬਰੀ ਕੱਸਦੇ ਹੋਏ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੁਲਿਸ ਮੁਲਾਜ਼ਮਾਂ ਸਣੇ ਸਾਰੇ ਸਰਕਾਰੀ ਮੁਲਾਜ਼ਮਾਂ ਦਾ ਡੋਪ ਟੈਸਟ ਲਾਜ਼ਮੀ ਕਰਵਾਉਣ ਦੇ ਹੁਕਮ ਜਾਰੀ ਕੀਤੇ ਹਨ। ਇਹ ਟੈਸਟ ਮੁਲਾਜ਼ਮਾਂ ਦੀ ਭਰਤੀ ਅਤੇ ਉਨ੍ਹਾਂ ਦੀ ਸੇਵਾ ਦੇ ਹਰੇਕ ਪੜਾਅ 'ਤੇ ਹੋਇਆ ਕਰੇਗਾ। ਉਨ੍ਹਾਂ ਨੇ ਇਸ ਸਬੰਧੀ ਰੂਪ-ਰੇਖਾ ਤਿਆਰ ਕਰਨ ਅਤੇ ਜ਼ਰੂਰੀ ਨੋਟੀਫਿਕੇਸ਼ਨ ਜਾਰੀ ਕਰਵਾਉਣ ਲਈ ਮੁੱਖ ਸਕੱਤਰ ਨੂੰ ਨਿਰਦੇਸ਼ ਦਿੱਤੇ ਹਨ। ਇਥੇ ਇਕ ਸਰਕਾਰੀ ਬੁਲਾਰੇ ਨੇ ਅੱਜ ਦੱਸਿਆ ਕਿ ਮੁੱਖ ਮੰਤਰੀ ਨੇ ਭਰਤੀ ਅਤੇ ਪਦਉੱਨਤੀ ਦੇ ਸਾਰੇ ਕੇਸਾਂ 'ਚ ਡਰਗ ਸਕ੍ਰੀਨਿੰਗ ਲਾਜ਼ਮੀ ਬਨਾਉਣ ਲਈ ਹੁਕਮ ਦਿੱਤੇ ਹਨ।
ਉਨ੍ਹਾਂ ਨੇ ਡਿਊਟੀ ਦੀ ਕਿਸਮ ਦੇ ਅਨੁਸਾਰ ਕੁੱਝ ਵਿਸ਼ੇਸ਼ ਮਾਮਲਿਆਂ 'ਚ ਹੁੰਦੇ ਸਲਾਨਾ ਡਾਕਟਰੀ ਜਾਇਜ਼ੇ ਦੌਰਾਨ ਵੀ ਇਹ ਟੈਸਟ ਕਰਵਾਉਣ ਲਈ ਆਖਿਆ ਹੈ। ਇਸ ਹੁਕਮ ਨਾਲ ਪੰਜਾਬ ਸਰਕਾਰ ਦੇ ਵੱਖ ਵੱਖ ਵਿਭਾਗਾਂ ਵਿੱਚ ਸਭਨਾ ਤਰ੍ਹਾਂ ਭਰਤੀ ਅਤੇ ਪਦਉੱਨਤੀ ਮੌਕੇ ਡੋਪ ਟੈਸਟ ਲਾਜ਼ਮੀ ਹੋਵੇਗਾ। ਪੰਜਾਬ ਸਰਕਾਰ ਦੇ ਸਾਰੇ ਸਿਵਲੀਅਨ/ ਪੁਲਿਸ ਮੁਲਾਜ਼ਮਾਂ ਦੇ ਸਲਾਨਾ ਡਾਕਟਰੀ ਜਾਇਜ਼ੇ ਦੌਰਾਨ ਵੀ ਇਹ ਟੈਸਟ ਜ਼ਰੂਰੀ ਹੋਵੇਗਾ।
ਪੰਜਾਬ ਵਿਚੋਂ ਨਸ਼ਿਆਂ ਦੇ ਖਾਤਮੇ ਲਈ ਪਿਛਲੇ ਤਿੰਨ ਦਿਨਾਂ ਦੌਰਾਨ ਮੁੱਖ ਮੰਤਰੀ ਵਲੋਂ ਕੀਤੀਆਂ ਲੜੀਵਾਰ ਪਹਿਲਕਦਮੀਆਂ ਦਾ ਇਹ ਹੁਕਮ ਇਕ ਹਿੱਸਾ ਹਨ। ਐਨ ਡੀ ਪੀ ਐਸ ਐਕਟ ਵਿੱਚ ਸੋਧ ਦੇ ਰਾਹੀਂ ਨਸ਼ਿਆਂ ਦੇ ਸਬੰਧ ਵਿੱਚ ਪਹਿਲੀ ਵਾਰ ਅਪਰਾਧ ਕਰਨ ਵਾਲੇ ਨੂੰ ਮੌਤ ਦੀ ਸਜ਼ਾ ਦਿੱਤੇ ਜਾਣ ਦੀ ਕੇਂਦਰ ਨੂੰ ਮੰਤਰੀ ਮੰਡਲ ਵਲੋਂ ਕੀਤੀ ਗਈ ਸਿਫਾਰਿਸ਼ ਦੇ ਸਮੇਂ ਹੀ ਮੁੱਖ ਮੰਤਰੀ ਨੇ ਇਸ ਬਾਰੇ ਵੀ ਫੈਸਲਾ ਲੈ ਲਿਆ ਸੀ।