ਕੈਪਟਨ ਨੇ ਸੁਖਬੀਰ ਤੇ ਹਰਸਿਮਰਤ ਬਾਦਲ ਨੂੰ ਕੋਰੇ ਝੂਠ ਅਤੇ ਦੋਗਲੇਪਨ ਲਈ ਆੜੇ ਹੱਥੀਂ ਲਿਆ
Published : Jul 4, 2020, 10:47 am IST
Updated : Jul 4, 2020, 10:47 am IST
SHARE ARTICLE
Capt Amarinder Singh and Sukhbir Badal
Capt Amarinder Singh and Sukhbir Badal

ਅਨਾਜ ’ਚ ਗ਼ਬਨ ਬਾਰੇ ਸੁਖਬੀਰ ਦੇ ਦੋਸ਼ ਖ਼ਾਰਜ, ਪਹਿਲਾਂ ਤੱਥਾਂ ਦੀ ਪੜਚੋਲ ਕਰਨ ਲਈ ਆਖਿਆ

ਚੰਡੀਗੜ੍ਹ, 3 ਜੁਲਾਈ (ਸਪੋਕਸਮੈਨ ਸਮਾਚਾਰ ਸੇਵਾ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਅਤੇ ਕੇਂਦਰੀ ਮੰਤਰੀ ਹਰਸਿਮਰਤ ਬਾਦਲ ਵਲੋਂ ਕੋਵਿਡ ਦੇ ਸੰਕਟ ਦਰਮਿਆਨ ਅਪਣੇ ਸੌੜੇ ਸਿਆਸੀ ਮੁਫ਼ਾਦ ਅੱਗੇ ਵਧਾਉਣ ਲਈ ਸੂਬੇ ਦੇ ਲੋਕਾਂ ਨੂੰ ਗੁਮਰਾਹ ਕਰਨ ’ਤੇ ਸਖ਼ਤ ਸ਼ਬਦਾਂ ਵਿੱਚ ਆਲੋਚਨਾ ਕੀਤੀ ਹੈ।

ਬਾਦਲ ਜੋੜੇ ’ਤੇ ਤਿੱਖਾ ਹਮਲਾ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਨ੍ਹਾਂ ਵਲੋਂ ਧੋਖੇਬਾਜ਼ੀ ਅਤੇ ਝੂਠ ਦੀ ਸਾਂਝੀ ਮੁਹਿੰਮ ਚਲਾਉਣ ਦੇ ਢੰਗ ਨੇ ਦੋਵਾਂ ਦੇ ਦੋਹਰੇ ਮਿਆਰ ਦਾ ਪਰਦਾਫਾਸ਼ ਕਰ ਦਿਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਅਕਾਲੀ ਲੀਡਰਾਂ ਦੇ ਮੱਗਰਮੱਛ ਦੇ ਹੰਝੂ ਕੇਰਨ ਦੇ ਢਕਵੰਜ ਅਤੇ ਸਿਆਸੀ ਖੇਖਣਬਾਜ਼ੀਆਂ ਦੇ ਬਹਿਕਾਵੇ ਵਿਚ ਨਹੀਂ ਆਉਣਗੇ ਕਿਉਂਕਿ ਉਹ ਚੰਗੀ ਤਰ੍ਹਾਂ ਜਾਣਦੇ ਕਿ ਕਿਵੇਂ ਅਕਾਲੀਆਂ ਨੇ ਸੱਤਾ ਵਿੱਚ ਹੁੰਦਿਆਂ ਲੋਕਾਂ ਦੀਆਂ ਦੁੱਖ-ਤਕਲੀਫ਼ਾਂ ਦੂਰ ਕਰਨ ਦੀ ਬਜਾਏ ਇਕ ਦਹਾਕਾ ਬੇਰਹਿਮੀ ਨਾਲ ਪੰਜਾਬ ਨੂੰ ਲੁੱਟਿਆ।

File PhotoFile Photo

ਪੰਜਾਬ ਵਿਚ ਕਾਂਗਰਸੀਆਂ ਉਪਰ ਰਾਸ਼ਨ ਵਿਚ ਗਬਨ ਦੇ ਲਾਏ ਦੋਸ਼ਾਂ ’ਤੇ ਸੁਖਬੀਰ ਬਾਦਲ ਨੂੰ ਆੜੇ ਹੱਥੀਂ ਲੈਂਦਿਆਂ ਮੁੱਖ ਮੰਤਰੀ ਨੇ ਸਪੱਸ਼ਟ ਤੌਰ ’ਤੇ ਕਿਹਾ ਕਿ ਵਿਧਾਇਕਾਂ ਵਲੋਂ ਉਨ੍ਹਾਂ ਦੀ ਸਰਕਾਰ ਦੇ ਉਪਰਾਲਿਆਂ ਨੂੰ ਸਹਿਯੋਗ ਦਿਤਾ ਜਾ ਰਿਹਾ ਹੈ ਤਾਕਿ ਇਹ ਯਕੀਨੀ ਬਣਾਇਆ ਜਾ ਸਕੇ ਕਿ ਕੋਈ ਵੀ ਵਿਅਕਤੀ ਭੁੱਖਾ ਨਾ ਰਹੇ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਵਿਧਾਇਕ ਸਿੱਧੇ ਤੌਰ ’ਤੇ ਲੋਕਾਂ ਨਾਲ ਜੁੜਿਆ ਹੁੰਦਾ ਹੈ ਅਤੇ ਉਹ ਭਲੀਭਾਂਤ ਜਾਣਦਾ ਹੈ ਕਿ ਫੌਰੀ ਤੌਰ ’ਤੇ ਮਦਦ ਸੱਭ ਤੋਂ ਪਹਿਲਾਂ ਲੋੜ ਕਿਸ ਨੂੰ ਦੇਣੀ ਹੈ ਅਤੇ ਇਹੀ ਯਕੀਨੀ ਬਣਾਉਣ ਲਈ ਉਹ ਕੰਮ ਕਰ ਰਹੇ ਹਨ।

ਮੁੱਖ ਮੰਤਰੀ ਨੇ ਕਿਹਾ ਕਿ ਕਾਂਗਰਸ ਪਾਰਟੀ ਵਲੋਂ ਸੰਕਟ ਦੀ ਇਸ ਘੜੀ ਵਿਚ ਕੀਤੇ ਜਾ ਰਹੇ ਸੰਜੀਦਾ ਯਤਨਾਂ ਦੇ ਹਿੱਸੇ ਵਜੋਂ ਮੁਲਕ ਦੇ ਹਰੇਕ ਖੇਤਰ ਵਿੱਚ ਕਾਂਗਰਸੀ ਵਰਕਰਾਂ ਵਲੋਂ ਲੋਕਾਂ ਦੀ ਇਮਦਾਦ ਕੀਤੀ ਜਾ ਰਹੀ ਹੈ ਅਤੇ ਅਕਾਲੀ ਅਜਿਹਾ ਨਹੀਂ ਕਰ ਸਕਦੇ ਕਿਉਂਕਿ ਉਨ੍ਹਾਂ ਨੇ ਕਦੇ ਵੀ ਅਪਣੇ ਸਿਆਸੀ ਮੁਫ਼ਾਦਾਂ ਦੀ ਪੂਰਤੀ ਕਰਨ ਤੋਂ ਬਿਨਾਂ ਅੱਗੇ ਦੇਖਿਆ ਹੀ ਨਹੀਂ।

 

ਸੂਬਾ ਸਰਕਾਰ ਵਲੋਂ ਪ੍ਰਾਪਤ ਕੀਤੇ ਅਨਾਜ ਨੂੰ ਲੋਕਾਂ ਵਿਚ ਨਾ ਵੰਡਣ ਬਾਰੇ ਲਾਏ ਦੋਸ਼ਾਂ ਲਈ ਸੁਖਬੀਰ ਬਾਦਲ ਦਾ ਮੌਜੂ ਉਡਾਉਂਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਅਕਾਲੀ ਦਲ ਦੇ ਪ੍ਰਧਾਨ ਵੱਲੋਂ ਤਾਂ ਪੇਸ਼ ਕੀਤੇ ਤੱਥ ਵੀ ਪੂਰੀ ਤਰ੍ਹਾਂ ਗ਼ਲਤ ਹਨ ਜੋ ਇਹ ਦਰਸਾਉਂਦੇ ਹਨ ਉਹ ਹਕੀਕਤ ਤੋਂ ਪੂਰੀ ਤਰ੍ਹਾਂ ਅਣਜਾਣ ਹੈ। 
ਤੱਥ ਇਹ ਹਨ ਕਿ ਪੰਜਾਬ ਸਰਕਾਰ ਵਲੋਂ ਜੂਨ ਤਕ ਪ੍ਰਾਪਤ ਕੀਤੇ ਅਨਾਜ ਪਦਾਰਥਾਂ ਦੀ ਮਿਕਦਾਰ ਸੁਖਬੀਰ ਵਲੋਂ ਦਿਤੇ ਅੰਕੜਿਆਂ ਨਾਲੋਂ ਵੱਧ ਸੀ ਅਤੇ ਇਨ੍ਹਾਂ ਵਿਚੋਂ 90 ਫ਼ੀ ਸਦੀ ਤੋਂ ਵਧੇਰੇ ਹਿੱਸਾ ਵੰਡਿਆ ਜਾ ਚੁੱਕਿਆ ਹੈ। 

ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ ਤਹਿਤ ਸੂਬੇ ਨੂੰ 212164 ਮੀਟਰਿਕ ਟਨ ਕਣਕ ਅਲਾਟ ਕੀਤੀ ਗਈ ਜਿਸ ਵਿਚੋਂ 199091 ਮੀਟਿਰਿਕ ਟਨ ਕਣਕ ਵੰਡੀ ਜਾ ਚੁੱਕੀ ਹੈ ਜਦਕਿ 10800 ਮੀਟਰਿਕ ਟਨ ਅਲਾਟ ਦਾਲ ਵਿਚੋਂ 10305 ਮੀਟਰਿਕ ਟਨ ਦੀ ਵੰਡ ਹੋ ਚੁੱਕੀ ਹੈ। ਇਸ ਦੇ ਨਾਲ ਹੀ, ਕੇਂਦਰ ਸਰਕਾਰ ਦੀ ਆਤਮ-ਨਿਰਭਰ ਭਾਰਤ ਸਕੀਮ ਤਹਿਤ ਕਣਕ (ਪ੍ਰਤੀ ਵਿਅਕਤੀ) ਅਤੇ ਦਾਲ (ਪ੍ਰਤੀ ਪਰਵਾਰ) 14.14 ਲੱਖ ਵਿਅਕਤੀਆਂ ਨੂੰ ਮੁਹੱਈਆ ਕਰਵਾਈ ਗਈ

ਅਤੇ ਸੂਬੇ ਵਲੋਂ ਕਣਕ ਦਾ ਆਟਾ ਤਿਆਰ ਕਰ ਕੇ, ਇਸ ਨਾਲ ਦਾਲ ਸ਼ਾਮਲ ਕਰ ਕੇ ਇਸ ਨੂੰ ਪ੍ਰਤੀ ਵਿਅਕਤੀ ਇਕ ਕਿਲੋ ਬਣਾਇਆ ਗਿਆ ਅਤੇ ਸੂਬੇ ਵਲੋਂ ਅਪਣੀ ਪੱਧਰ ’ਤੇ ਇਕ ਕਿਲੋ ਖੰਡ ਇਸ ਵਿਚ ਪਾਈ ਗਈ। ਅਸਲ ਵਿਚ, ਸੂਬਾ ਸਰਕਾਰ ਨੇ ਅਪਣੇ ਫ਼ੰਡਾਂ ਵਿਚੋਂ ਪ੍ਰਵਾਸੀ ਕਿਰਤੀਆਂ ਨੂੰ 17 ਲੱਖ ਖੁਰਾਕੀ ਪੈਕਟ ਵੰਡਣ ਲਈ 69 ਕਰੋੜ ਰੁਪਏ ਖਰਚੇ ਜਿਨ੍ਹਾਂ ਵਿਚ 10 ਕਿਲੋ ਆਟਾ, 2 ਕਿਲੋ ਦਾਲ ਅਤੇ 2 ਕਿਲੋ ਖੰਡ ਦੇ ਪੈਕੇਟ ਸ਼ਾਮਲ ਸਨ।

ਮੁੱਖ ਮੰਤਰੀ ਨੇ ਕਿਹਾ ਕਿ ਅੰਕੜੇ ਇਹ ਦਰਸਾਉਣ ਲਈ ਕਾਫ਼ੀ ਹਨ ਕਿ ਖੁਰਾਕੀ ਅਨਾਜ ਦੀ ਵੰਡ ਸਬਧੀ ਸੁਖਬੀਰ ਵਲੋਂ ਕੀਤੇ ਦਾਅਵੇ ਅਤੇ ਲਗਾਏ ਦੋਸ਼ ਪੂਰੀ ਤਰ੍ਹਾਂ ਨਿਰਆਧਾਰ ਅਤੇ ਸਬੂਤ ਹੀਣੇ ਹਨ ਅਤੇ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਅਕਸਰ ਬੇਤੁੱਕੀ ਬਿਆਨਬਾਜ਼ੀ ਕਰਦੇ ਹਨ ਅਤੇ ਦੋਹਰਾ ਮਿਆਰ ਰਖਦੇ ਹਨ। ਮੁੱਖ ਮੰਤਰੀ ਨੇ ਹਾਲ ਹੀ ਵਿਚ ਖੇਤੀ ਖੇਤਰ ਸਬੰਧੀ ਆਰਡੀਨੈਂਸਾਂ ਦੇ ਮੁੱਦੇ ’ਤੇ ਪਿੱਛੇ ਹਟਣ ਅਤੇ ਇਸ ਤੋਂ ਪਹਿਲਾਂ ਸੀ.ਏ.ਏ ਦੇ ਮੁੱਦੇ ’ਤੇ ਅਕਾਲੀਆਂ ਵਲੋਂ ਅਪਣਾਏ ਆਪਾ ਵਿਰੋਧੀ ਸਟੈਂਡ ਵਲ ਵੀ ਇਸ਼ਾਰਾ ਕੀਤਾ।

ਤੇਲ ’ਤੇ ਲੱਗੇ ਵੈਟ ਦੇ ਮਸਲੇ ’ਤੇ ਹਰਸਿਮਰਤ ਬਾਦਲ ਦੀ ਆਲੋਚਨਾ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਜੇਕਰ ਹਰਸਿਮਰਤ ਤੇਲ ਕੀਮਤਾਂ ਦੇ ਵਧਣ ਨਾਲ ਆਮ ਆਦਮੀ ਦੇ ਪ੍ਰਭਾਵਤ ਹੋਣ ਬਾਰੇ ਏਨੀ ਚਿੰਤਾਤੁਰ ਹੈ ਤਾਂ ਉਸ ਨੇ ਕੇਂਦਰ ਸਰਕਾਰ, ਜਿਸ ਵਿਚ ਉਹ ਕੈਬਨਿਟ ਮੰਤਰੀ ਹੈ, ’ਤੇ ਡੀਜ਼ਲ ਅਤੇ ਪੈਟਰੋਲ ਕੀਮਤਾਂ ਦੀਆਂ ਕੀਮਤਾਂ ਵਿੱਚ ਬਿਨਾਂ ਨਿਯੰਤਰਣ ਦੇ ਲਗਾਤਾਰ 22 ਦਿਨ ਹੋਏ ਵਾਧੇ ’ਤੇ ਕਾਬੂ ਪਾਉਣ ਲਈ ਦਬਾਅ ਕਿਉਂ ਨਹੀਂ ਪਾਇਆ। 

ਉਨ੍ਹਾਂ ਨੇ ਆਮ ਲੋਕਾਂ ਬਾਰੇ ਜਤਾਈ ਜਾ ਰਹੀ ਇਸ ਦਿਖਾਵੇ ਦੀ ਚਿੰਤਾ ਨੂੰ ਹਾਸੋਹੀਣੀ ਕਹਿ ਕੇ ਰੱਦ ਕੀਤਾ ਕਿ ਹਰਸਿਮਰਤ ਕੇਂਦਰ ਸਰਕਾਰ ਵਲੋਂ ਤੇਲ ਦੀਆਂ ਕੀਮਤਾਂ ਵਿਚ ਕੀਤੇ ਜਾ ਰਹੇ ਹੈਰਾਨਕੁਨ ਵਾਧੇ ਨੂੰ ਅੱਖੋਂ-ਪਰੋਖੇ ਕਰ ਕੇ ਸੂਬਾ ਸਰਕਾਰ ਵਲੋਂ ਪਟਰੌਲੀਅਮ ਟੈਕਸ ਵਿਚ ਕੀਤੇ ਵਾਧੇ ਬਾਰੇ ਪ੍ਰਤੀਕ੍ਰਿਆ ਕਰ ਰਹੀ ਹੈ।
ਕੇਂਦਰੀ ਮੰਤਰੀ ਦੇ ਇਸ ਮਸਲੇ ’ਤੇ ਬਿਆਨਾਂ ’ਤੇ ਕਟਾਖਸ਼ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਜਾਪਦਾ ਹੈ ਕਿ ਹਰਸਿਮਰਤ ਨੂੰ ਕੇਂਦਰ ਸਰਕਾਰ ਵਲੋਂ ਤੇਲ ਕੀਮਤਾਂ ਵਿਚ ਵਾਧਾ ਕਰ ਕੇ 2 ਲੱਖ ਕਰੋੜ ਹਾਸਲ ਕਰਨ ’ਤੇ ਕੋਈ ਸਮੱਸਿਆ ਨਹੀਂ ਪਰ ਜਦੋਂ ਉਸ ਦੇ ਅਪਣੇ ਸੂਬੇ, ਜੋ ਕੋਵਿਡ ਮਹਾਂਮਾਰੀ ਨਾਲ ਜੂਝ ਰਿਹਾ ਹੈ ਅਤੇ ਵਿੱਤੀ ਸੰਕਟ ਦਾ ਸਾਹਮਣਾ ਕਰ ਰਿਹਾ ਹੈ, ਦੀ ਗੱਲ ਆਉਂਦੀ ਹੈ ਤਾਂ ਉਸ ਨੂੰ ਇਹ ਲੋਕ ਵਿਰੋਧੀ ਲੱਗਦਾ ਹੈ।

ਉਨ੍ਹਾਂ ਪੁਛਿਆ ਕਿ, ‘‘ਜੇਕਰ ਬਾਦਲ ਕੇਂਦਰ ਵਲੋਂ ਤੇਲ ਦੀਆਂ ਕੀਮਤਾਂ ’ਚ ਕੀਤੇ ਵਾਧੇ ਦਾ ਵਿਰੋਧ ਕਰਨ ’ਚ ਗੰਭੀਰ ਹਨ, ਜਿਸ ਤਰ੍ਹਾਂ ਉਹ ਦਾਅਵਾ ਕਰਦੇ ਹਨ, ਤਾਂ ਉਹ ਕੇਂਦਰ ਵਿਚ ਐਨ.ਡੀ.ਏ ਗਠਜੋੜ ਕਿਉਂ ਨਹੀਂ ਛੱਡ ਦਿੰਦੇ? ਹਰਸਿਮਰਤ ਹਾਲੇ ਤਕ ਕੇਂਦਰੀ ਕੈਬਨਿਟ ਵਿਚ ਕਿਉਂ ਹੈ? ਉਨ੍ਹਾਂ ਕਿਹਾ ਕਿ ਅਕਾਲੀ ਸਿਰਫ਼ ਹਰ ਕੀਮਤ ’ਤੇ ਅਪਣੀ ਤਾਕਤ ਬਹਾਲ ਰੱਖਣ ਅਤੇ ਅਪਣੀਆਂ ਜੇਬਾਂ ਭਰਨ ਦੀ ਲਾਲਸਾ ਪਾਲਦੇ ਹਨ, ਭਾਵੇਂ ਇਸ ਨਾਲ ਪੰਜਾਬ ਬਰਬਾਦ ਕਿਉਂ ਨਾ ਹੋ ਜਾਵੇ।
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੈਪਟਨ ਜਾਣਾ ਚਾਹੁੰਦੇ ਨੇ ਅਕਾਲੀ ਦਲ ਨਾਲ਼, ਕਿਹਾ ਜੇ ਇਕੱਠੇ ਚੋਣਾਂ ਲੜਾਂਗੇ ਤਾਂ ਹੀ ਜਿੱਤਾਂਗੇ,

03 Dec 2025 1:50 PM

ਨਸ਼ਾ ਛਡਾਊ ਕੇਂਦਰ ਦੀ ਆੜ 'ਚ Kaka ਨੇ ਬਣਾਏ ਲੱਖਾਂ ਰੁਪਏ, ਨੌਜਵਾਨਾਂ ਨੂੰ ਬੰਧਕ ਬਣਾ ਪਸ਼ੂਆਂ ਦਾ ਕੰਮ ਕਰਵਾਉਂਦਾ ਰਿਹਾ

03 Dec 2025 1:48 PM

Amit Arora Interview : ਆਪਣੇ 'ਤੇ ਹੋਏ ਹਮਲਿਆਂ ਨੂੰ ਲੈ ਕੇ ਖੁੱਲ੍ਹ ਕੇ ਬੋਲੇ Arora, ਮੈਨੂੰ ਰੋਜ਼ ਆਉਂਦੀਆਂ ਧਮਕੀ

03 Dec 2025 1:47 PM

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM
Advertisement