
‘’ਮੈਂ ਉਸ ਸਮੇਂ ਮੰਤਰੀ ਨਹੀਂ ਸੀ, ਮੈਂ ਅਸਤੀਫਾ ਦੇ ਚੁੱਕੀ ਸੀ - ਹਰਸਿਮਰਤ ਬਾਦਲ
ਨਵੀਂ ਦਿੱਲੀ – ਤਿੰਨ ਖੇਤੀਬਾੜੀ ਕਾਲੇ ਕਾਨੂੰਨਾਂ ਦੇ ਮੁੱਦੇ ‘ਤੇ ਅੱਜ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਤੇ ਕਾਂਗਰਸੀ ਆਗੂ ਰਵਨੀਤ ਬਿੱਟੂ ਵਿਚਕਾਰ ਤਿੱਖੀ ਬਹਿਸ ਹੋ ਗਈ। ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਜੋ ਹੱਥਾਂ ਵਿਚ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਤਖ਼ਤੀਆਂ ਲੈ ਕੇ ਸੰਸਦ ਦੇ ਬਾਹਰ ਵਿਰੋਧ ਕਰ ਰਹੇ ਸਨ, ਇਸੇ ਦੌਰਾਨ ਉੱਥੋਂ ਦੀ ਲੰਘ ਰਹੇ ਕਾਂਗਰਸੀ ਸੰਸਦ ਮੈਂਬਰ ਰਵਨੀਤ ਬਿੱਟੂ ਉਹਨਾਂ ਕੋਲ ਚਲੇ ਗਏ।
Ravneet Bittu, Harsimrat Badal
ਜਿਸ ਦੌਰਾਨ ਦੋਨਾਂ ਆਗਾਂ ਵਿਚਕਾਰ ਬਹਿਸ ਛਿੜ ਗਈ। ਰਵਨੀਤ ਬਿੱਟੂ ਨੇ ਉੱਥੇ ਜਾ ਕੇ ਹਰਸਿਮਰਤ ਬਾਦਲ ਨੂੰ ਕਿਹਾ ਕਿ ‘’ਤੁਹਾਡਾ ਇਹ ਪ੍ਰਦਰਸ਼ਨ ਨਕਲੀ ਹੈ, ਤੁਸੀਂ ਖੁਦ ਬਿੱਲ ਪਾਸ ਕਰਵਾਏ ਤੇ ਉਸ ਸਮੇਂ ਤੁਸੀਂ ਮੰਤਰੀ ਸੀ ਫਿਰ ਜਦੋਂ ਜਨਤਾ ਨੇ ਵਿਰੋਧ ਕਰਨਾ ਸ਼ੁਰੂ ਕੀਤਾ ਤਾਂ ਤੁਸੀਂ ਅਸਤੀਫ਼ਾ ਦੇ ਦਿੱਤਾ। ਉਹਨਾਂ ਕਿਹਾ ਕਿ ਤੁਸੀਂ ਮੰਤਰੀ ਰਹਿੰਦੇ ਕੋਈ ਵਿਰੋਧ ਨਹੀਂ ਕੀਤਾ, ਬਿੱਲ ਪਾਸ ਹੋ ਗਏ ਪਰ ਤੁਸੀਂ ਕੁੱਝ ਨਹੀਂ ਕਿਹਾ। ਰਵਨੀਤ ਬਿੱਟੂ ਨੇ ਕਿਹਾ ਕਿ ਇਹ ਲੋਕ ਡਰਾਮਾ ਕਰ ਰਹੇ ਹਨ। ਪੂਰੀ ਤਰ੍ਹਾਂ ਝੂਠੇ ਹਨ ਇਹ ਲੋਕ। ਬਿੱਲ ਪਾਸ ਹੋਣ ਤੋਂ 2 ਮਹੀਨੇ ਬਾਅਦ ਤੱਕ ਸੁਖਬੀਰ ਬਾਦਲ ਤੇ ਪ੍ਰਕਾਸ਼ ਬਾਦਲ ਗਾਇਬ ਰਹੇ। ਇਹ ਕਹਿੰਦੇ ਨੇ ਕਿ ਇਕਜੁੱਟ ਹੋ ਕੇ ਸਰਕਾਰ ਖਿਲਾਫ਼ ਵਿਰੋਧ ਕਰੋ। ਇਹਨਾਂ ਨਾਲ ਅਸੀਂ ਕਿਹੋ ਜਿਹੀ ਏਕਤਾ ਰੱਖੀਏ? ਇਹਨਾਂ ਨੇ ਆਪ ਹੀ ਬਿੱਲ ਪਾਸ ਕਰਵਾਏ ਤੇ ਹੁਣ ਰੋਜ਼ ਡਰਾਮਾ ਕਰ ਰਹੇ ਹਨ’’।
#WATCH | Delhi: A verbal spat broke out between Shiromani Akali Dal MP Harsimrat Kaur Badal and Congress MP Ravneet Singh Bittu over Central Government's three Farm Laws. pic.twitter.com/y9oAykOzy1
— ANI (@ANI) August 4, 2021
ਇਸ ਦੇ ਨਾਲ ਹੀ ਰਵਨੀਤ ਬਿੱਟੂ ਵੱਲੋਂ ਕਹੀਆਂ ਇਹਨਾਂ ਗੱਲਾਂ ਦਾ ਹਰਸਿਮਰਤ ਬਾਦਲ ਨੇ ਜਵਾਬ ਦਿੰਦੇ ਹੋਏ ਕਿਹਾ ਕਿ ‘’ਮੈਂ ਉਸ ਸਮੇਂ ਮੰਤਰੀ ਨਹੀਂ ਸੀ, ਮੈਂ ਅਸਤੀਫਾ ਦੇ ਚੁੱਕੀ ਸੀ। ਇਹ ਬਿੱਲ ਤੁਹਾਡੇ ਭੱਜਣ ਨਾਲ ਪਾਸ ਹੋਏ ਹਨ। ਰਾਹੁਲ ਗਾਂਧੀ ਨੇ ਸੰਸਦ ਛੱਡ ਦਿੱਤੀ ਅਤੇ ਕਾਂਗਰਸ ਦੇ ਵਾਕਆਊਟ ਦੀ ਵਜ੍ਹਾ ਨਾਲ ਹੀ ਬਿੱਲ ਪਾਸ ਹੋਏ ਹਨ’’। ਹਰਸਿਮਰਤ ਬਾਦਲ ਨੇ ਅਪਣੀ ਗੱਲ ਕਹਿੰਦੇ ਹੋਏ ਕਾਲੇ ਕਾਨੂੰਨ ਰੱਦ ਕਰੋ ਦੇ ਨਾਅਰੇ ਵੀ ਲਗਾਏ।