
ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੇ ਕਥਿਤ ਭ੍ਰਿਸ਼ਟਾਚਾਰ ਨੂੰ ਜਨਤਕ ਕਰਨ ਵਾਲੇ ਹਰਮਿੰਦਰ ਸਿੰਘ ਬੰਗਲੌਰ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ...............
ਤਰਨਤਾਰਨ : ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੇ ਕਥਿਤ ਭ੍ਰਿਸ਼ਟਾਚਾਰ ਨੂੰ ਜਨਤਕ ਕਰਨ ਵਾਲੇ ਹਰਮਿੰਦਰ ਸਿੰਘ ਬੰਗਲੌਰ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਜਦ ਵੀ 'ਜਥੇਦਾਰਾਂ' ਵਲੋਂ ਵਸੀਲਿਆਂ ਤੋਂ ਵੱਧ ਜਾਇਦਾਦ ਬਣਾਉਣ ਦੀ ਜਾਂਚ ਕਰਨ ਲਈ ਕੋਈ ਕਮਿਸ਼ਨ ਬਣਾਉਣ ਤਾਂ ਉਨ੍ਹਾਂ ਨੂੰ ਜ਼ਰੂਰ ਬੁਲਾਇਆ ਜਾਵੇ ਤੇ ਉਹ ਦਸਣਗੇ ਕਿ 'ਹੁਕਮਨਾਮੇ' ਜਾਰੀ ਕਰਨ ਸਮੇਂ 'ਜਥੇਦਾਰ' ਕਿਵੇਂ ਪੈਸੇ ਲੈਂਦੇ ਹਨ।
ਅੱਜ ਇਸ ਪੱਤਰਕਾਰ ਨਾਲ ਗੱਲ ਕਰਦਿਆਂ ਸ. ਹਰਮਿੰਦਰ ਸਿੰਘ ਨੇ ਸਬੂਤ ਪੇਸ਼ ਕਰਦਿਆਂ ਕਿਹਾ ਕਿ ਗਿਆਨੀ ਗੁਰਬਚਨ ਸਿੰਘ ਨੇ ਉਨ੍ਹਾਂ ਕੋਲੋਂ 50 ਹਜ਼ਾਰ ਰੁਪਏ ਲਏ ਸਨ। ਉਨ੍ਹਾਂ ਸਬੂਤ ਵਜੋਂ ਤਰੀਕਾਂ ਸਾਹਿਤ ਦਸਿਆ ਕਿ 29 ਸਤੰਬਰ 2010 ਨੂੰ ਗਿਆਨੀ ਗੁਰਬਚਨ ਸਿੰਘ ਨੂੰ 11 ਹਜ਼ਾਰ ਰੁਪਏ ਬੰਗਲੌਰ ਵਿਖੇ ਫੇਰੀ ਦੌਰਾਨ ਦਿਤੇ ਸਨ। ਬਾਅਦ ਵਿਚ 18 ਮਈ 2012 ਨੂੰ 50 ਹਜ਼ਾਰ ਰੁਪਏ 'ਜਥੇਦਾਰ' ਨੂੰ, 5 ਹਜ਼ਾਰ ਉਸ ਦੇ ਨਿਜੀ ਸਹਾਇਕ ਨੂੰ ਦਿਤੇ ਸਨ।
ਉਨ੍ਹਾਂ ਕਿਹਾ ਕਿ 'ਜਥੇਦਾਰ' ਦੇ ਉਸ ਵੇਲੇ ਦੇ ਨਿਜੀ ਸਹਾਇਕ ਨੇ ਉਨ੍ਹਾਂ ਕੋਲੋਂ ਹਰ ਮਹੀਨੇ ਸਟੇਟ ਬੈਂਕ ਦੀ ਬਰਾਂਚ ਵਿਚ ਅਕਾਊਂਟ ਨੰਬਰ 65013987588 ਵਿਚ ਚੈੱਕ ਰਾਹੀਂ ਦਿਵਾਏ। ਹਰਮਿੰਦਰ ਸਿੰਘ ਨੇ ਕਿਹਾ ਕਿ ਜਥੇਦਾਰ ਤੇ ਉਸ ਦੇ ਸਾਥੀਆਂ ਨੇ ਅਕਾਲ ਤਖ਼ਤ ਸਾਹਿਬ ਸਕੱਤਰੇਤ ਨੂੰ ਇਕ ਕਾਰਪੋਰੇਟ ਦਫ਼ਤਰ ਵਿਚ ਤਬਦੀਲ ਕੀਤਾ ਹੋਇਆ ਹੈ।