
ਨੇੜਲੇ ਪਿੰਡ ਬਰਗਾੜੀ ਵਿਖੇ ਬੰਦੀ ਸਿੰਘਾਂ ਦੀ ਰਿਹਾਈ, ਬੇਅਦਬੀ ਕਾਂਡ ਦੇ ਦੋਸ਼ੀਆਂ ਦੀ ਗ੍ਰਿਫ਼ਤਾਰੀ ਅਤੇ ਹੋਰ ਪੰਥਕ ਮੰਗਾਂ ਨੂੰ ਲੈ ਕੇ ਮੁਤਵਾਜ਼ੀ ਜਥੇਦਾਰ ਭਾਈ ...
ਕੋਟਕਪੂਰਾ :- ਨੇੜਲੇ ਪਿੰਡ ਬਰਗਾੜੀ ਵਿਖੇ ਬੰਦੀ ਸਿੰਘਾਂ ਦੀ ਰਿਹਾਈ, ਬੇਅਦਬੀ ਕਾਂਡ ਦੇ ਦੋਸ਼ੀਆਂ ਦੀ ਗ੍ਰਿਫ਼ਤਾਰੀ ਅਤੇ ਹੋਰ ਪੰਥਕ ਮੰਗਾਂ ਨੂੰ ਲੈ ਕੇ ਮੁਤਵਾਜ਼ੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਤੇ ਉਨ੍ਹਾਂ ਦੇ ਸਾਥੀਆਂ ਵਲੋਂ ਸ਼ੁਰੂ ਕੀਤੇ ਗਏ ਮੋਰਚੇ ਨੂੰ ਸੰਗਤ ਵਲੋਂ ਭਰਪੂਰ ਹੁੰਗਾਰਾ ਮਿਲ ਰਿਹਾ ਹੈ। ਸੌਦਾ ਸਾਧ ਨੂੰ ਬਿਨ ਮੰਗੀ ਮਾਫ਼ੀ ਦੇਣ ਮੌਕੇ ਤਖ਼ਤਾਂ ਦੇ
ਜਥੇਦਾਰਾਂ ਨੂੰ ਤਲਬ ਕਰਨ ਵਾਲੇ 5 ਪਿਆਰਿਆਂ ਭਾਈ ਸਤਨਾਮ ਸਿੰਘ ਖੰਡੇਵਾਲਾ, ਭਾਈ ਮੇਜਰ ਸਿੰਘ, ਭਾਈ ਮੰਗਲ ਸਿੰਘ, ਭਾਈ ਸਤਨਾਮ ਸਿੰਘ ਅਤੇ ਭਾਈ ਤਰਲੋਕ ਸਿੰਘ ਨੇ ਭਾਈ ਮੰਡ ਦੀ ਅਗਵਾਈ ਵਾਲੇ ਸ਼ੁਰੂ ਕੀਤੇ ਮੋਰਚੇ ਦੀ ਹਮਾਇਤ ਕਰਦਿਆਂ ਦੇਸ਼ ਵਿਦੇਸ਼ 'ਚ ਵਸਦੀਆਂ ਨੂੰ ਸਹਿਯੋਗ ਦੀ ਅਪੀਲ ਕੀਤੀ। ਅਪਣੇ ਸੰਬੋਧਨ ਵਿਚ ਵੱਖ-ਵੱਖ ਬੁਲਾਰਿਆਂ ਨੇ ਸਿੱਖ ਮੰਗਾਂ ਮੰਨੇ ਜਾਣ ਤਕ ਸ਼ਾਤਮਈ ਸੰਘਰਸ਼ ਜਾਰੀ ਰੱਖਣ ਦਾ ਫ਼ੈਸਲਾ ਸੁਣਾਉਂਦਿਆਂ ਕਿਹਾ ਕਿ ਇਹ ਕਿਸੇ ਵਿਅਕਤੀ ਵਿਸ਼ੇਸ਼ ਦਾ ਮਸਲਾ ਨਹੀਂ ਸਗੋਂ ਸ੍ਰੀ ਗੁਰੂ ਗ੍ਰੰਥ ਦਾ ਸਾਹਿਬ ਜੀ ਦਾ ਮਸਲਾ ਹੈ।
ਇਸ ਮਸਲੇ ਸਬੰਧੀ ਜਥੇਦਾਰ ਧਿਆਨ ਸਿੰਘ ਮੰਡ ਨੇ ਕਿਹਾ ਕਿ ਇਹ ਮੋਰਚਾ ਉਨ੍ਹਾਂ ਨੇ ਇਕੱਲੇ ਸ਼ੁਰੂ ਕੀਤਾ ਹੈ, ਉਨ੍ਹਾਂ ਪਹਿਲੇ ਦਿਨ ਹੀ ਇਹ ਕਹਿ ਦਿਤਾ ਸੀ ਕਿ ਉਹ ਇਕੱਲੇ ਹੀ ਮੋਰਚੇ 'ਤੇ ਡਟ ਜਾਣਗੇ ਅਤੇ ਕਿਸੇ ਨੂੰ ਇਸ ਮੋਰਚੇ 'ਚ ਸ਼ਾਮਲ ਹੋਣ ਦੀ ਬੰਦਿਸ਼ ਨਹੀਂ ਲਗਾਉਣਗੇ। ਉਨ੍ਹਾਂ ਕਿਹਾ ਕਿ ਉਹ ਸਰਕਾਰ ਅਤੇ ਲੋਕਾਂ ਨੂੰ ਬਿਨਾਂ ਪ੍ਰੇਸ਼ਾਨ ਕੀਤਿਆਂ ਇਨਸਾਫ਼ ਮੋਰਚਾ ਜਾਰੀ ਰੱਖ ਰਹੇ ਹਨ ਅਤੇ ਇਨਸਾਫ਼ ਮਿਲਣ ਤਕ ਇਹ ਮੋਰਚਾ ਜਾਰੀ ਰਹੇਗਾ।
ਉਕਤ ਮੋਰਚੇ ਨੂੰ ਹਮਾਇਤ ਦੇਣ ਲਈ ਅੱਜ ਬਾਬਾ ਅਵਤਾਰ ਸਿੰਘ ਸਾਧਾਂਵਾਲਾ, ਭਾਈ ਸੁਖਦੀਪ ਸਿੰਘ, ਬਾਬਾ ਪ੍ਰਦੀਪ ਸਿੰਘ ਚਾਂਦਪੁਰਾ ਤੇ ਬਾਬਾ ਜੋਰਾ ਸਿੰਘ ਬੱਧਨੀ ਕਲਾਂ ਦੀ ਅਗਵਾਈ 'ਚ ਮਾਰਚ ਬਰਗਾੜੀ ਪਹੁੰਚੇ। ਨਾਮਵਰ ਪੱਤਰਕਾਰ ਹਰਦੀਪ ਸਿੰਘ ਨਿਮਾਣਾ ਸਮੇਤ ਹੋਰ ਪੰਥਕ ਆਗੂਆਂ ਨੇ ਭਾਈ ਮੰਡ ਦੇ ਮੋਰਚੇ ਨੂੰ ਡਟਵੀਂ ਹਮਾਇਤ ਦੇਣ ਦੀ ਗੱਲ ਆਖੀ।