
ਦੋਵਾਂ ਪਰਵਾਰਾਂ ’ਚ ਸਮਝੌਤੇ ਦਾ ਗਵਰਨਰ ਨੇ ਕੀਤਾ ਐਲਾਨ, ਕਾਨੂੰਨ ਕਾਰਵਾਈ ਮਗਰੋਂ ਮਾਂ-ਬਾਪ ਕੋਲ ਆ ਜਾਵੇਗੀ
ਲਾਹੌਰ : ਪਾਕਿਸਤਾਨ ਦੀ ਅਗ਼ਵਾ ਕੀਤੀ ਸਿੱਖ ਲੜਕੀ ਜਗਜੀਤ ਕੌਰ ਮਾਪਿਆਂ ਦੇ ਹਵਾਲੇ ਕਰਨ ਲਈ ਰਾਹ ਪੱਧਰਾ ਹੋ ਗਿਆ ਲਗਦਾ ਹੈ ਕਿਉਂਕਿ ਲੜਕੀ ਦੇ ਮਾਪਿਆਂ ਅਤੇ ਉਸ ਨੂੰ ਕਥਿਤ ਤੌਰ ’ਤੇ ਅਗ਼ਵਾ ਕਰਨ ਵਾਲੇ ਲੜਕੇ ਦੇ ਮਾਪਿਆਂ ਵਿਚ ਆਪਸੀ ਸਮਝੌਤਾ ਹੋ ਗਿਆ ਹੈ। ਇਹ ਐਲਾਨ ਖ਼ੁਦ ਪਾਕਿਸਤਾਨੀ ਪੰਜਾਬ ਦੇ ਗਵਰਨਰ ਮੁਹੰਮਦ ਸਰਵਰ ਨੇ ਕੀਤਾ। ਇਸ ਮੌਕੇ ਕੁੜੀ ਦੇ ਮਾਪੇ ਅਤੇ ਮੁੰਡੇ ਦੇ ਮਾਪੇ ਵੀ ਮੌਜੂਦ ਸਨ।
Jagjit Kaur with Brother
ਲੜਕੇ ਦੇ ਪਿਤਾ ਨੇ ਕਿਹਾ ਕਿ ਉਨ੍ਹਾਂ ਨੂੰ ਕੋਈ ਇਤਰਾਜ਼ ਨਹੀਂ ਜੇਕਰ ਜਗਜੀਤ ਕੌਰ ਅਪਣੇ ਮਾਪਿਆਂ ਕੋਲ ਚਲੀ ਜਾਂਦੀ ਹੈ। ਇਸ ਵੇਲੇ ਜਗਜੀਤ ਕੌਰ ਲਾਹੌਰ ਦੇ ਵੂਮੈਨ ਸ਼ੈਲਟਰ ਹੋਮ ਵਿਚ ਹੈ। ਉਸ ਦੇ ਮਾਪੇ ਵੀ ਉਸ ਕੋਲ ਹਨ ਪਰ ਉਹ ਘਰ ਕਦੋਂ ਵਾਪਸ ਜਾਵੇਗੀ, ਇਹ ਜਾਣਕਾਰੀ ਅਜੇ ਨਹੀਂ ਕਿਉਂਕਿ ਉਸ ਦਾ ਨਿਕਾਹ ਹੋਣ ਕਾਰਨ ਅਤੇ ਕੇਸ ਹਾਈ ਕੋਰਟ ਵਿਚ ਹੋਣ ਕਾਰਨ ਕਾਗ਼ਜ਼ੀ ਕਾਰਵਾਈਆਂ ਦੀ ਜ਼ਰੂਰਤ ਹੋਵੇਗੀ।