
ਹੁਣ 700 ਰੁਪਏ 'ਚ ਹੋਣਗੇ ਕੋਰੋਨਾ ਟੈਸਟ : ਸਿਹਤ ਮੰਤਰੀ
ਚੰਡੀਗੜ੍ਹ, 3 ਸਤੰਬਰ (ਸਪੋਕਸਮੈਨ ਸਮਾਚਾਰ ਸੇਵਾ) : ਪੰਜਾਬ ਸਰਕਾਰ ਵਲੋਂ ਕੋਵਿਡ-19 ਦੇ ਟੈਸਟਾਂ ਲਈ ਆਮ ਲੋਕਾਂ ਦੀ ਭਲਾਈ ਨੂੰ ਮੁੱਖ ਰੱਖਦੇ ਹੋਏ ਰੇਟ ਹੋਰ ਘਟਾ ਦਿਤੇ ਗਏ ਹਨ। ਹੁਣ ਪ੍ਰਾਈਵੇਟ ਲੈਬ ਵੀ ਸਰਕਾਰ ਦੁਆਰਾ ਨਿਰਧਾਰਿਤ ਰੇਟਾਂ ਤੋਂ ਜ਼ਿਆਦਾ ਰੇਟ ਨਹੀਂ ਲੈ ਸਕਦੇ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਿਹਤ ਤੇ ਪਰਵਾਰ ਭਲਾਈ ਮੰਤਰੀ ਪੰਜਾਬ ਬਲਬੀਰ ਸਿੰਘ ਸਿੱਧੂ ਨੇ ਦਸਿਆ ਕਿ ਵਾਜਿਬ ਰੇਟਾਂ ਤੇ ਟੈਸਟ ਦੀ ਸੁਵਿਧਾ ਉਪਲਬੱਧ ਕਰਵਾਉਣ ਲਈ ਸਰਕਾਰ ਵਲੋਂ ਪ੍ਰਾਈਵੇਟ ਲੈਬ ਲਈ ਕੋਵਿਡ-19 ਦੇ ਟੈਸਟਾਂ ਦੇ ਰੇਟ ਤੈਅ ਕਰ ਦਿਤੇ ਹਨ। ਹੁਣ ਪ੍ਰਾਈਵੇਟ ਲੈਬ ਵਲੋਂ ਕੋਵਿਡ-19 ਦੇ ਇਕ ਆਰਟੀ-ਪੀਸੀਆਰ ਟੈਸਟ ਲਈ ਵੱਧ ਤੋਂ ਵੱਧ 2400 ਰੁਪਏ ਅਤੇ ਰੈਪਿਡ ਐਂਟੀਜਨ ਟੈਸਟਿੰਗ (ਆਰਏਟੀ) ਲਈ 1000/- ਰੁਪਏ ਤੋਂ ਘਟਾ ਕੇ ਹੁਣ 700/- ਰੁਪਏ ਕਰ ਦਿਤੇ ਗਏ ਹਨ, ਜਿਸ ਵਿਚ ਜੀਐਸਟੀ ਤੇ ਹੋਰ ਸਾਰੇ ਟੈਕਸ ਸ਼ਾਮਲ ਹੋਣਗੇ। ਜਦੋਂ ਕਿ ਘਰਾਂ ਤੋਂ ਸੈਂਪਲ ਇਕੱਠੇ ਕਰਨ ਦੀ ਵਾਧੂ ਸੁਵਿਧਾ ਲਈ ਰੇਟ ਪ੍ਰਾਈਵੇਟ ਲੈਬ ਵਲੋਂ ਅਪਣੇ ਪੱਧਰ 'ਤੇ ਤੈਅ ਕੀਤੇ ਜਾਣਗੇ।