
ਅਕਾਲੀ ਦਲ ਦੇ ਪੁਰਾਣੇ ਤੇ ਤਜਰਬੇਕਾਰ ਆਗੂ ਸੁਖਦੇਵ ਸਿੰਘ ਢੀਂਡਸਾ ਦੇ ਪਾਰਟੀ ਅਹੁਦਿਆਂ ਤੋਂ ਅਸਤੀਫ਼ੇ ਨੇ ਅਕਾਲੀ ਦਲ ਲਈ ਅੰਦਰੂਨੀ ਸੰਕਟ ਖੜਾ ਕਰ ਦਿਤਾ ਹੈ.........
ਬਠਿੰਡਾ (ਦਿਹਾਤੀ) : ਅਕਾਲੀ ਦਲ ਦੇ ਪੁਰਾਣੇ ਤੇ ਤਜਰਬੇਕਾਰ ਆਗੂ ਸੁਖਦੇਵ ਸਿੰਘ ਢੀਂਡਸਾ ਦੇ ਪਾਰਟੀ ਅਹੁਦਿਆਂ ਤੋਂ ਅਸਤੀਫ਼ੇ ਨੇ ਅਕਾਲੀ ਦਲ ਲਈ ਅੰਦਰੂਨੀ ਸੰਕਟ ਖੜਾ ਕਰ ਦਿਤਾ ਹੈ। ਬਾਦਲ ਪਰਵਾਰ ਇਸ ਸੰਕਟ ਨੂੰ ਟਾਲਣ ਲਈ ਪੂਰੀ ਜੱਦੋਜਹਿਦ ਕਰ ਰਿਹਾ ਹੈ ਚਾਹੇ ਕੀਮਤ ਕੋਈ ਵੀ ਤਾਰਨੀ ਪਵੇ। ਦਰਅਸਲ, ਢੀਂਡਸਾ ਦੇ ਅਸਤੀਫ਼ਾ ਦੀ ਘਟਨਾ ਕੋਈ ਇਤਫ਼ਾਕੀਆ ਨਹੀਂ, ਇਸ ਪਿੱਛੇ ਉਨ੍ਹਾਂ ਨੂੰ ਖੂੰਜੇ ਲਾਏ ਜਾਣ ਦੀ ਲੰਮੀ ਕਹਾਣੀ ਹੈ। ਢੀਂਡਸਾ ਨੂੰ ਵੇਖਦਿਆਂ ਹੀ ਬਾਦਲ ਪਰਵਾਰ ਵਿਰੁਧ ਕਈ ਟਕਸਾਲੀ ਅਕਾਲੀਆਂ ਨੇ ਝੰਡੇ ਚੁੱਕੇ ਹਨ ਤੇ ਸ਼ਾਇਦ ਇਹ ਪਿਛਲੇ ਕੁੱਝ ਦਹਾਕਿਆਂ 'ਚ ਪਹਿਲੀ ਵਾਰ ਹੋਇਆ ਹੈ।
ਪਾਰਟੀ ਸੂਤਰਾਂ ਮੁਤਾਬਕ ਸੁਖਬੀਰ ਅਤੇ ਢੀਂਡਸਾ ਵਿਚਾਲੇ 36 ਦਾ ਅੰਕੜਾ ਕਾਫ਼ੀ ਪੁਰਾਣਾ ਹੈ। ਪਾਰਟੀ ਪ੍ਰਧਾਨ ਮੁੱਖ ਮੰਤਰੀ ਦੀ ਖੁੰਝੀ ਪਾਰੀ ਲਈ ਢੀਂਡਸਾ ਨੂੰ ਜ਼ਿੰਮੇਵਾਰ ਮੰਨ ਰਹੇ ਸਨ ਜਦਕਿ ਢੀਂਡਸਾ ਖ਼ੁਦ ਨੂੰ ਨਜ਼ਰਅੰਦਾਜ਼ ਕੀਤੇ ਜਾਣ ਤੋਂ ਡਾਢੇ ਪ੍ਰੇਸ਼ਾਨ ਸਨ। ਲੋਕ ਸਭਾ ਚੋਣ 'ਚ ਅਪਣੀ ਹਾਰ ਲਈ ਵੀ ਉਹ ਅੰਦਰਖ਼ਾਤੇ ਬਾਦਲ ਪਰਵਾਰ ਨੂੰ ਜ਼ਿੰਮੇਵਾਰ ਠਹਿਰਾਉਦੇ ਸਨ। ਸੂਤਰ ਦਸਦੇ ਹਨ ਕਿ ਪਿਛਲੇ ਦੋ ਦਹਾਕਿਆਂ ਦੌਰਾਨ ਲੋਕ ਸਭਾ ਹਲਕਾ ਸੰਗਰੂਰ ਅੰਦਰ ਅਪਣੀ ਸਰਦਾਰੀ ਕਾਇਮ ਰੱਖਣ ਵਾਲੇ ਢੀਂਡਸਾ ਪਰਵਾਰ ਨੂੰ ਸਿਆਸੀ ਤੌਰ 'ਤੇ ਖੂੰਜੇ ਲਗਾਉਣ ਵਿਚ ਬਾਦਲ ਪਰਵਾਰ ਪਿਛਲੇ ਤਿੰਨ ਵਰ੍ਹਿਆਂ ਤੋਂ ਕੋਈ ਕਸਰ ਨਹੀਂ ਛੱਡ ਰਿਹਾ ਸੀ।
ਲੰਘੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾ ਜ਼ਿਲ੍ਹਾ ਬਰਨਾਲਾ ਅੰਦਰ ਇਕ ਉਦਯੋਗਪਤੀ ਨੂੰ ਸਿਆਸਤ ਵਿਚ ਲਿਆਉਣ ਲਈ ਸੁਖਬੀਰ ਨੇ ਅੱਡੀ ਚੋਟੀ ਦਾ ਜ਼ੋਰ ਲਾਇਆ ਤੇ ਉਕਤ ਆਗੂ ਐਨ ਆਖ਼ਰੀ ਵਕਤ ਇਨ੍ਹਾਂ ਦੇ ਕਲਾਵੇ ਵਿਚੋਂ ਭੱਜ ਨਿਕਲਿਆ ਪਰ ਢੀਂਡਸਾ ਨੇ ਲੰਮੀ ਸਿਆਸੀ ਸਿਰਦਰਦੀ ਭੋਗੀ। ਇਸ ਤੋਂ ਇਲਾਵਾ ਢੀਂਡਸਾ ਦੇ ਕੱਟੜ ਸਿਆਸੀ ਵਿਰੋਧੀ ਸਮਝੇ ਜਾਣ ਵਾਲੇ ਬਰਨਾਲਾ ਪਰਵਾਰ ਨੂੰ ਢੀਂਡਸਾ ਦੀ ਸਲਾਹ ਬਿਨਾਂ ਹੀ ਪਾਰਟੀ ਅੰਦਰ ਰਲਾ ਲਿਆ ਗਿਆ।
ਢੀਂਡਸਾ ਲਈ ਪ੍ਰੇਸ਼ਾਨੀ ਵਾਲੇ ਇਕ ਹੋਰ ਫ਼ੈਸਲੇ ਵਿਚ ਐਸ.ਜੀ.ਪੀ.ਸੀ ਦੇ ਨਵੇਂ ਪ੍ਰਧਾਨ ਦੀ ਚੋਣ ਵੀ ਲੋਕ ਸਭਾ ਹਲਕਾ ਸੰਗਰੂਰ ਅੰਦਰੋਂ ਕਰ ਦਿਤੀ ਗਈ ਤੇ ਢੀਂਡਸਾ ਪਰਵਾਰ ਦੀ ਸਲਾਹ ਵੀ ਨਹੀਂ ਲਈ ਗਈ। ਹੁਣ ਸ. ਢੀਂਡਸਾ ਨਾਲ ਰਾਬਤਾ ਕਾਇਮ ਕਰਨ ਲਈ ਤਰਲੋਮੱਛੀ ਹੋ ਰਹੇ ਪਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਕਿਸੇ ਵੀ ਕੀਮਤ 'ਤੇ ਮੌਜੂਦਾ ਸੰਕਟ ਨੂੰ ਟਾਲਣਾ ਚਾਹੁੰਦੇ ਹਨ। ਹੋ ਸਕਦਾ ਹੈ ਕਿ ਇਸ ਸੰਕਟ ਨੂੰ ਹੱਲ ਕਰਨ ਦੇ ਯਤਨਾਂ ਵਿਚ ਸ਼੍ਰੋਮਣੀ ਕਮੇਟੀ ਪ੍ਰਧਾਨ ਲੌਂਗੋਵਾਲ ਦੇ ਅਹੁਦੇ ਦੀ ਬਲੀ ਦੇ ਦਿਤੀ ਜਾਵੇ।