
ਸ਼੍ਰੋਮਣੀ ਅਕਾਲੀ ਦਲ ਅੱਜਕਲ ਰੁੱਸਿਆਂ ਨੂੰ ਮਨਾਉਣ ਦੀ ਮੁਹਿੰਮ 'ਤੇ ਚੜ੍ਹਿਆ ਹੋਇਆ ਹੈ..........
ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਅੱਜਕਲ ਰੁੱਸਿਆਂ ਨੂੰ ਮਨਾਉਣ ਦੀ ਮੁਹਿੰਮ 'ਤੇ ਚੜ੍ਹਿਆ ਹੋਇਆ ਹੈ। ਰਾਜ ਸਭਾ ਦੇ ਮੈਂਬਰ ਅਤੇ ਦਲ ਦੇ ਸਕੱਤਰ ਜਨਰਲ ਸੁਖਦੇਵ ਸਿੰਘ ਢੀਂਡਸਾ ਨਾਲ ਸੁਲਹ ਕਰਨ ਲਈ ਦੋ ਏਲਚੀਆਂ ਦੀ ਡਿਊਟੀ ਲਾਏ ਜਾਣ ਤੋਂ ਅੱਗੇ ਵਧਦਿਆਂ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸੀਨੀਅਰ ਨੇਤਾ ਬਿਕਰਮ ਸਿੰਘ ਮਜੀਠੀਆ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ ਦੇ ਲੁਧਿਆਣਾ ਸਥਿਤ ਘਰ ਪੁੱਜੇ ਹੋਏ ਸਨ। ਉੱਚ ਭਰੋਸੇਯੋਗ ਸੂਤਰਾਂ ਅਨੁਸਾਰ ਮੱਕੜ ਨੇ ਦਲ ਦੇ ਪ੍ਰਧਾਨ ਮੂਹਰੇ ਦੋ ਸ਼ਰਤਾਂ ਰਖੀਆਂ ਹਨ।
ਇਨ੍ਹਾਂ ਵਿਚ ਇਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਹੁਰਮਤੀ ਲਈ ਸੰਗਤ ਤੋਂ ਮਾਫ਼ੀ ਮੰਗਣਾ ਅਤੇ ਦੂਜਾ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਤੁਰਤ ਬਦਲਣਾ ਹੈ। ਸੂਤਰ ਦਸਦੇ ਹਨ ਕਿ ਸੁਖਬੀਰ ਨੇ ਦੋਹਾਂ ਸ਼ਰਤਾਂ ਨਾਲ ਰਜ਼ਾਮੰਦੀ ਪ੍ਰਗਟਾਈ ਹੈ। ਇਹ ਵੀ ਪਤਾ ਲੱਗਾ ਹੈ ਕਿ ਮੱਕੜ ਨੇ ਸੁਖਬੀਰ ਨੂੰ ਸਲਾਹ ਦਿਤੀ ਹੈ ਕਿ ਸ੍ਰੀ ਦਰਬਾਰ ਸਾਹਿਬ ਜਾ ਕੇ ਦੇਗ ਕਰਵਾਈ ਜਾਵੇ ਅਤੇ ਨਾਲ ਹੀ ਸੰਗਤ ਤੋਂ ਮਾਫ਼ੀ ਦੀ ਅਰਦਾਸ ਕਰਵਾ ਲਈ ਜਾਵੇ।
ਜਥੇਦਾਰ ਨੂੰ ਬਦਲਣ ਬਾਰੇ ਸੁਖਬੀਰ ਵਲੋਂ ਢੁਕਵਾਂ ਬਦਲ ਨਾ ਮਿਲਣ ਬਾਰੇ ਪ੍ਰਗਟ ਕੀਤੇ ਸ਼ੰਕੇ ਦੇ ਜਵਾਬ ਵਿਚ ਮੱਕੜ ਨੇ ਸਲਾਹ ਦਿਤੀ ਕਿ ਮੌਜੂਦਾ ਜਥੇਦਾਰ ਨੂੰ ਹਟਾ ਦਿਤਾ ਜਾਵੇ ਤਾਂ ਬਦਲ 'ਚ ਕਈ ਜਣੇ ਅਹੁਦਾ ਲੈਣ ਲਈ ਖੜੇ ਹੋ ਜਾਣਗੇ। ਦਸਿਆ ਗਿਆ ਹੈ ਕਿ ਮੱਕੜ ਨੇ ਅਕਾਲੀ ਦਲ ਦੇ ਉੱਚ ਨੇਤਾਵਾਂ ਨੂੰ ਮੁਕਾਬਲੇ ਦੀਆਂ ਰੈਲੀਆਂ ਦੀ ਖੇਡ ਬੰਦ ਕਰਨ ਦਾ ਸੁਝਾਅ ਦਿਤਾ ਹੈ। ਉਨ੍ਹਾਂ ਨੇ ਇਹ ਵੀ ਸੁਝਾਅ ਦਿਤਾ ਕਿ ਦਲ ਨੂੰ ਹੋਰ ਖੋਰਾ ਲੱਗਣ ਦੀ ਥਾਂ ਵਰਕਰਾਂ ਦੀ ਮੀਟਿੰਗ ਕਰ ਕੇ ਨਾਲ ਜੋੜਿਆ ਜਾਵੇ।
ਉਂਜ ਇਸ ਤੋਂ ਪਹਿਲਾਂ ਉਹ ਲੁਧਿਆਣਾ ਦੇ ਇਕ ਗੁਰਦਵਾਰਾ ਸਾਹਿਬ ਵਿਚ ਪਟਿਆਲਾ ਰੈਲੀ ਲਈ ਦਲ ਦੇ ਦੂਜੇ ਨੇਤਾਵਾਂ ਨਾਲ ਵਰਕਰਾਂ ਨੂੰ ਸੰਬੋਧਨ ਕਰ ਕੇ ਆਏ ਸਨ। ਸੂਤਰ ਦਸਦੇ ਹਨ ਕਿ ਮੀਟਿੰਗ ਵਿਚ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਲੋਂਗੋਵਾਲ ਦੀ ਕਾਰਗੁਜ਼ਾਰੀ 'ਤੇ ਵੀ ਚਰਚਾ ਹੋਈ ਅਤੇ ਉਨ੍ਹਾਂ ਨੂੰ ਬਦਲਣ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ।
ਮੱਕੜ ਦੀ ਮੀਟਿੰਗ ਸੁਖਬੀਰ ਸਿੰਘ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਨਾਲ ਬੰਦ ਕਮਰੇ 'ਚ ਹੋਈ ਜਦਕਿ ਉਨ੍ਹਾਂ ਦੇ ਘਰ ਕਈ ਹੋਰ ਨੇਤਾ, ਜਿਨ੍ਹਾਂ 'ਚ ਸਾਬਕਾ ਕੈਬਨਿਟ ਮੰਤਰੀ ਡਾ. ਦਲਜੀਤ ਸਿੰਘ ਚੀਮਾ, ਸ਼ਰਨਜੀਤ ਸਿੰਘ ਢਿੱਲੋਂ ਅਤੇ ਮਹੇਸ਼ਇੰਦਰ ਸਿੰਘ ਗਰੇਵਾਲ ਹਨ, ਵੀ ਪੁੱਜੇ ਹੋਏ ਸਨ। ਸ. ਮੱਕੜ ਨੇ ਸਪੋਕਸਮੈਨ ਨਾਲ ਫ਼ੋਨ 'ਤੇ ਗੱਲ ਕਰਦਿਆਂ ਕਿਹਾ
ਕਿ ਉਹ ਪੰਥਕ ਸਨ, ਪੰਥਕ ਹਨ ਅਤੇ ਪੰਥਕ ਹੀ ਰਹਿਣਗੇ। ਪਰ ਪਾਰਟੀਆਂ ਵਿਚ ਨਿੱਕੀਆਂ-ਮੋਟੀਆਂ ਨਾਰਾਜ਼ਗੀਆਂ ਚਲਦੀਆਂ ਰਹਿੰਦੀਆਂ ਹਨ। ਚੇਤੇ ਕਰਵਾਇਆ ਜਾਂਦਾ ਹੈ ਕਿ ਮੱਕੜ ਨੇ ਅਕਾਲ ਤਖ਼ਤ ਵਲੋਂ ਸੌਦਾ ਸਾਧ ਨੂੰ ਮਾਫ਼ੀ ਬਾਰੇ ਅਸਲੀਅਤ ਤੋਂ ਪਰਦਾ ਚੁੱਕਣ ਦਾ ਇਕ ਬਿਆਨ ਦੇ ਕੇ ਬਾਦਲਾਂ ਦੀ ਨਾਰਾਜ਼ਗੀ ਖੱਟ ਲਈ ਸੀ ਅਤੇ ਆਪ ਵੀ ਅਕਾਲੀ ਦਲ ਤੋਂ ਦੂਰ ਹੋ ਗਏ ਸਨ।
ਬਿਕਰਮ ਸਿੰਘ ਮਜੀਠੀਆ ਨੇ ਮੀਟਿੰਗ ਦੌਰਾਨ ਜਥੇਦਾਰ ਅਵਤਾਰ ਸਿੰਘ ਮੱਕੜ ਨੂੰ ਮਜ਼ਾਕੀਆ ਲਹਿਜੇ 'ਚ ਕਿਹਾ, ''ਫਿਰ ਜਥੇਦਾਰ ਜੀ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹੁੰਦਿਆਂ ਤੁਹਾਨੂੰ ਪੂਰੀ ਮੌਜ ਕਰਵਾਈ ਸੀ ਨਾ ਅਤੇ ਹੁਣ ...।'' ਜਥੇਦਾਰ ਮੱਕੜ ਨੇ ਮਜੀਠੀਆ ਨੂੰ ਉਸੇ ਲਹਿਜੇ 'ਚ ਜਵਾਬ ਦਿੰਦਿਆਂ ਕਹਿ ਦਿਤਾ, ''ਵੇਖ ਲਿਆ ਨਾ ਮੇਰੇ ਜ਼ਮਾਨੇ ਤੇ ਹੁਣ ਦਾ ਫ਼ਰਕ। ਮੇਰੇ ਪ੍ਰਧਾਨ ਹੁੰਦਿਆਂ ਤੁਹਾਡੇ ਕੰਮ ਟਣਾਟਣ ਹੁੰਦੇ ਸਨ ਅਤੇ ਹੁਣ...।''