
ਮੱਕੜ ਸਾਹਿਬ ਸਮਾਂ ਬੀਤ ਜਾਣ ਬਾਅਦ ਜੇ ਹੁਣ ਸੱਚ ਦੀ ਪੂਣੀ ਕੱਤਣ ਹੀ ਲੱਗੇ ਹੋ ਤਾਂ ਕ੍ਰਿਪਾ ਕਰ ਕੇ ਕੌਮ ਦੀ ਵਿਲੱਖਣਤਾ ਦੇ ਪ੍ਰਤੀਕ ਮੂਲ ਨਾਨਕਸ਼ਾਹੀ ਕੈਲੰਡਰ ਦੇ ਕਤਲ.......
ਕੋਟਕਪੂਰਾ : ਮੱਕੜ ਸਾਹਿਬ ਸਮਾਂ ਬੀਤ ਜਾਣ ਬਾਅਦ ਜੇ ਹੁਣ ਸੱਚ ਦੀ ਪੂਣੀ ਕੱਤਣ ਹੀ ਲੱਗੇ ਹੋ ਤਾਂ ਕ੍ਰਿਪਾ ਕਰ ਕੇ ਕੌਮ ਦੀ ਵਿਲੱਖਣਤਾ ਦੇ ਪ੍ਰਤੀਕ ਮੂਲ ਨਾਨਕਸ਼ਾਹੀ ਕੈਲੰਡਰ ਦੇ ਕਤਲ ਦੀ ਕਹਾਣੀ ਦਾ ਸੱਚ ਵੀ ਪੰਥ ਅੱਗੇ ਰੱਖ ਦਿਉ। ਅਜਿਹੇ ਸ਼ਬਦਾਂ ਰਾਹੀਂ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਅਵਤਾਰ ਸਿੰਘ ਮੱਕੜ ਨੂੰ ਸਲਾਹ ਦਿੰਦਿਆਂ ਕੁੱਝ ਅਮਰੀਕਨ ਪ੍ਰਵਾਸੀ ਸਿੱਖਾਂ ਨੇ ਨਾਨਕਸ਼ਾਹੀ ਕੈਲੰਡਰ ਲਈ ਆਵਾਜ਼ ਉਠਾਈ ਹੈ। ਬੀਤੇ ਦਿਨੀਂ ਮੱਕੜ ਵਲੋਂ ਬਰਗਾੜੀ ਕਾਂਡ ਬਾਰੇ ਜੋ ਬਿਆਨ ਦਿਤਾ ਗਿਆ ਸੀ, ਉਸ ਉਪਰ ਟਿਪਣੀ ਕਰਦਿਆਂ ਪ੍ਰਵਾਸੀ ਸਿੱਖ ਵਿਦਵਾਨਾਂ ਨੇ ਹੋਰ ਅੰਦਰਲੇ ਸੱਚ ਪ੍ਰਗਟ ਕਰਨ ਦੀ ਅਪੀਲ ਕੀਤੀ ਹੈ।
ਭੂਗੋਲ ਤੇ ਖਗੋਲ ਵਿਦਿਆ ਦੇ ਮਾਹਰ ਭਾਈ ਸਰਬਜੀਤ ਸਿੰਘ ਸੈਕਰਾਮੈਂਟੋ, ਤਰਲੋਚਨ ਸਿੰਘ ਦੁਪਾਲਪੁਰ ਸਾਬਕਾ ਮੈਂਬਰ ਸ਼੍ਰੋਮਣੀ ਅਤੇ ਉਨ੍ਹਾਂ ਦੇ ਸਾਥੀਆਂ ਨੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰੀਪੋਰਟ ਆਉਣ ਤੋਂ ਬਾਅਦ ਦੇ ਹਾਲਾਤ ਨੂੰ ਬਾਦਲਸ਼ਾਹੀ ਦਾ ਸੂਰਜ ਅਸਤ ਹੋਣਾ ਕਹਿੰਦਿਆਂ ਇਹ ਤਵੱਕੋਂ ਜ਼ਾਹਰ ਕੀਤੀ ਗਈ ਹੈ ਕਿ ਹੁਣ ਸ. ਮੱਕੜ ਮੂਲ ਨਾਨਕਸ਼ਾਹੀ ਕੈਲੰਡਰ ਬਾਰੇ ਗੁੱਝੇ ਭੇਦ ਜ਼ਰੂਰ ਸੰਗਤਾਂ ਮੂਹਰੇ ਰੱਖਣਗੇ ਕਿ ਭਾਈ ਪਾਲ ਸਿੰਘ ਪੁਰੇਵਾਲ ਦੀ ਵਰ੍ਹਿਆਂ ਦੀ ਮਿਹਨਤ ਨੂੰ ਕੀਹਦੇ ਆਖੇ 'ਧੁਮੱਕੜ ਕੈਲੰਡਰ' ਬਣਾਇਆ ਗਿਆ ਸੀ।
ਮੀਡੀਆ ਨਾਲ ਗੱਲਬਾਤ ਕਰਦਿਆਂ ਉਕਤ ਸਿੱਖ ਚਿੰਤਕਾਂ ਨੇ ਇਸ ਗੱਲੋਂ ਦੁੱਖ ਜ਼ਾਹਰ ਕੀਤਾ ਕਿ 'ਸੱਚ ਸੁਣਾਇਸੀ ਸੱਚ ਕੀ ਬੇਲਾ' ਦੇ ਪੈਰੋਕਾਰ ਸਿਆਸੀ ਮਜਬੂਰੀਆਂ ਕਾਰਨ ਜੁਗੜੇ ਬੀਤ ਜਾਣ ਬਾਅਦ ਸੱਚ ਤੋਂ ਪਰਦੇ ਉਠਾਉਂਦੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਭਾਵੇਂ ਸਿੱਖ ਜਗਤ ਨੂੰ ਉਹ ਖ਼ਬਰਾਂ ਭੁੱਲੀਆਂ ਨਹੀਂ ਕਿ ਜਦੋਂ ਸ਼੍ਰੋਮਣੀ ਕਮੇਟੀ ਦੀ ਐਗਜੈਕਟਿਵ ਕਮੇਟੀ ਨੂੰ ਕਾਹਲੀ ਨਾਲ ਬੁਲਾ ਕੇ ਨਾਨਕਸ਼ਾਹੀ ਕੈਲੰਡਰ ਦਾ ਭੋਗ ਪਾਇਆ ਗਿਆ ਸੀ
ਤਾਂ ਮੱਕੜ ਨੇ ਇਨਕਾਰ ਕਰ ਰਹੇ ਜਥੇਦਾਰ ਸੁਖਦੇਵ ਸਿੰਘ ਭੌਰ ਨੂੰ ਕਿਹਾ ਸੀ ਕਿ ਦੇਖ ਲਉ 'ਪ੍ਰਧਾਨ ਸਾਹਿਬ' ਦਾ ਹੁਕਮ ਆਇਆ ਐ, ਫਿਰ ਵੀ ਹੁਣ ਮੱਕੜ ਨੂੰ ਅਪਣੇ ਕਾਰਜਕਾਲ ਦੌਰਾਨ 'ਪ੍ਰਧਾਨ ਸਾਹਿਬ' ਦੇ ਸਾਰੇ ਹੁਕਮਾਂ ਨੂੰ ਬੇਪਰਦ ਕਰ ਦੇਣਾ ਚਾਹੀਦਾ ਹੈ। ਹੁਣ ਉਹ ਵੇਲਾ ਆ ਗਿਆ ਹੈ ਕਿ ਸਿੱਖ ਸਿਆਸਤ ਵਿਚੋਂ ਬਾਦਲ ਗਰਦੀ ਦਾ ਖ਼ਾਤਮਾ ਕਰ ਕੇ ਕੋਈ ਨਵੀਂ ਸਾਂਝੀ ਲੀਡਰਸ਼ਿਪ ਅੱਗੇ ਲਿਆਂਦੀ ਜਾਵੇ।