
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੌਮੀ ਰਾਜਧਾਨੀ ਵਿਚ ਪ੍ਰਦੂਸ਼ਣ ਦਾ ਪੱਧਰ ਵਧਣ ਲਈ ਦਿੱਲੀ ਦੇ ਮੁੱਖ ਮੰਤਰੀ...
ਚੰਡੀਗੜ੍ਹ (ਸਸਸ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੌਮੀ ਰਾਜਧਾਨੀ ਵਿਚ ਪ੍ਰਦੂਸ਼ਣ ਦਾ ਪੱਧਰ ਵਧਣ ਲਈ ਦਿੱਲੀ ਦੇ ਮੁੱਖ ਮੰਤਰੀ ਵਲੋਂ ਸਿਰਫ ਪੰਜਾਬ ਨੂੰ ਜ਼ਿੰਮੇਵਾਰ ਠਹਿਰਾਉਣ ਦੇ ਬੇਹੂਦਾ ਦਾਅਵੇ ਦੀ ਖਿੱਲੀ ਉਡਾਈ ਹੈ। ਮੁੱਖ ਮੰਤਰੀ ਨੇ ਆਪ ਲੀਡਰ ਨੂੰ ਸਿਆਸੀ ਨੌਟੰਕੀਆਂ ਛੱਡਣ ਅਤੇ ਊਟ-ਪਟਾਂਗ ਮਾਰਨ ਤੋਂ ਪਹਿਲਾਂ ਅੰਕੜਿਆਂ ਨੂੰ ਖੰਘਾਲਣ ਲਈ ਆਖਿਆ।
ਅੱਜ ਇਥੋਂ ਜਾਰੀ ਇਕ ਬਿਆਨ ਵਿਚ ਕੈਪਟਨ ਅਮਰਿੰਦਰ ਸਿੰਘ ਨੇ ਕੇਜਰੀਵਾਲ ਦੇ ਬੇਤੁੱਕੇ ਬਿਆਨ ਨੂੰ ਰੱਦ ਕਰਦਿਆਂ ਅੰਕੜਿਆਂ ਦਾ ਹਵਾਲਾ ਦਿਤਾ ਕਿਉਂ ਜੋ ਦਿੱਲੀ ਦੇ ਮੁੱਖ ਮੰਤਰੀ ਨੇ ਅਪਣੀ ਸਰਕਾਰ ਦੀਆਂ ਹਰ ਮੁਹਾਜ਼ 'ਤੇ ਨਾਕਾਮੀਆਂ ਤੋਂ ਲੋਕਾਂ ਦਾ ਧਿਆਨ ਹਟਾਉਣ ਲਈ ਇਕ ਹੋਰ ਚਾਲ ਚੱਲੀ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਦਿੱਲੀ ਦੇ ਲੋਕਾਂ ਨੂੰ ਚੰਗਾ ਸ਼ਾਸਨ ਮੁਹੱਈਆ ਕਰਵਾਉਣ ਵਿਚ ਅਸਫ਼ਲ ਰਹਿਣ ਤੋਂ ਬਾਅਦ ਕੇਜਰੀਵਾਲ ਨੇ ਅਪਣੀ ਪੁਰਾਣੀ ਆਦਤ ਅਨੁਸਾਰ ਝੂਠ ਤੇ ਧੋਖੇ ਦੀ ਸ਼ਰਨ ਲੈਣ ਦੀ ਕੋਸ਼ਿਸ਼ ਕੀਤੀ ਹੈ।
ਪੰਜਾਬ ਵਿਚ ਪਰਾਲੀ ਸਾੜਣ ਦੀਆਂ ਸੈਟੇਲਾਈਟ ਤਸਵੀਰਾਂ ਰਾਹੀਂ ਦਿੱਲੀ ਵਿਚ ਗੰਭੀਰ ਪ੍ਰਦੂਸ਼ਣ ਦਾ ਮੁੱਖ ਕਾਰਨ ਬਣਨ ਬਾਰੇ ਹਾਸੋਹੀਣਾ ਤਰਕ ਦੇਣ ਲਈ ਕੇਜਰੀਵਾਲ 'ਤੇ ਚੁਟਕੀ ਲੈਂਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਸ ਨਾਲੋਂ ਤਾਂ ਸਕੂਲ ਪੜ੍ਹਦੇ ਬੱਚੇ ਨੂੰ ਵੱਧ ਪਤਾ ਹੋਵੇਗਾ। ਦਿੱਲੀ ਵਿਚ ਅਪਣੇ ਹਮਰੁਤਬਾ ਦੇ ਕਾਰਨਾਂ ਨੂੰ ਪੂਰੀ ਤਰ੍ਹਾਂ ਅਣਉਚਿਤ ਦੱਸਦਿਆਂ ਪੰਜਾਬ ਦੇ ਮੁੱਖ ਮੰਤਰੀ ਨੇ ਪੱਛਿਆ,''ਕੀ ਉਹ (ਕੇਜਰੀਵਾਲ) ਸੱਚਮੁੱਚ ਆਈ.ਆਈ.ਟੀ. ਗ੍ਰੇਜੂਏਟ ਹੈ?''
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਅਜਿਹਾ ਜਾਪਦਾ ਹੈ ਕਿ ਕੇਜਰੀਵਾਲ ਨੇ ਅਪਣੇ ਦਾਅਵੇ ਵਿਚ ਤਸਵੀਰ ਨੂੰ ਵਿਗਿਆਨਕ ਸਬੂਤ ਦੇਣ ਦੀ ਗੁਸਤਾਖੀ ਕੀਤੀ ਹੈ। ਉਨ੍ਹਾਂ ਕਿਹਾ ਕਿ ਜੇਕਰ ਦਿੱਲੀ ਦੇ ਮੁੱਖ ਮੰਤਰੀ ਨੇ ਤੱਥਾਂ ਦੀ ਜਾਂਚ ਕੀਤੀ ਹੁੰਦੀ ਤਾਂ ਉਹ ਅਜਿਹੀ ਬਿਆਨਬਾਜ਼ੀ ਦੇਣ ਤੋਂ ਪਹਿਲਾਂ ਸੈਂਕੜੇ ਵਾਰ ਸੋਚਦਾ।
ਕੈਪਟਨ ਅਮਰਿੰਦਰ ਸਿੰਘ ਨੇ ਅੰਕੜਿਆਂ ਦਾ ਹਵਾਲਾ ਦਿੰਦਿਆਂ ਕੇਜਰੀਵਾਲ ਦੇ ਤਰਕਹੀਣ ਅਤੇ ਹਾਸੋਹੀਣੇ ਦਾਅਵੇ ਨੂੰ ਰੱਦ ਕਰ ਦਿਤਾ।
ਉਨ੍ਹਾਂ ਨੇ ਚਿਤਾਵਨੀ ਦਿਤੀ ਕਿ ਪੰਜਾਬ ਦੇ ਲੋਕ ਆਪ ਲੀਡਰ ਵਲੋਂ ਅਪਣੇ ਸੂਬੇ ਦੀਆਂ ਨਾਕਾਮੀਆਂ ਉਨ੍ਹਾਂ ਸਿਰ ਮੜ੍ਹਨ ਦੀਆਂ ਕੋਸ਼ਿਸ਼ਾਂ ਨੂੰ ਸਹਿਜੇ ਨਹੀਂ ਲੈਣਗੇ। ਮੁੱਖ ਮੰਤਰੀ ਨੇ ਕਿਹਾ ਕਿ ਉਹ ਲੋਕ ਸਭਾ ਚੋਣਾਂ ਵਿਚ ਦੇਖਣਗੇ ਕਿ ਪੰਜਾਬ ਕੇਜਰੀਵਾਲ ਤੇ ਆਪ ਬਾਰੇ ਕੀ ਸੋਚਦਾ ਹੈ। ਉਨ੍ਹਾਂ ਕਿਹਾ ਕਿ ਕੇਜਰੀਵਾਲ ਪਿਛਲੀਆਂ ਵਿਧਾਨ ਸਭਾ ਚੋਣਾਂ ਤੋਂ ਵੀ ਭੈੜਾ ਹਸ਼ਰ ਵੇਖਣ ਲਈ ਤਿਆਰ ਰਹੇ।
ਅੰਕੜਿਆਂ ਦਾ ਹਵਾਲਾ ਦਿੰਦਿਆਂ ਪੰਜਾਬ ਦੇ ਮੁੱਖ ਮੰਤਰੀ ਨੇ ਦੱਸਿਆ ਕਿ ਦਿੱਲੀ ਵਿਚ ਹਵਾ ਦੀ ਗੁਣਵੱਤਾ ਦਾ ਮਾਪਦੰਡ (ਏ.ਕਿਊ.ਆਈ.) ਹਰੇਕ ਸਾਲ ਦਸੰਬਰ ਤੇ ਜਨਵਰੀ ਦੌਰਾਨ 300 ਤੋਂ ਜ਼ਿਆਦਾ ਰਹਿੰਦਾ ਹੈ ਜਦੋਂਕਿ ਗੁਆਂਢੀ ਸੂਬਿਆਂ ਵਿਚ ਪਰਾਲੀ ਵੀ ਨਹੀਂ ਸਾੜੀ ਜਾਂਦੀ। ਉਨ੍ਹਾਂ ਕਿਹਾ ਕਿ ਇਸ ਤੋਂ ਸਪੱਸ਼ਟ ਹੁੰਦਾ ਹੈ ਕਿ ਦਿੱਲੀ ਵਿਚ ਅਪਣੇ ਸਾਧਨਾਂ ਕਰਕੇ ਕੌਮੀ ਰਾਜਧਾਨੀ 'ਤੇ ਇਸ ਦਾ ਪ੍ਰਭਾਵ ਹੁੰਦਾ ਹੈ ਜਿਸ ਲਈ ਵਾਹਨਾਂ, ਨਿਰਮਾਣ ਗਤੀਵਿਧੀਆਂ, ਸਨਅਤੀ ਗਤੀਵਿਧੀਆਂ, ਬਿਜਲੀ ਪਲਾਂਟਾਂ, ਮਿਊਂਸਪਲ ਦਾ ਰਹਿੰਦ-ਖੂੰਹਦ ਸਾੜਣ ਅਤੇ ਸਫਾਈ ਦੇ ਕੰਮ ਕਾਰਨ ਬਣਦੇ ਹਨ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਭਾਰਤ ਦੇ ਮੌਸਮ ਵਿਭਾਗ ਦੇ ਵੈਦਰ ਰਿਸਚਰਚ ਐਂਡ ਫੌਰਕਾਸਟਿੰਗ ਮਾਡਲ ਦੀ ਹਵਾ ਪ੍ਰਦੂਸ਼ਣ ਬਾਰੇ ਤਾਜ਼ਾ ਰਿਪੋਰਟ ਅਨੁਸਾਰ ਦਿੱਲੀ-ਐਨ.ਸੀ.ਆਰ. ਦੀਆਂ ਹਵਾਵਾਂ ਉੱਤਰ-ਦੱਖਣੀ ਤੋਂ ਪੂਰਬ ਵੱਲ ਬਦਲ ਚੁੱਕੀਆਂ ਹਨ ਜਿਸ ਕਰਕੇ ਪੰਜਾਬ ਤੇ ਹਰਿਆਣਾ ਵਿਚ ਪਰਾਲੀ ਸਾੜਣ ਦੀਆਂ ਘਟਨਾਵਾਂ ਦਾ ਸ਼ਾਇਦ ਹੀ ਕੋਈ ਪ੍ਰਭਾਵ ਪੈਂਦਾ ਹੋਵੇ। ਇਸੇ ਤਰ੍ਹਾਂ ਦਿੱਲੀ ਦੀ ਹਵਾ ਗੁਣਵੱਤਾ ਅਜੇ 'ਬਹੁਤ ਖਰਾਬ' ਹੈ ਜੋ 2 ਨਵੰਬਰ ਨੂੰ 208 ਮਾਈਕ੍ਰੋਗ੍ਰਾਮ ਪ੍ਰਤੀ ਕਿਊਬਿਕ ਮੀਟਰ ਦੇ ਪੀ.ਐਮ. 2.5 ਘਣਤਾ ਹੈ
ਜਿਸ ਦਾ ਮੁੱਖ ਕਾਰਨ ਸਥਾਨਕ ਵਾਹਨਾਂ ਦੀ ਆਵਾਜਾਈ ਅਤੇ ਸਨਅਤੀ ਗਤੀਵਧੀਆਂ ਹੈ। ਕੈਪਟਨ ਅਮਰਿੰਦਰ ਸਿੰਘ ਨੇ ਦੱਸਿਆ ਕਿ ਪਰਾਲੀ ਸਾੜਣ ਕਰਕੇ ਪੀ.ਐਮ.2.5 ਦੀ ਘਣਤਾ ਵਿਚ ਵਾਧਾ ਪੀ.ਐਮ.10 ਦੇ ਨਿਸਬਤ ਘੱਟ ਹੈ। ਇਸ ਕਰਕੇ ਪੀ.ਐਮ.2.5 ਦੇ ਵਾਧੇ ਵਿਚ ਪਰਾਲੀ ਸਾੜਣ ਦੀ ਦੇਣ ਘੱਟ ਹੈ ਜਦਕਿ ਦਿੱਲੀ ਵਿਚ ਹਵਾ ਗੁਣਵੱਤਾ ਵਿਚ ਸਰਦੀਆਂ ਦੇ ਮਹੀਨਿਆਂ ਦੌਰਾਨ ਪੀ.ਐਮ.2.5 ਵਿਚ ਵਾਧਾ ਹੁੰਦਾ ਹੈ। ਤਾਪਮਾਨ ਘਟਣ ਅਤੇ ਹਵਾ ਦੇ ਵੇਗ ਕਾਰਨ ਵਾਤਾਵਰਣ ਵਿਚ ਪ੍ਰਦੂਸ਼ਿਤ ਕਣ ਖਿੰਡ ਨਹੀਂ ਪਾਉਂਦੇ
ਜੋ ਉੱਤਰੀ ਭਾਰਤ ਵਿਚ ਬਹੁਤੀਆਂ ਥਾਵਾਂ 'ਤੇ ਏ.ਕਿਊ.ਆਈ. ਵਿਚ ਵਾਧੇ ਦਾ ਮੁੱਖ ਕਾਰਨ ਬਣਦਾ ਹੈ। ਨਵੀਂ ਦਿੱਲੀ ਵਿਚ ਐਨ.ਸੀ.ਆਰ. ਦੇ ਇਲਾਕੇ ਵਿਚ ਵੱਡੀ ਆਬਾਦੀ ਦੀਆਂ ਗਤੀਵਿਧੀਆਂ ਅਤੇ ਮੌਸਮ ਦੇ ਦੌਰ ਕਰਕੇ ਏ.ਕਿਊ.ਆਈ. 400 ਤੱਕ ਪਹੁੰਚ ਜਾਂਦਾ ਹੈ। ਅਕਤੂਬਰ, 2018 ਦੌਰਾਨ ਹਵਾ ਦਾ ਵੇਗ ਸਥਿਰ ਹੋ ਗਿਆ ਜੋ ਘਟ ਕੇ ਦੋ ਕਿਲੋਮੀਟਰ ਪ੍ਰਤੀ ਘੰਟਾ ਤੋਂ ਵੀ ਘੱਟ ਹੋ ਗਿਆ। ਕੈਪਟਨ ਅਮਰਿੰਦਰ ਸਿੰਘ ਨੇ ਆਖਿਆ ਜੇਕਰ ਦਿੱਲੀ ਦੀ ਆਬੋ-ਹਵਾ ਦੇ ਪ੍ਰਦੂਸ਼ਣ ਦਾ ਕਾਰਨ ਪਰਾਲੀ ਸਾੜਣਾ ਹੀ ਹੈ
ਤਾਂ ਇਸ ਨਾਲ ਸਭ ਤੋਂ ਪਹਿਲਾਂ ਪੰਜਾਬ ਦੇ ਸ਼ਹਿਰਾਂ ਦੇ ਏ.ਕਿਊ.ਆਈ. 'ਤੇ ਇਸ ਦਾ ਪ੍ਰਭਾਵ ਪੈਂਦਾ। ਹਾਲਾਂਕਿ ਅਕਤੂਬਰ, 2108 ਦੌਰਾਨ ਪੰਜਾਬ ਦਾ ਔਸਤਨ ਏ.ਕਿਊ.ਆਈ. 117 ਸੀ ਜਦਕਿ ਦਿੱਲੀ ਦਾ ਔਸਤਨ 270 ਦੁਆਲੇ ਮਿਡਲਾਉਂਦਾ ਸੀ। ਉਨ੍ਹਾਂ ਕਿਹਾ ਕਿ ਦਿੱਲੀ ਦੇ ਬਿਲਕੁਲ ਉਲਟ ਪੰਜਾਬ ਦੇ ਬਹੁਤੇ ਸ਼ਹਿਰਾਂ ਵਿਚ ਲੰਮੀ ਦੂਰੀ ਤੋਂ ਦੇਖਣ ਲਈ ਮੌਸਮ ਬਿਲਕੁਲ ਸਾਫ਼ ਹੈ। ਜਿਥੋਂ ਤੱਕ ਪਰਾਲੀ ਸਾੜਣ ਦੀਆਂ ਘਟਨਾਵਾਂ ਦੀ ਗੱਲ ਹੈ ਤਾਂ ਮੁੱਖ ਮੰਤਰੀ ਨੇ ਆਖਿਆ ਕਿ 3 ਨਵੰਬਰ ਤੱਕ ਅਜਿਹੇ 25394 ਮਾਮਲੇ ਸਾਹਮਣੇ ਆਏ ਹਨ
ਜਦਕਿ ਪਿਛਲੇ ਸਾਲ ਇਸ ਤਰੀਕ ਤੱਕ 30832 ਘਟਨਾਵਾਂ ਵਾਪਰੀਆਂ ਸਨ ਜਿਸ ਤੋਂ ਇਹ ਰੁਝਾਣ ਘਟਣ ਬਾਰੇ ਸਪੱਸ਼ਟ ਪ੍ਰਗਟਾਵਾ ਹੁੰਦਾ ਹੈ। ਝੋਨੇ ਹੇਠਲੇ ਰਕਬੇ ਵਿਚ ਪ੍ਰਤੀ ਲੱਖ ਏਕੜ 390 ਘਟਨਾਵਾਂ ਪਰਾਲੀ ਸਾੜਣ ਦੀਆਂ ਵਾਪਰੀਆਂ ਹਨ ਜੋ ਕਿ ਬਹੁਤ ਮਾਮੂਲੀ ਹਨ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਵਿਚ 12700 ਪਿੰਡ ਹਨ ਅਤੇ ਪ੍ਰਤੀ ਪਿੰਡ ਦੋ ਤੋਂ ਵੀ ਘੱਟ ਅੱਗ ਲੱਗਣ ਦੀਆਂ ਘਟਨਾਵਾਂ ਵਾਪਰੀਆਂ ਹਨ ਜਿਸ ਨਾਲ ਪੰਜਾਬ ਪਰਾਲੀ ਨਾ ਸਾੜਣ ਦੇ ਅਮਲ ਵਿਚ 98 ਫ਼ੀਸਦੀ ਕਿਸਾਨਾਂ ਨੂੰ ਪ੍ਰੇਰਿਤ ਕਰਨ ਵਿਚ ਸਫ਼ਲ ਰਿਹਾ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਆਖਿਆ ਕਿ ਇਹ ਅੰਕੜੇ ਸਪੱਸ਼ਟ ਸੰਕੇਤ ਦਿੰਦੇ ਹਨ ਕਿ ਕੇਜਰੀਵਾਲ ਦੀ ਸਰਕਾਰ ਕੌਮੀ ਰਾਜਧਾਨੀ ਵਿਚ ਪ੍ਰਦੂਸ਼ਣ ਦੀ ਸਮੱਸਿਆ ਨੂੰ ਹੱਲ ਕਰਨ 'ਚ ਬੁਰੀ ਤਰ੍ਹਾਂ ਨਾਕਾਮ ਰਹੀ ਹੈ। ਉਨ੍ਹਾਂ ਕਿਹਾ ਕਿ ਦਿੱਲੀ ਦਾ ਮੁੱਖ ਮੰਤਰੀ ਅਪਣੀ ਇਸ ਨਾਕਾਮੀ 'ਤੇ ਪਰਦਾ ਪਾਉਣ ਲਈ ਕਿਸੇ ਨਾ ਕਿਸੇ ਦੇ ਗਲ੍ਹੋਂ ਦੋਸ਼ ਮੜ੍ਹਣ ਦੀ ਭਾਲ ਵਿਚ ਹੈ।