
ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਭਗਵੰਤ ਮਾਨ ਨੇ ਬੀਤੇ ਦਿਨੀਂ ਸੰਸਦ ਵਿਚ ਦਸਿਆ ਕਿ ਉਹ ਅਪਣੀ ਇੱਜ਼ਤ ਆਪ ਪਹਿਲਾਂ ਕਰਦੇ ਹਨ, ਇਸ ਲਈ ਅਪਣੇ ਆਪ ਨੂੰ
ਨਵੀਂ ਦਿੱਲੀ : ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਭਗਵੰਤ ਮਾਨ ਨੇ ਬੀਤੇ ਦਿਨੀਂ ਸੰਸਦ ਵਿਚ ਦਸਿਆ ਕਿ ਉਹ ਅਪਣੀ ਇੱਜ਼ਤ ਆਪ ਪਹਿਲਾਂ ਕਰਦੇ ਹਨ, ਇਸ ਲਈ ਅਪਣੇ ਆਪ ਨੂੰ 'ਮਾਨ ਸਾਹਬ' ਕਹਿ ਕੇ ਬੁਲਾਉਂਦੇ ਹਨ। ਭਗਵੰਤ ਮਾਨ ਦੀਆਂ ਦਿਲਚਸਪ ਗੱਲਾਂ ਸੁਣ ਕੇ ਜਿਥੇ ਕੁੱਝ ਮੈਂਬਰ ਹਸਦੇ ਵੇਖੇ ਗਏ, ਉਥੇ ਕੁੱਝ ਮੈਂਬਰਾਂ ਨੇ ਕਿਹਾ ਕਿ ਭਗਵੰਤ ਮਾਨ ਸ਼ਰਾਬ ਦੇ ਨਸ਼ੇ ਵਿਚ ਭਾਸ਼ਨ ਦੇ ਰਹੇ ਹਨ। ਮਾਨ ਦੇ ਭਾਸ਼ਨ ਦੀ ਵੀਡੀਉ ਸੋਸ਼ਲ ਮੀਡੀਆ ਵਿਚ ਤੇਜ਼ੀ ਨਾਲ ਫੈਲ ਗਈ।
Bhagwant Mann
ਨਵੀਂ ਦਿੱਲੀ ਵਿਚ ਗ਼ੈਰਕਾਨੂੰਨੀ ਕਾਲੋਨੀਆਂ ਨੂੰ ਪੱਕਾ ਕਰਨ ਸਬੰਧੀ ਬਿੱਲ ਬਾਰੇ ਗੱਲ ਕਰਦਿਆਂ ਭਗਵੰਤ ਮਾਨ ਨੇ ਭਾਜਪਾ ਨੂੰ ਚੋਭ ਲਾਉਂਦਿਆਂ ਕਿਹਾ ਕਿ ਰਾਜਧਾਨੀ ਵਿਚ ਉਸ ਕੋਲ ਸਿਰਫ਼ ਤਿੰਨ ਵਿਧਾਇਕ ਹਨ। ਉਸ ਨੇ ਇਹ ਗੱਲ ਵਿਅੰਗਮਈ ਤਰੀਕੇ ਨਾਲ ਦੋ-ਤਿੰਨ ਵਾਰ ਕਹੀ। ਫਿਰ ਉਸ ਨੇ ਕਿਹਾ, 'ਮੈਂ ਅਪਣੀ ਇੱਜ਼ਤ ਬਹੁਤ ਕਰਦਾ ਹਾਂ। ਮੈਂ ਅਪਣੇ ਆਪ ਨੂੰ ਮਾਨ ਸਾਹਿਬ ਕਹਿ ਕੇ ਬੁਲਾਉਂਦਾ ਹਾਂ।
Tarun Chugh
ਜੇ ਮੈਂ ਖ਼ੁਦ ਨੂੰ ਮਾਨ ਸਾਹਿਬ ਨਹੀਂ ਕਹਾਂਗਾ ਤਾਂ ਮੈਨੂੰ ਦੂਜਾ ਕੌਣ ਕਹੇਗਾ।' ਉਨ੍ਹਾਂ ਇਹ ਵੀ ਕਿਹਾ ਕਿ ਕਾਂਗਰਸ ਦਾ ਤਾਂ ਰਾਜਧਾਨੀ ਵਿਚ ਇਕ ਵੀ ਵਿਧਾਇਕ ਨਹੀਂ।
ਜਦ ਭਗਵੰਤ ਮਾਨ ਭਾਸ਼ਨ ਦੇ ਰਹੇ ਸਨ ਤਾਂ ਇਕ ਭਾਜਪਾ ਮੈਂਬਰ ਉਸ ਕੋਲੋਂ ਲੰਘਦਿਆਂ ਇਹ ਸੁੰਘਣ ਦੀ ਕੋਸ਼ਿਸ਼ ਕਰ ਰਿਹਾ ਸੀ ਕਿ ਭਗਵੰਤ ਮਾਨ ਨੇ ਸ਼ਰਾਬ ਤਾਂ ਨਹੀਂ ਪੀਤੀ ਹੋਈ। ਭਾਜਪਾ ਨੇ ਮੰਗ ਕੀਤੀ ਹੈ ਕਿ ਭਗਵੰਤ ਮਾਨ ਦਾ ਨਾਰਕੋ ਟੈਸਟ ਕੀਤਾ ਜਾਣਾ ਚਾਹੀਦਾ ਹੈ।
Bhagwant Mann
ਭਾਜਪਾ ਦੇ ਜਨਰਲ ਸਕੱਤਰ ਤਰੁਣ ਚੁੱਘ ਨੇ ਕਿਹਾ ਕਿ ਇਹ ਮਾੜੀ ਗੱਲ ਹੈ ਕਿ ਪਵਿੱਤਰ ਸਦਨ ਨੂੰ ਭਗਵੰਤ ਮਾਨ ਕਾਮੇਡੀ ਦਾ ਮੰਚ ਸਮਝ ਰਿਹਾ ਹੈ। ਉਨ੍ਹਾਂ ਕਿਹਾ ਕਿ ਉਹ ਸੰਸਦ ਜ਼ਰੀਏ ਦੁਨੀਆਂ ਨੂੰ ਗ਼ਲਤ ਸੁਨੇਹਾ ਦੇ ਰਹੇ ਹਨ ਕਿ ਪੰਜਾਬੀ ਸਿਰਫ਼ ਚੁਟਕਲੇ ਸੁਣਾ ਸਕਦੇ ਹਨ ਅਤੇ ਹੱਸ-ਖੇਡ ਸਕਦੇ ਹਨ। ਉਨ੍ਹਾਂ ਭਗਵੰਤ ਮਾਨ ਦਾ ਨਾਰਕੋ ਟੈਸਟ ਕਰਾਏ ਜਾਣ ਦੀ ਮੰਗ ਕੀਤੀ।
Harpal Singh Cheema
ਭਗਵੰਤ ਮਾਨ ਦਾ ਬਚਾਅ ਕਰਦਿਆਂ ਸੀਨੀਅਰ 'ਆਪ' ਆਗੂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਭਾਜਪਾ ਦੀ ਮੰਗ ਹਾਸੋਹੀਣੀ ਹੈ। ਭਾਜਪਾ ਇਸ ਗੱਲੋਂ ਔਖੀ ਹੈ ਕਿ ਭਗਵੰਤ ਮਾਨ ਨੇ ਸੰਸਦ ਵਿਚ ਉਸ ਵਿਰੁਧ ਤਿੱਖਾ ਹਮਲਾ ਕੀਤਾ।