
ਉੱਪ ਚੋਣ ਕਮਿਸ਼ਨਰ ਨੇ ਚੋਣ ਡਿਊਟੀ ’ਤੇ ਤਾਇਨਾਤ ਸਟਾਫ ਲਈ ਕੋਵਿਡ-19 ਵੈਕਸੀਨੇਸ਼ਨ ਯਕੀਨੀ ਬਣਾਉਣ ਲਈ ਜ਼ਿਲਾ ਚੋਣ ਅਫ਼ਸਰਾਂ ਨੂੰ ਦਿੱਤੇ ਨਿਰਦੇਸ਼
ਚੰਡੀਗੜ੍ਹ: ਪੰਜਾਬ ਵਿਧਾਨ ਸਭਾ- 2022 ਦੀਆਂ ਚੋਣਾਂ ਦੇ ਮੱਦੇਨਜ਼ਰ ਭਾਰਤੀ ਚੋਣ ਕਮਿਸ਼ਨ (ਈਸੀਆਈ) ਨੇ ਸ਼ਨੀਵਾਰ ਨੂੰ ਸੂਬੇ ਵਿੱਚ ਹੋਣ ਜਾ ਰਹੀਆਂ ਚੋਣਾਂ ਦੀਆਂ ਤਿਆਰੀਆਂ ਦੀ ਸਮੀਖਿਆ ਕੀਤੀ। ਇਹ ਵਰਚੁਅਲ ਸਮੀਖਿਆ ਮੀਟਿੰਗ ਡਿਪਟੀ ਚੋਣ ਕਮਿਸ਼ਨਰ (ਡੀ.ਈ.ਸੀ.) ਨਿਤੇਸ਼ ਕੁਮਾਰ ਵਿਆਸ ਦੀ ਅਗਵਾਈ ਵਿੱਚ ਕੀਤੀ ਗਈ , ਜਿਸ ਦੌਰਾਨ ਪੰਜਾਬ ਦੇ ਮੁੱਖ ਚੋਣ ਅਧਿਕਾਰੀ (ਸੀ.ਈ.ਓ.) ਡਾ. ਐਸ. ਕਰੁਣਾ ਰਾਜੂ ਵੀ ਮੌਜੂਦ ਰਹੇ।
Election Commission
ਮੀਟਿੰਗ ਵਿੱਚ ਪੰਜਾਬ ਦੇ ਸਾਰੇ ਡਿਪਟੀ ਕਮਿਸ਼ਨਰ-ਕਮ-ਜ਼ਿਲਾ ਚੋਣ ਅਫਸਰ ਅਤੇ ਪੁਲਿਸ ਕਮਿਸ਼ਨਰ /ਸੀਨੀਅਰ ਪੁਲਿਸ ਕਪਤਾਨ(ਐਸ.ਐਸ.ਪੀ) ਵੀ ਹਾਜ਼ਰ ਸਨ। ਕੋਵਿਡ-19 ਦੇ ਨਵੇਂ ਰੂਪ ਓਮੀਕਰੋਨ ਦੇ ਮੱਦੇਨਜ਼ਰ, ਸ੍ਰੀ ਵਿਆਸ ਨੇ ਚੋਣ ਡਿਊਟੀਆਂ ਲਈ ਤਾਇਨਾਤ ਕੀਤੇ ਜਾਣ ਵਾਲੇ ਸਾਰੇ ਸਟਾਫ ਅਤੇ ਵਲੰਟੀਅਰਾਂ ਨੂੰ ਟੀਕਾਕਰਣ ਕਰਵਾਉਣ ਦੀ ਲੋੜ ‘ਤੇ ਜ਼ੋਰ ਦਿੱਤਾ। ਉਨਾਂ ਸਮੂਹ ਡੀ.ਈ.ਓਜ਼ ਨੂੰ ਸਟਾਫ ਵਾਸਤੇ ਕੋਵਿਡ ਟੀਕਾਕਰਨ ਲਈ ਵਿਸ਼ੇਸ਼ ਕੈਂਪ ਲਗਾਉਣ ਲਈ ਨਿਰਦੇਸ਼ ਦਿੱਤੇ।
ECI reviews poll preparedness for Punjab Assembly Election
ਉਨਾਂ ਡੀ.ਈ.ਓਜ ਨੂੰ ਨਵੇਂ ਵੋਟਰਾਂ ਨੂੰ ਸ਼ਾਮਲ ਕਰਨ ਅਤੇ ਮੌਜੂਦਾ ਵੋਟਾਂ ਕੱਟਣ ਜਾਂ ਤਬਦੀਲ ਕਰਨ ਦੇ ਮਾਮਲਿਆਂ ਨੂੰ ਮੁਕੰਮਲ ਕਰਨ ਲਈ ਵੀ ਕਿਹਾ। ਉਨਾਂ ਨੇ ਵੋਟਰਾਂ ਨੂੰ ਆਪਣੀ ਵੋਟ ਦੀ ਵਰਤੋਂ ਕਰਨ ਲਈ ਪ੍ਰੇਰਿਤ ਕਰਨਾ ਅਤੇ ‘1950’ ਵੋਟਰ ਹੈਲਪਲਾਈਨ ਨੂੰ ਵੱਧ ਤੋਂ ਵੱਧ ਉਤਸ਼ਾਹਿਤ ਕਰਨ ਲਈ ਟੈਕਸਟ ਮੈਸੇਜ ਭੇਜਣ ਜਾਂ ਮਸ਼ਹੂਰ ਹਸਤੀਆਂ ਜਾਂ ਖਿਡਾਰੀਆਂ ਨੂੰ ਮੁੰਿਹਮ ਵਿੱਚ ਸ਼ਾਮਲ ਕਰਕੇ ਸਵੀਪ ਗਤੀਵਿਧੀਆਂ ਵਿੱਚ ਤੇਜ਼ੀ ਲਿਆਉਣ ਦੇ ਨਿਰਦੇਸ਼ ਦਿੱਤੇ।
ਸ੍ਰੀ ਵਿਆਸ ਨੇ ਜ਼ਿਲਾ ਚੋਣ ਅਫਸਰਾਂ (ਡੀ.ਈ.ਓਜ) ਨੂੰ ਸਾਰੇ ਆਰ.ਓਜ਼/ਏ.ਆਰ.ਓਜ਼ ਦੀ ਪ੍ਰਮਾਣਿਤ ਸਿਖਲਾਈ ਨੂੰ ਯਕੀਨੀ ਬਣਾਉਣ ਲਈ ਕਿਹਾ ਅਤੇ ਉਨਾਂ ਨੂੰ ਵੱਧ ਤੋਂ ਵੱਧ ਪੋਲਿੰਗ ਸਟੇਸ਼ਨਾਂ ਦਾ ਦੌਰਾ ਕਰਨ ਲਈ ਵਿਸ਼ੇਸ਼ ਤੌਰ ‘ਤੇ ਦੂਰ-ਦੁਰਾਡੇ ਦੇ ਇਲਾਕਿਆਂ ਵਿੱਚ ਜਾਣ ਦੀ ਹਦਾਇਤ ਕੀਤੀ। ਸ੍ਰੀ ਵਿਆਸ ਨੇ ਉਨਾਂ ਨੂੰ ਸਾਰੇ ਪੋਲਿੰਗ ਬੂਥਾਂ ‘ਤੇ ਢੁਕਵੇਂ ਰੈਂਪ ਅਤੇ ਵੀਲਚੇਅਰਾਂ ਨੂੰ ਯਕੀਨੀ ਬਣਾ ਕੇ ਦਿਵਿਆਂਗ ਅਤੇ ਬਜ਼ੁਰਗ ਵੋਟਰਾਂ ਲਈ ਨਿਰਵਿਘਨ ਵੋਟਿੰਗ ਨੂੰ ਯਕੀਨੀ ਬਣਾਉਣ ਲਈ ਕਿਹਾ। ਉਨਾਂ ਅਧਿਕਾਰੀਆਂ ਨੂੰ ਸਾਰੇ ਪੋਲਿੰਗ ਸਟੇਸ਼ਨਾਂ ਦੀ 100 ਫੀਸਦੀ ਵੈਬਕਾਸਟਿੰਗ ਯਕੀਨੀ ਬਣਾਉਣ ਲਈ ਵੀ ਤਾਕੀਦ ਕੀਤੀ।
ਉਨਾਂ ਸਬੰਧਤ ਅਧਿਕਾਰੀਆਂ ਨੂੰ ਆਪੋ-ਆਪਣੇ ਜਿਲਿਆਂ ਵਿੱਚ ਹਥਿਆਰ ਜਮਾਂ ਕਰਵਾਉਣ ਦੀ ਪ੍ਰਕਿਰਿਆ ਵਿੱਚ ਤੇਜ਼ੀ ਲਿਆਉਣ ਲਈ ਵੀ ਕਿਹਾ। ਉਨਾਂ ਨੇ ਅਧਿਕਾਰੀਆਂ ਨੂੰ ਸੰਵੇਦਨਸ਼ੀਲ ਪੋਲਿੰਗ ਸਟੇਸ਼ਨਾਂ ਅਤੇ ਵੱਧ ਖਰਚੇ ਵਾਲੇ ਹਲਕਿਆਂ ਦੀ ਪਛਾਣ ਸਬੰਧੀ ਪ੍ਰਕਿਰਿਆ ਨੂੰ ਤੇਜ ਕਰਨ ਲਈ ਕਿਹਾ। ਇਸ ਮੀਟਿੰਗ ਦੌਰਾਨ ਡੀਈਓਜ਼ ਅਤੇ ਪੁਲਿਸ ਕਮਿਸ਼ਨਰ/ਐਸਐਸਪੀਜ਼ ਨੇ ਡੀ.ਈ.ਸੀ. ਨੂੰ ਆਪੋ-ਆਪਣੇ ਜਿਲਿਆਂ ਵਿੱਚ ਚੋਣਾਂ ਸਬੰਧੀ ਤਿਆਰੀਆਂ ਦੀ ਸਥਿਤੀ ਬਾਰੇ ਜਾਣਕਾਰੀ ਦਿੱਤੀ।
Dr. S. Karuna Raju
ਈਪੀਆਈਸੀ ਦੀ ਵੰਡ ਦੀ ਸਥਿਤੀ, ਵੋਟਰ ਜਾਣਕਾਰੀ ਸਲਿੱਪਾਂ ਦੀ ਵੰਡ, ਚੋਣ ਲੜਨ ਵਾਲੇ ਉਮੀਦਵਾਰਾਂ ਦੁਆਰਾ ਆਪਣਾ ਅਪਰਾਧਿਕ ਰਿਕਾਰਡ ਪ੍ਰਕਾਸ਼ਿਤ ਕਰਨਾ, ਦਿਵਿਆਂਗ ਵੋਟਰਾਂ ਦੇ ਨਾਲ-ਨਾਲ 80 ਸਾਲ ਤੋਂ ਵੱਧ ਉਮਰ ਦੇ ਵੋਟਰਾਂ ਲਈ ਪੋਲਿੰਗ ਸਟੇਸ਼ਨਾਂ ‘ਤੇ ਕੀਤੇ ਗਏ ਪ੍ਰਬੰਧ, ਵੋਟਰਾਂ ਦੀ ਗਿਣਤੀ ਵਧਾਉਣ ਲਈ ਸਵੀਪ ਗਤੀਵਿਧੀਆਂ, ਗੈਰ-ਹਾਜਰ ਵੋਟਰਾਂ ਲਈ ਪੋਸਟਲ ਬੈਲਟ ਦੀ ਸਥਿਤੀ, ਨਕਦ ਜ਼ਬਤੀ, ਨਾਜਾਇਜ਼ ਸ਼ਰਾਬ ਵਿਰੁੱਧ ਮੁਹਿੰਮ ਦੇ ਨਾਲ-ਨਾਲ ਕੋਵਿਡ-19 ਦੇ ਸ਼ੱਕੀ ਵਿਅਕਤੀਆਂ ਆਦਿ ਲਈ ਕੀਤੀਆਂ ਗਈਆਂ ਤਿਆਰੀਆਂ ਬਾਰੇ ਵਿਸਥਾਰ ਨਾਲ ਦੱਸਿਆ ਗਿਆ।
ਇਸ ਤੋਂ ਇਲਾਵਾ ਅੰਤਰ-ਜ਼ਿਲਾ ਤਾਲਮੇਲ, ਸੁਰੱਖਿਆ ਬਲਾਂ ਦੀ ਤਾਇਨਾਤੀ, ਦੂਰ-ਦੁਰਾਡੇ ਦੇ ਪੋਲਿੰਗ ਸਟੇਸ਼ਨਾਂ ਲਈ ਪ੍ਰਬੰਧਨ ਯੋਜਨਾ, ਸ਼ੈਡੋ ਖੇਤਰਾਂ ਲਈ ਸੰਚਾਰ ਯੋਜਨਾ, ਵੈਬਕਾਸਟਿੰਗ ਅਤੇ ਨਿਗਰਾਨੀ ਸਬੰਧੀ ਪ੍ਰਬੰਧ, ਵੋਟਰ ਹੈਲਪਲਾਈਨਾਂ ਅਤੇ ਸੀਵੀਆਈਜੀਆਈਐਲ ਐਪ ‘ਤੇ ਪ੍ਰਾਪਤ ਸ਼ਿਕਾਇਤਾਂ ਦਾ ਨਿਪਟਾਰਾ, ਸਹਾਇਕ ਪੋਲਿੰਗ ਸਟੇਸ਼ਨਾਂ ਲਈ ਨਿਸ਼ਚਿਤ ਘੱਟੋ-ਘੱਟ ਸੁਵਿਧਾਵਾਂ ਦੀ ਉਪਲਬਧਤਾ ( ਏ.ਐੱਮ.ਐੱਫ.) ਸਬੰਧੀ ਮੁੱਦੇੇ, ਸੁਰੱਖਿਆ ਬਲਾਂ ਦੀ ਸਿਖਲਾਈ ਆਦਿ ਦੀ ਵੀ ਵਿਸ਼ੇਸ਼ ਤੌਰ ‘ਤੇ ਸਮੀਖਿਆ ਕੀਤੀ ਗਈ।