
ਪੰਜਾਬ ਵਿਚ ਗੈਂਗਸਟਰ ਸਿਆਸਤਦਾਨਾਂ ਦੀ ਸਰਪ੍ਰਸਤੀ ਹੇਠ ਹੀ ਵਧ-ਫੁੱਲ ਰਹੇ ਹਨ।
ਚੰਡੀਗੜ੍ਹ - ਪੰਜਾਬ ਦੇ ਸਿਆਸਤਦਾਨਾਂ ਅਤੇ ਗੈਂਗਸਟਰਾਂ ਦੀ ਉੱਚ ਪੱਧਰੀ ਜਾਂਚ ਕਰਨ ਵਾਲੇ ਸਾਬਕਾ ਆਈ.ਜੀ ਅਤੇ ਮੌਜੂਦਾ 'ਆਪ' ਵਿਧਾਇਕ ਕੁੰਵਰ ਵਿਜੈ ਪ੍ਰਤਾਪ ਸਿੰਘ ਦਾ ਕਹਿਣਾ ਹੈ ਕਿ ਜੇਕਰ ਦੋ ਸਾਲ ਪਹਿਲਾਂ ਉਹਨਾਂ ਵੱਲੋਂ ਪੰਜਾਬ ਸਰਕਾਰ ਨੂੰ ਸੌਂਪੀ ਗਈ ਉਨ੍ਹਾਂ ਦੀ ਰਿਪੋਰਟ 'ਤੇ ਕਾਰਵਾਈ ਕੀਤੀ ਗਈ ਹੁੰਦੀ ਤਾਂ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਅੱਜ ਜਿੰਦਾ ਹੋਣਾ ਸੀ। ਪੰਜਾਬ ਵਿਚ ਗੈਂਗਸਟਰ ਸਿਆਸਤਦਾਨਾਂ ਦੀ ਸਰਪ੍ਰਸਤੀ ਹੇਠ ਹੀ ਵਧ-ਫੁੱਲ ਰਹੇ ਹਨ।
ਕੁੰਵਰ ਵਿਜੈ ਪ੍ਰਤਾਪ ਨੇ ਕਿਹਾ ਕਿ ਉਨ੍ਹਾਂ ਨੇ ਇਸ ਸਬੰਧੀ ਰਿਪੋਰਟ 18 ਫਰਵਰੀ 2020 ਨੂੰ ਸੂਬਾ ਸਰਕਾਰ ਨੂੰ ਸੌਂਪ ਦਿੱਤੀ ਸੀ ਪਰ ਇਸ ਬਾਰੇ ਨਾ ਤਾਂ ਕਿਸੇ ਨੇ ਗੱਲ ਕੀਤੀ ਅਤੇ ਨਾ ਹੀ ਹੁਣ ਤੱਕ ਰਿਪੋਰਟ ਜਨਤਕ ਕੀਤੀ ਗਈ। ਰਿਪੋਰਟ ਵਿਚ ਤਤਕਾਲੀ ਵਿੱਤ ਮੰਤਰੀ ਕੈਪਟਨ ਕੰਵਲਜੀਤ ਸਿੰਘ ਦਾ ਵੀ ਜ਼ਿਕਰ ਹੈ, ਜਿਨ੍ਹਾਂ ਦੀ 2009 ਵਿਚ ਸੜਕ ਹਾਦਸੇ ਵਿਚ ਜਾਨ ਚਲੀ ਗਈ ਸੀ। ਕਿਹਾ ਗਿਆ ਹੈ ਕਿ ਇਹ ਕੋਈ ਹਾਦਸਾ ਨਹੀਂ ਸਗੋਂ ਯੋਜਨਾਬੱਧ ਕਤਲ ਸੀ।
ਕੁੰਵਰ ਵਿਜੈ ਪ੍ਰਤਾਪ ਸਿੰਘ, ਜੋ ਕਿ ਸਾਲ 2021 ਤੱਕ ਆਰਗੇਨਾਈਜ਼ਡ ਕ੍ਰਾਈਮ ਕੰਟਰੋਲ ਯੂਨਿਟ (ਓਸੀਸੀਯੂ) ਦੇ ਆਈਜੀਪੀ ਸਨ, ਉਹਨਾਂ ਨੇ ਰਿਪੋਰਟ ਵਿਚ ਕਿਹਾ ਹੈ ਕਿ ਗੈਂਗਸਟਰ ਜੱਗੂ ਭਗਵਾਨਪੁਰੀਆ ਇੱਕ ਵੱਡੇ ਅਕਾਲੀ ਦਲ ਦੇ ਆਗੂ ਦਾ ਸ਼ਗਿਰਦ ਹੈ। ਉਹ ਸਿੱਧੂ ਮੂਸੇਵਾਲਾ ਦੇ ਕਤਲ ਦੇ ਸਾਜ਼ਿਸ਼ਕਾਰਾਂ ਵਿਚੋਂ ਇੱਕ ਹੈ। ਭਗਵਾਨਪੁਰੀਆ ਨੂੰ ਇੱਕ ਯੋਜਨਾ ਦੇ ਤਹਿਤ ਰੋਪੜ ਤੋਂ ਅੰਮ੍ਰਿਤਸਰ ਜੇਲ੍ਹ ਵਿਚ ਤਬਦੀਲ ਕੀਤਾ ਗਿਆ ਸੀ।
ਉਨ੍ਹਾਂ ਸੰਸਦੀ ਚੋਣਾਂ (23 ਮਾਰਚ, 2019) ਤੋਂ ਠੀਕ ਪਹਿਲਾਂ ਭਗਵਾਨਪੁਰੀਆ ਨੂੰ ਅੰਮ੍ਰਿਤਸਰ ਜੇਲ੍ਹ ਵਿਚ ਤਬਦੀਲ ਕਰਨ ਦੇ ਤਰਕ 'ਤੇ ਸਵਾਲ ਉਠਾਏ। ਰਿਪੋਰਟਾਂ ਵਿਚ ਕਿਹਾ ਗਿਆ ਹੈ ਕਿ ਨੇਤਾ ਨੇ ਸਿਆਸੀ ਲਾਭ ਲਈ ਆਪਣੀ ਤਾਕਤ ਦੀ ਵਰਤੋਂ ਕਰਨ ਦੇ ਉਦੇਸ਼ ਨਾਲ ਗੈਂਗਸਟਰ ਨੂੰ ਤਬਦੀਲ ਕਰਨ ਵਿਚ ਅਹਿਮ ਭੂਮਿਕਾ ਨਿਭਾਈ ਸੀ। ਇੰਨਾ ਹੀ ਨਹੀਂ 2014 ਵਿਚ ਅਕਾਲੀ-ਭਾਜਪਾ ਦੀ ਟਿਕਟ 'ਤੇ ਲੋਕ ਸਭਾ ਚੋਣ ਲੜਨ ਵਾਲੇ ਇਕ ਪ੍ਰਭਾਵਸ਼ਾਲੀ ਨੇਤਾ ਦੀ ਮੀਟਿੰਗ ਵੀ ਗੈਂਗਸਟਰਾਂ ਵਲੋਂ ਕਰਵਾਈ ਗਈ ਸੀ।
'ਆਪ' ਵਿਧਾਇਕ ਨੇ ਕਿਹਾ ਕਿ ਜੇਲ੍ਹ 'ਚ ਬੈਠੇ ਲੋਕ ਬਾਹਰ ਸਿਆਸਤਦਾਨਾਂ ਦੀਆਂ ਮੀਟਿੰਗਾਂ ਕਰਵਾ ਰਹੇ ਹਨ। ਕੁੰਵਰ ਵਿਜੈ ਪ੍ਰਤਾਪ ਨੇ ਪੰਜਾਬ ਸਰਕਾਰ ਦੇ ਹੁਕਮਾਂ 'ਤੇ 11 ਨਵੰਬਰ 2019 ਨੂੰ ਜਾਂਚ ਸ਼ੁਰੂ ਕੀਤੀ ਅਤੇ 18 ਫਰਵਰੀ 2020 ਨੂੰ ਰਿਪੋਰਟ ਸਰਕਾਰ ਨੂੰ ਸੌਂਪ ਦਿੱਤੀ। ਇਹ ਰਿਪੋਰਟ ਕਈ ਜ਼ਿਲ੍ਹਿਆਂ ਦੇ ਆਈਜੀ ਅਤੇ ਐਸਐਸਪੀ ਤੋਂ ਜਾਣਕਾਰੀ ਲੈ ਕੇ ਤਿਆਰ ਕੀਤੀ ਗਈ ਸੀ ਪਰ ਉਸ ਵੇਲੇ ਦੀ ਕਾਂਗਰਸ ਸਰਕਾਰ ਨੇ ਇਸ ਰਿਪੋਰਟ ਨੂੰ ਦਬਾ ਦਿੱਤਾ ਸੀ।
ਦਿੱਲੀ ਦੀ ਇੱਕ ਅਦਾਲਤ ਨੇ ਸ਼ਨੀਵਾਰ ਨੂੰ ਮੂਸੇਵਾਲਾ ਕਤਲ ਕੇਸ ਵਿੱਚ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਰਿਮਾਂਡ ਵਿਚ 10 ਦਿਨਾਂ ਦਾ ਵਾਧਾ ਕਰ ਦਿੱਤਾ ਹੈ। ਹਾਲਾਂਕਿ, ਰਾਸ਼ਟਰੀ ਜਾਂਚ ਏਜੰਸੀ (ਐਨਆਈਏ) ਨੇ 10 ਦਿਨਾਂ ਦੇ ਹੋਰ ਰਿਮਾਂਡ ਦੀ ਮੰਗ ਕੀਤੀ ਹੈ। ਐਨਆਈਏ ਦਿੱਲੀ-ਐਨਸੀਆਰ ਵਿਚ ਅੱਤਵਾਦੀ ਸੰਗਠਨਾਂ ਨਾਲ ਗੈਂਗਸਟਰਾਂ ਦੇ ਸਬੰਧਾਂ ਦੀ ਵੀ ਜਾਂਚ ਕਰ ਰਹੀ ਹੈ।
ਪਟਿਆਲਾ ਹਾਊਸ ਕੋਰਟ ਦੇ ਵਿਸ਼ੇਸ਼ ਜੱਜ (ਐਨਆਈਏ) ਸ਼ੈਲੇਂਦਰ ਮਲਿਕ ਨੇ ਸ਼ਨੀਵਾਰ ਨੂੰ ਏਜੰਸੀ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਐਨਆਈਏ ਨੂੰ 10 ਦਿਨਾਂ ਦਾ ਹੋਰ ਰਿਮਾਂਡ ਦੇ ਦਿੱਤਾ। NIA ਨੇ ਸ਼ਨੀਵਾਰ ਨੂੰ ਵੀਡੀਓ ਕਾਨਫ਼ਰੰਸਿੰਗ ਰਾਹੀਂ ਲਾਰੇਂਸ ਬਿਸ਼ਨੋਈ ਨੂੰ ਅਦਾਲਤ 'ਚ ਪੇਸ਼ ਕੀਤਾ। ਲਾਰੇਂਸ ਬਿਸ਼ਨੋਈ ਦੇ ਹੋਰ ਰਿਮਾਂਡ ਦੀ ਮੰਗ ਕਰਦੇ ਹੋਏ ਐਨਆਈਏ ਨੇ ਅਦਾਲਤ ਨੂੰ ਦੱਸਿਆ ਕਿ ਗੁਆਂਢੀ ਰਾਜ ਰਾਜਸਥਾਨ ਵਿਚ ਅਜੇ ਵੀ ਠੇਕੇ ਦੀਆਂ ਹੱਤਿਆਵਾਂ ਹੋ ਰਹੀਆਂ ਹਨ। ਉੱਥੇ ਹੀ ਸੀਕਰ ਜ਼ਿਲ੍ਹੇ 'ਚ ਗੈਂਗਸਟਰ ਰਾਜੂ ਥੇਹਤ ਨੂੰ ਉਸ ਦੇ ਘਰ ਦੇ ਗੇਟ 'ਤੇ ਚਾਰ ਬੰਦਿਆਂ ਨੇ ਗੋਲੀ ਮਾਰ ਦਿੱਤੀ ਸੀ।