
ਗੁਰਦਾਸਪੁਰ : ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਸਕੱਤਰ ਜਨਰਲ ਜਥੇਦਾਰ ਸੇਵਾ ਸਿੰਘ ਸੇਖਵਾਂ ਨੇ ਅੱਜ ਇਥੇ ਜਾਰੀ ਇਕ ਪ੍ਰੈੱਸ ਬਿਆਨ ਰਾਹੀਂ ਕਿਹਾ ਕਿ...
ਗੁਰਦਾਸਪੁਰ : ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਸਕੱਤਰ ਜਨਰਲ ਜਥੇਦਾਰ ਸੇਵਾ ਸਿੰਘ ਸੇਖਵਾਂ ਨੇ ਅੱਜ ਇਥੇ ਜਾਰੀ ਇਕ ਪ੍ਰੈੱਸ ਬਿਆਨ ਰਾਹੀਂ ਕਿਹਾ ਕਿ ਪੰਜਾਬ 'ਚ ਕੈਪਟਨ ਦੀ ਅਗਵਾਈ ਵਾਲੀ ਕਾਂਗਰਸ ਪਾਰਟੀ ਦੀ ਸਰਕਾਰ ਦੇ ਕੰਨ ਖੋਲ੍ਹਣ ਲਈ ਪੰਜਾਬ ਦੀਆਂ ਐਨਐਚਐਮ ਨਰਸਾਂ ਨੂੰ ਅਪਣੀਆਂ ਜਾਨਾਂ ਦਾਅ 'ਤੇ ਲਗਾਉਣੀਆਂ ਪੈ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਇਹ ਧਰਤੀ ਜਿਥੇ ਔਰਤ ਨੂੰ ਮਰਦਾਂ ਦੇ ਬਰਾਬਰ ਖੜਾ ਕਰਨ ਲਈ ਬਰਾਬਰਤਾ ਦਾ ਮਾਣ ਦਿਤਾ ਗਿਆ ਉਥੇ ਔਰਤਾਂ ਨੂੰ ਮੌਜੂਦਾ ਸਰਕਾਰ ਤੋਂ ਅਪਣੇ ਹੱਕ ਲੈਣ ਲਈ ਭੁੱਖ ਹੜਤਾਲਾਂ ਕਰਨੀਆਂ ਪੈ ਰਹੀਆਂ ਹਨ ਅਤੇ ਛੱਤਾਂ ਤੋਂ ਛਾਲਾਂ ਮਾਰਨੀਆਂ ਪੈ ਰਹੀਆਂ ਹਨ।
ਜਥੇ. ਸੇਖਵਾਂ ਨੇ ਕਿਹਾ ਕਿ ਕੈਪਟਨ ਸਰਕਾਰ ਵਲੋਂ ਸੱਤਾ ਦੇ ਨਸ਼ੇ 'ਚ ਨਰਸਾਂ ਦੀਆਂ ਬਿਲਕੁਲ ਜਾਇਜ਼ ਮੰਗਾਂ ਨੂੰ ਵੀ ਅਣਗੋਲਿਆਂ ਕੀਤਾ ਜਾ ਰਿਹਾ ਹੈ। ਟਕਸਾਲੀ ਦਲ ਦੇ ਮੁੱਖ ਬੁਲਾਰੇ ਨੇ ਹੋਰ ਕਿਹਾ ਕਿ ਸਰਕਾਰ ਦੇ ਕੰਨ 'ਤੇ ਜੂੰ ਤਕ ਨਾ ਸਰਕਦੀ ਦੇਖ ਕੇ ਰਜਿੰਦਰ ਹਸਪਤਾਲ ਦੀ ਛੱਤ 'ਤੇ ਬੈਠੀਆਂ ਨਰਸਾਂ ਦੁਆਰਾ ਹੇਠਾਂ ਛਾਲ ਮਾਰ ਕੇ ਅਪਣੀ ਜ਼ਿੰਦਗੀ ਗਵਾਉਣ ਦੀ ਕੋਸ਼ਿਸ ਕਰਨਾ ਕੈਪਟਨ ਰਾਜ ਵਿਚ ਬਹੁਤ ਹੀ ਮੰਦਭਾਗੀ ਘਟਨਾ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਪੰਜਾਬ ਸਰਕਾਰ ਇਨ੍ਹਾਂ ਦੀਆਂ ਮੰਗਾਂ ਦੀ ਪੂਰਤੀ ਕਰਨ ਵਿਚ ਬੁਰੀ ਤਰਾਂ ਨਾਕਾਮ ਰਹੀ ਹੈ ਜਿਸ ਦੇ ਨਤੀਜੇ ਜਲਦੀ ਹੀ ਸਰਕਾਰ ਦੇ ਮੂੰਹ 'ਤੇ ਚਪੇੜ ਵਾਂਗ ਵੱਜਣਗੇ। ਅੰਤ ਵਿਚ ਜਥੇਦਾਰ ਸੇਖਵਾਂ ਨੇ ਵਿਸ਼ਵਾਸ ਦਿਵਾਇਆ ਕਿ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਨਰਸਾਂ, ਅਧਿਆਪਕਾਂ ਅਤੇ ਹੋਰ ਸੰਘਰਸ਼ਸ਼ੀਲ ਮੁਲਜ਼ਮਾਂ ਦੀਆਂ ਮੰਗਾਂ ਦਾ ਸਮਰਥਨ ਕਰਦਾ ਹੈ ਤੇ ਉਨ੍ਹਾਂ ਨਾਲ ਚਟਾਨ ਵਾਂਗ ਖੜਾ ਹੈ।