
ਕਿਹਾ, ਸਰਕਾਰ ਜੋ ਮਰਜ਼ੀ ਕਰ ਲਵੇ, ਅਸੀਂ ਸਰਕਾਰ ਦੀਆਂ ਨਕਾਮੀਆਂ ਤੋਂ ਪਰਦਾ ਚੁੱਕਦੇ ਰਹਾਂਗੇ
ਚੰਡੀਗੜ੍ਹ : ਵਿਧਾਨ ਸਭਾ ਵਿਚ ਚੱਲ ਰਹੇ ਬਜਟ ਸੈਸ਼ਨ ਦੌਰਾਨ ਵਿਰੋਧੀ ਧਿਰਾਂ ਦੇ ਭਾਰੀ ਹੰਗਾਮੇ ਨੂੰ ਵੇਖਦਿਆਂ ਸਪੀਕਰ ਰਾਣਾ ਕੇ.ਪੀ. ਸਿੰਘ ਵੱਲੋਂ ਅਕਾਲੀ ਵਿਧਾਇਕਾਂ ਨੂੰ ਮੁਅੱਤਲ ਕਰਨ ਤੋਂ ਨਰਾਜ਼ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਸਰਕਾਰ 'ਤੇ ਗੰਭੀਰ ਦੋਸ਼ ਲਾਏ ਹਨ। ਵਿਧਾਨ ਸਭਾ ਦੇ ਸਪੀਕਰ 'ਤੇ ਮੁੱਖ ਮੰਤਰੀ ਦੇ ਇਸ਼ਾਰੇ 'ਤੇ ਕੰਮ ਕਰਨ ਦੇ ਦੋਸ਼ ਲਾਉਂਦਿਆਂ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦੇ ਇਸ਼ਾਰਾ ਕਰਨ ਤੋਂ ਬਾਅਦ ਹੀ ਉਨ੍ਹਾਂ ਨੂੰ ਵਿਧਾਨ ਸਭਾ ’ਚੋਂ ਮੁਅੱਤਲ ਕੀਤਾ ਗਿਆ ਹੈ।
Bikram Singh Majithia
ਮਜੀਠੀਆ ਨੇ ਕਿਹਾ ਕਿ ਅਕਾਲੀ ਦਲ ਵਲੋਂ ਮੁਲਾਜ਼ਮਾਂ, ਮਹਿੰਗੀ ਬਿਜਲੀ, ਐਸ. ਸੀ. ਸਕਾਲਰਸ਼ਿਪ, ਕਿਸਾਨ ਖੁਦਕੁਸ਼ੀਆਂ, ਨੌਦੀਪ ਕੌਰ, ਸ਼ਿਵ ਕੁਮਾਰ ਅਤੇ ਕਿਸਾਨ ਅੰਦਲਨ ਦੌਰਾਨ ਗ੍ਰਿਫ਼ਤਾਰ ਕੀਤੇ ਗਏ ਨਵਾਂਸ਼ਹਿਰ ਦੇ ਨੌਜਵਾਨ ਰਣਜੀਤ ਸਿੰਘ ਦਾ ਮੁੱਦਾ ਚੁੱਕਿਆ ਗਿਆ ਸੀ। ਪਰ ਸੱਤਾਧਾਰੀ ਧਿਰ ਨੇ ਇਨ੍ਹਾਂ ਸਾਰੇ ਮਾਮਲਿਆਂ ’ਤੇ ਜਵਾਬ ਦੇਣ ਬਜਾਏ ਉਨ੍ਹਾਂ ਨੂੰ ਸੈਸ਼ਨ ਤੋਂ ਹੀ ਮੁਅੱਤਲ ਕਰ ਦਿੱਤਾ ਗਿਆ।
Bikram Majithia
ਮਜੀਠੀਆ ਨੇ ਆਖਿਆ ਕਿ ਆਉਂਦੇ ਦਿਨਾਂ ਨੂੰ ਸਰਕਾਰ ਆਪਣਾ ਬਜਟ ਪੇਸ਼ ਕਰਨ ਜਾ ਰਹੀ ਹੈ, ਸਰਕਾਰ ਨੂੰ ਪਤਾ ਹੈ ਕਿ ਅਕਾਲੀ ਦਲ ਇਨ੍ਹਾਂ ਦਾ ਵਿਰੋਧ ਕਰਦੇ ਹੋਏ ਇਨ੍ਹਾਂ ਨੂੰ ਜਗ-ਜ਼ਾਹਰ ਕਰੇਗਾ, ਇਸੇ ਦੇ ਚੱਲਦੇ ਮੁੱਖ ਮੰਤਰੀ ਵਲੋਂ ਸਪੀਕਰ ਤੋਂ ਉਨ੍ਹਾਂ ਨੂੰ ਮੁਅੱਤਲ ਕਰਵਾਇਆ ਗਿਆ ਹੈ। ਮਜੀਠੀਆ ਨੇ ਕਿਹਾ ਕਿ ਸਰਕਾਰ ਗਲਤਫਹਿਮੀ ਵਿਚ ਹੈ ਕਿ ਅਕਾਲੀ ਦਲ ਦੱਬ ਜਾਵੇਗਾ। ਉਨ੍ਹਾਂ ਕਿਹਾ ਕਿ ਅਸੀਂ ਸਰਕਾਰ ਦੀਆਂ ਨਾਕਾਮੀਆਂ ਚੁੱਕਦੇ ਰਹਾਂਗੇ।
Bikram Singh Majitha
ਮਜੀਠੀਆ ਨੇ ਕਿਹਾ ਕਿ ਪੰਜਾਬ ਸਰਕਾਰ ਮੁੱਖਤਾਰ ਅੰਸਾਰੀ ਵਰਗੇ ਗੈਂਗਸਟਰ ’ਤੇ ਤਾਂ ਕੋਰੋੜਾਂ ਰੁਪਏ ਦਾ ਖਰਚਾ ਕਰ ਸਕਦੀ ਹੈ ਜਦਕਿ ਦਿੱਲੀ ਦੀਆਂ ਜੇਲਾਂ ਵਿਚ ਡੱਕੇ ਪੰਜਾਬੀਆਂ ਕਿਸਾਨਾਂ ਦੀ ਰਿਹਾਈ ਲਈ ਕੁੱਝ ਨਹੀਂ ਕਰ ਰਹੀ। ਉਨ੍ਹਾਂ ਕਿਹਾ ਕਿ ਸਿਰਫ ਅਕਾਲੀ ਦਲ ਹੀ ਨਹੀਂ ਸਗੋਂ ਕਾਂਗਰਸ ਦੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ, ਸ਼ਮੇਸ਼ਰ ਸਿੰਘ ਦੂਲੋ ਅਤੇ ਕਾਂਗਰਸ ਦੇ ਹੀ ਕਈ ਵਿਧਾਇਕ ਆਪਣੀਆਂ ਹੀ ਸਰਕਾਰ ਦੀਆਂ ਨਕਾਮੀਆਂ ਜਗ-ਜ਼ਾਹਰ ਕਰ ਚੁੱਕੇ ਹਨ।
Bikram Singh Majithia
ਉਨ੍ਹਾਂ ਕਿਹਾ ਕਿ ਕੈਗ ਦੀ ਰਿਪੋਰਟ ਵੀ ਆਖ ਰਹੀ ਹੈ ਕਿ ਆਉਣ ਵਾਲੇ ਸਮੇਂ ਵਿਚ ਪੰਜਾਬ ’ਤੇ ਕਰਜ਼ੇ ਦਾ ਭਾਰ ਦੁੱਗਣਾ ਹੋਵੇਗਾ। ਇਸ ਤੋਂ ਇਲਾਵਾ ਜਿਹੜੇ ਕਿਸਾਨੀ ਐਕਟ ਦੀ ਕਾਂਗਰਸ ਗੱਲ ਕਰ ਰਹੀ, ਉਹ ਅੱਜ ਤਕ ਲਾਗੂ ਨਹੀਂ ਹੋਇਆ ਅਤੇ ਨਾ ਹੀ ਕੋਈ ਕਿਸਾਨ ਉਸ ਤੋਂ ਪ੍ਰਭਾਵਤ ਹੋਇਆ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ 'ਚ ਸੱਚਾਈ ਸੁਣਨ ਦੀ ਹਿੰਮਤ ਨਹੀਂ ਹੈ, ਇਸ ਕਾਰਨ ਉਸ ਨੇ ਅਕਾਲੀ ਦਲ ਨੂੰ ਮੁਅੱਦਲ ਕਰਨ ਦਾ ਰਸਤਾ ਚੁਣਿਆ ਹੈ।