
ਬੀਤੀ ਦੇਰ ਸ਼ਾਮ ਫ਼ਿਰੋਜ਼ਪੁਰ ਸਥਿਤ ਪੁਲਿਸ ਲਾਈਨ ਵਿਖੇ ਸੀਵਰੇਜ ਦੀ ਸਫ਼ਾਈ ਕਰਦੇ ਸਮੇਂ ਵਾਪਰੇ ਹਾਦਸੇ ਵਿਚ ਇਕ ਪੁਲਿਸ ਮੁਲਾਜ਼ਮ ਤੋਂ ਇਲਾਵਾ ਤਿੰਨ ਦੀ ਮੌਤ, ...
ਫ਼ਿਰੋਜ਼ਪੁਰ, ਬੀਤੀ ਦੇਰ ਸ਼ਾਮ ਫ਼ਿਰੋਜ਼ਪੁਰ ਸਥਿਤ ਪੁਲਿਸ ਲਾਈਨ ਵਿਖੇ ਸੀਵਰੇਜ ਦੀ ਸਫ਼ਾਈ ਕਰਦੇ ਸਮੇਂ ਵਾਪਰੇ ਹਾਦਸੇ ਵਿਚ ਇਕ ਪੁਲਿਸ ਮੁਲਾਜ਼ਮ ਤੋਂ ਇਲਾਵਾ ਤਿੰਨ ਦੀ ਮੌਤ, ਜਦੋਂ ਕਿ ਇਕ ਵਿਅਕਤੀ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ ਸੀ। ਜਾਣਕਾਰੀ ਅਨੁਸਾਰ ਫ਼ਿਰੋਜ਼ਪੁਰ ਸਥਿਤ ਪੁਲਿਸ ਲਾਈਨ ਵਿਖੇ ਸੀਵਰੇਜ ਦੀ ਸਫ਼ਾਈ ਕਰਦੇ ਸਮੇਂ ਮਜ਼ਦੂਰ ਰਵੀ ਕੁਮਾਰ ਉਰਫ਼ ਸੰਜੂ ਗੈਸ ਚੜ੍ਹਨ ਕਾਰਨ ਉਹ ਗਟਰ ਵਿਚ ਹੀ ਬੇਹੋਸ਼ ਹੋ ਗਿਆ ਜਿਸ ਨੂੰ ਕਢਣ ਲਈ ਕ੍ਰਿਸ਼ਨ ਕੁਮਾਰ ਉਰਫ਼ ਪੱਪੂ ਅਤੇ ਸਫ਼ਾਈ ਸੇਵਕ ਬਲਬੀਰ ਸਿੰਘ ਬੀਰਾ ਅੱਗੇ ਆਏ, ਜਿਹੜੇ ਕਿ ਜ਼ਹਿਰੀਲੀ ਗੈਸ ਚੜ੍ਹਨ ਕਾਰਨ ਖ਼ੁਦ ਗਟਰ ਵਿਚ ਡਿੱਗ ਪਏ।
ਇਨ੍ਹਾਂ ਤਿੰਨਾਂ ਨੂੰ ਬਚਾਉਣ ਵਾਸਤੇ ਜਦੋਂ ਪੰਜਾਬ ਪੁਲਿਸ ਦਾ ਜਵਾਨ ਲਛਮਣ ਸਿੰਘ ਅੱਗੇ ਆਇਆ ਤਾਂ ਗਟਰ ਵਿਚ ਡਿੱਗੇ ਤਿੰਨਾਂ ਵਿਅਕਤੀਆਂ ਨੂੰ ਬਚਾਉਂਦਾ ਬਚਾਉਂਦਾ ਉਹ ਖ਼ੁਦ ਗਟਰ ਵਿਚ ਡਿੱਗ ਪਿਆ। ਵਾਪਰੇ ਇਸ ਹਾਦਸੇ ਵਿਚ ਪੰਜਾਬ ਪੁਲਿਸ ਦੇ ਮੁਲਾਜ਼ਮ ਲਛਮਣ ਸਿੰਘ (22 ਸਾਲ), ਸਫ਼ਾਈ ਸੇਵਕ ਰਵੀ ਕੁਮਾਰ (30 ਸਾਲ) ਅਤੇ ਕ੍ਰਿਸ਼ਨ ਕੁਮਾਰ ਉਰਫ਼ ਪੱਪੂ ਦੀ ਮੌਤ ਹੋ ਗਈ, ਜਦੋਂ ਕਿ ਸਫ਼ਾਈ ਸੇਵਕ ਬਲਬੀਰ ਸਿੰਘ ਬੀਰਾ ਦੇ ਡਾਕਟਰਾਂ ਵਲੋਂ ਇਲਾਜ ਕੀਤਾ ਜਾ ਰਿਹਾ।
ਇਸ ਮਾਮਲੇ ਨੂੰ ਲੈ ਕੇ ਮ੍ਰਿਤਕ ਸਫ਼ਾਈ ਮਜ਼ਦੂਰਾਂ ਦੇ ਪਰਵਾਰ ਵਲੋਂ ਸਥਾਨਕ ਪੁਲਿਸ ਲਾਈਨ ਸਾਹਮਣੇ ਰੋਸ ਵਜੋਂ ਧਰਨਾ ਲਗਾਇਆ ਗਿਆ। ਫ਼ਿਰੋਜ਼ਪੁਰ ਦੇ ਐਸ ਐਸ ਪੀ ਪ੍ਰੀਤਮ ਸਿੰਘ ਨੇ ਮੌਕੇ 'ਤੇ ਪਹੁੰਚ ਕੇ ਧਰਨਾਕਾਰੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਮ੍ਰਿਤਕ ਮਜ਼ਦੂਰਾਂ ਦੇ ਪਰਵਾਰਾਂ ਨੂੰ ਯੋਗ ਮੁਆਵਜ਼ਾ ਅਤੇ ਨੌਕਰੀ ਲਈ ਸਰਕਾਰ ਨੂੰ ਲਿਖਣਗੇ।