
ਚੰਡੀਗੜ੍ਹ : ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਨਿਰਦੇਸ਼ਾਂ ਨਾਲ ਜਲੰਧਰ ਨਗਰ ਨਿਗਮ ਦੇ ਕਮਿਸ਼ਨਰ ਡਾ. ਬਸੰਤ ਗਰਗ ਨੇ ਸ਼ਹਿਰ ਦੇ ਕਰੀਬ 40 ਮੈਰਿਜ ਪੈਲੇਸਾਂ ਦੇ ਪਾਣੀ ਅਤੇ ਸੀਵਰੇਜ ਕੁਨੈਕਸ਼ਨ ਕੱਟਣ ਦੇ ਨਿਰਦੇਸ਼ ਜਾਰੀ ਕਰ ਦਿੱਤੇ ਹਨ, ਜਿਸ ਨਾਲ ਮੈਰਿਜ ਪੈਲੇਸਾਂ ਦੇ ਮਾਲਕਾਂ 'ਚ ਤਰਥੱਲੀ ਮਚ ਗਈ ਹੈ। ਇਸ ਸਬੰਧ ਵਿਚ ਬੁੱਧਵਾਰ ਕਮਿਸ਼ਨਰ ਨੇ ਬਿਲਡਿੰਗ ਵਿਭਾਗ ਅਤੇ ਓ. ਐਂਡ ਐੱਮ. ਸੈੱਲ ਦੀ ਇਕ ਵਿਸ਼ੇਸ਼ ਬੈਠਕ ਬੁਲਾਈ, ਜਿਸ ਦੌਰਾਨ ਸਾਰੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਕਿ ਪਹਿਲੀ ਮਾਰਚ ਨੂੰ ਨਾਜਾਇਜ਼ ਤੌਰ 'ਤੇ ਚੱਲ ਰਹੇ ਮੈਰਿਜ ਪੈਲੇਸਾਂ ਨੂੰ ਨੋਟਿਸ ਦੇਣ ਦਾ ਕੰਮ ਸ਼ੁਰੂ ਕੀਤਾ ਜਾਵੇ ਤੇ 5 ਮਾਰਚ ਤੱਕ ਕਾਰਵਾਈ ਰਿਪੋਰਟ ਦਿੱਤੀ ਜਾਵੇ। ਮੰਨਿਆ ਜਾ ਰਿਹਾ ਹੈ ਕਿ ਅਗਲੇ 2-3 ਦਿਨਾਂ ਵਿਚ ਨਿਗਮ ਸਟਾਫ ਕੁਨੈਕਸ਼ਨ ਕੱਟਣ ਦਾ ਕੰਮ ਸ਼ੁਰੂ ਕਰ ਦੇਵੇਗਾ।
ਜ਼ਿਕਰੇਯੋਗ ਹੈ ਕਿ ਕਈ ਸਾਲ ਪਹਿਲਾਂ ਮੈਰਿਜ ਪੈਲੇਸਾਂ ਦੀ ਪਾਰਕਿੰਗ ਨੂੰ ਲੈ ਕੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵਿਚ ਪਟੀਸ਼ਨ ਦਾਇਰ ਹੋਈ ਸੀ। ਅਦਾਲਤ ਨੇ ਸੂਬਾ ਸਰਕਾਰ ਨੂੰ ਇਸ ਸਬੰਧ 'ਚ ਪਾਲਿਸੀ ਬਣਾਉਣ ਦੇ ਨਿਰਦੇਸ਼ ਦਿੱਤੇ ਸਨ। ਸਮੁੱਚੇ ਪੰਜਾਬ ਦੇ ਮੈਰਿਜ ਪੈਲੇਸਾਂ ਦੇ ਮਾਲਕਾਂ ਨੇ ਪੰਜਾਬ ਸਰਕਾਰ ਵੱਲੋਂ ਇਸ ਸਬੰਧ ਵਿਚ ਬਣਾਈਆਂ ਗਈਆਂ 3-4 ਪਾਲਿਸੀਆਂ ਨੂੰ ਰੱਦ ਜਿਹਾ ਕੀਤਾ ਹੋਇਆ ਹੈ ਅਤੇ ਜ਼ਿਆਦਾਤਰ ਮੈਰਿਜ ਪੈਲੇਸ ਆਪਣੇ-ਆਪ ਇਸ ਪਾਲਿਸੀ ਅਧੀਨ ਰੈਗੂਲਰ ਨਹੀਂ ਕਰਵਾ ਰਹੇ।
ਮੈਰਿਜ ਪੈਲੇਸਾਂ ਦੇ ਮਾਮਲਿਆਂ 'ਚ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵਿਚ ਅਗਲੀ ਸੁਣਵਾਈ 28 ਮਾਰਚ ਨੂੰ ਹੋਣੀ ਹੈ, ਜਿਸ ਦਿਨ ਨਿਗਮ ਨੇ ਐਕਸ਼ਨ ਟੇਕਨ ਰਿਪੋਰਟ ਪੇਸ਼ ਕਰਨੀ ਹੈ। ਅਦਾਲਤ ਨੇ ਇਸ ਮਾਮਲੇ ਵਿਚ ਨਿਗਮ ਨੂੰ ਸਖ਼ਤ ਨਿਰਦੇਸ਼ ਜਾਰੀ ਕੀਤੇ ਹਨ, ਜਿਨ੍ਹਾਂ 'ਤੇ ਅਮਲ ਕਰਦਿਆਂ ਹੁਣ ਨਿਗਮ ਨੇ ਕੁਨੈਕਸ਼ਨ ਕੱਟਣ ਦੀ ਕਾਰਵਾਈ ਕਰਨ ਦਾ ਮਨ ਬਣਾਇਆ ਹੈ। ਨਿਗਮ ਹੁਣ ਤੱਕ ਮੈਰਿਜ ਪੈਲੇਸਾਂ 'ਤੇ ਕਾਰਵਾਈ ਨੂੰ ਲਟਕਾਉਂਦਾ ਆ ਰਿਹਾ ਸੀ।
ਜਲੰਧਰ ਨਗਰ ਨਿਗਮ ਵੱਲੋਂ ਕੀਤੇ ਗਏ ਸਰਵੇ ਅਨੁਸਾਰ ਸ਼ਹਿਰ ਦੀ ਹੱਦ 'ਚ 55 ਮੈਰਿਜ ਪੈਲੇਸ ਹਨ। ਇਨ੍ਹਾਂ 'ਚੋਂ 6 ਮੈਰਿਜ ਪੈਲੇਸ ਹੁਣ ਬੰਦ ਹੋ ਚੁੱਕੇ ਹਨ ਅਤੇ 18 ਮੈਰਿਜ ਪੈਲੇਸਾਂ ਦੇ ਮਾਲਕਾਂ ਨੇ ਪਾਲਿਸੀ ਅਧੀਨ ਅਪਲਾਈ ਹੀ ਨਹੀਂ ਕੀਤਾ। 16 ਮੈਰਿਜ ਪੈਲੇਸ ਅਜਿਹੇ ਹਨ ਜੋ ਪਾਲਿਸੀ ਅਧੀਨ ਰੈਗੂਲਰ ਨਹੀਂ ਹੋ ਸਕਦੇ। 8 ਮੈਰਿਜ ਪੈਲੇਸ ਨਿਯਮ ਅਨੁਸਾਰ ਚੱਲ ਰਹੇ ਹਨ ਅਤੇ ਕੁਝ ਮੈਰਿਜ ਪੈਲੇਸ ਵਾਲਿਆਂ ਨੇ ਰੈਗੁਲਰ ਸਬੰਧੀ ਅਰਜ਼ੀਆਂ ਦਿੱਤੀਆਂ ਹੋਈਆਂ ਹਨ। ਪਹਿਲੇ ਪੜਾਅ 'ਚ ਨਿਗਮ ਬੰਦ ਹੋ ਚੁੱਕੇ ਪੈਲੇਸਾਂ ਤੋਂ ਇਲਾਵਾ ਰੈਗੁਲਰ ਨਾ ਹੋ ਸਕਣ ਵਾਲੇ ਅਤੇ ਅਪਲਾਈ ਨਾ ਕਰਨ ਵਾਲੇ ਪੈਲੇਸਾਂ ਦੇ ਕੁਨੈਕਸ਼ਨ ਕੱਟੇਗਾ।
ਨਿਗਮ ਨੇ ਨਾਜਾਇਜ਼ ਤੌਰ 'ਤੇ ਚੱਲ ਰਹੇ ਮੈਰਿਜ ਪੈਲੇਸਾਂ 'ਤੇ ਸ਼ਿਕੰਜਾ ਕੱਸਦਿਆਂ ਪਾਵਰਕਾਮ ਨੂੰ ਵੀ ਚਿੱਠੀ ਲਿਖੀ ਹੈ ਕਿ ਇਨ੍ਹਾਂ ਮੈਰਿਜ ਪੈਲੇਸਾਂ ਦੇ ਬਿਜਲੀ ਕੁਨੈਕਸ਼ਨ ਕੱਟ ਦਿੱਤੇ ਜਾਣ। ਹੁਣ ਦੇਖਣਾ ਹੈ ਕਿ ਪਾਵਰਕਾਮ ਇਸ ਸਬੰਧ 'ਚ ਆਪਣੇ ਪੱਧਰ 'ਤੇ ਕੀ ਕਾਰਵਾਈ ਕਰਦਾ ਹੈ।
ਅਸਲ ਵਿਚ ਜ਼ਿਆਦਤਰ ਮੈਰਿਜ ਪੈਲੇਸ ਆਪਣੀ ਪਾਰਕਿੰਗ ਕਾਰਨ ਇਲਾਕੇ ਵਿਚ ਸਮੱਸਿਆ ਦਾ ਕਾਰਨ ਬਣਦੇ ਹਨ। ਨਕਸ਼ਾ ਪਾਸ ਕਰਵਾਉਣ ਸਮੇਂ ਜੋ ਜਗ੍ਹਾ ਪਾਰਕਿੰਗ ਲਈ ਛੱਡੀ ਵਿਖਾਈ ਜਾਂਦੀ ਹੈ, ਉਥੇ ਕਈ ਮੈਰਿਜ ਪੈਲੇਸ ਵਾਲੇ ਲਾਅਨ ਬਣਾ ਲੈਂਦੇ ਹਨ, ਜਿੱਥੇ ਸਟਾਲ ਲਾ ਕੇ ਫੰਕਸ਼ਨ ਕੀਤੇ ਜਾਂਦੇ ਹਨ ਅਤੇ ਪਾਰਕਿੰਗ ਸੜਕਾਂ 'ਤੇ ਜਾਂ ਨੇੜੇ-ਤੇੜੇ ਕਰਵਾਈ ਜਾਂਦੀ ਹੈ, ਜਿਸ ਨਾਲ ਲੋਕਾਂ ਨੂੰ ਬੇਹੱਦ ਪ੍ਰੇਸ਼ਾਨੀ ਹੁੰਦੀ ਹੈ ਤੇ ਇਸ ਕਾਰਨ ਮਾਮਲਾ ਅਦਾਲਤ ਵਿਚ ਗਿਆ ਸੀ।