
ਅੰਮ੍ਰਿਤਸਰ ਦਾ ਕੁੱਲ ਰਕਬਾ 2683 ਵਰਗ ਕਿਲੋਮੀਟਰ ਹੈ, ਜਿਸ ਵਿਚੋਂ ਸਿਰਫ਼ 0.95 ਫ਼ੀ ਸਦੀ ਹੀ ਜੰਗਲ ਹੈ
ਅੰਮ੍ਰਿਤਸਰ: ਹਰ ਸਾਲ ਵਿਸ਼ਵ ਵਾਤਾਵਰਨ ਦਿਵਸ 'ਤੇ ਰੁੱਖਾਂ ਅਤੇ ਪੌਦਿਆਂ ਨੂੰ ਬਚਾਉਣ ਅਤੇ ਵਧਾਉਣ ਦਾ ਸੰਕਲਪ ਲਿਆ ਜਾਂਦਾ ਹੈ ਪਰ ਪਿਛਲੇ 12 ਸਾਲਾਂ ਦੌਰਾਨ ਜ਼ਿਲ੍ਹੇ ਦੇ ਕੁੱਲ ਰਕਬੇ 'ਚ ਜੰਗਲਾਤ ਦਾ ਰਕਬਾ ਸਿਰਫ਼ 0.7 ਫ਼ੀ ਸਦੀ ਹੀ ਵਧਿਆ ਹੈ। ਦੂਜੇ ਪਾਸੇ ਜ਼ਿਲ੍ਹੇ ਦੀ ਆਬਾਦੀ 12 ਸਾਲਾਂ ਵਿਚ 8 ਲੱਖ ਵਧੀ ਹੈ, ਜਦਕਿ 14 ਸਾਲਾਂ ਵਿਚ ਵਾਹਨਾਂ ਵਿਚ 11 ਗੁਣਾ ਵਾਧਾ ਹੋਇਆ ਹੈ। ਇਸ ਨਾਲ ਹਵਾ ਵਿਚ ਪ੍ਰਦੂਸ਼ਣ ਵਧ ਰਿਹਾ ਹੈ, ਜਿਸ ਕਾਰਨ ਲੋਕਾਂ ਵਿਚ ਬਿਮਾਰੀਆਂ ਫੈਲ ਰਹੀਆਂ ਹਨ। ਟਰਾਂਸਪੋਰਟ ਵਿਭਾਗ ਦੇ ਅੰਕੜਿਆਂ ਅਨੁਸਾਰ ਜ਼ਿਲ੍ਹੇ ਵਿਚ ਸਾਲ 2009 ਵਿਚ 1.67 ਲੱਖ ਵਾਹਨ ਸਨ ਜੋ 11 ਗੁਣਾ ਵਧ ਕੇ ਹੁਣ 14.82 ਲੱਖ ਤਕ ਪਹੁੰਚ ਗਏ ਹਨ। ਸਾਲ 2011 ਦੀ ਮਰਦਮਸ਼ੁਮਾਰੀ ਵਿਚ ਜ਼ਿਲ੍ਹੇ ਦੀ ਆਬਾਦੀ 24.90 ਸੀ ਜੋ ਕਿ ਹੁਣ 32 ਲੱਖ ਤਕ ਪਹੁੰਚਣ ਦਾ ਅਨੁਮਾਨ ਹੈ।
ਇਹ ਵੀ ਪੜ੍ਹੋ: ਸਾਬਕਾ ਵਿਧਾਇਕ ਸਿੱਕੀ ਦੇ ਪੀ.ਏ. ਕੋਲੋਂ ਦੇਸੀ ਅਤੇ ਅੰਗਰੇਜ਼ੀ ਸ਼ਰਾਬ ਦੀਆਂ ਨਜਾਇਜ਼ ਪੇਟੀਆਂ ਬਰਾਮਦ
ਅੰਮ੍ਰਿਤਸਰ ਦਾ ਕੁੱਲ ਰਕਬਾ 2683 ਵਰਗ ਕਿਲੋਮੀਟਰ ਹੈ, ਜਿਸ ਵਿਚੋਂ ਸਿਰਫ਼ 0.95 ਫ਼ੀ ਸਦੀ ਹੀ ਜੰਗਲ ਹੈ। ਇਨ੍ਹਾਂ ਵਿਚ ਸੰਘਣੇ ਅਤੇ ਘੱਟ ਸੰਘਣੇ ਜੰਗਲ ਸ਼ਾਮਲ ਹਨ। ਵਣ ਸਰਵੇਖਣ ਅਨੁਸਾਰ ਸਾਲ 2011 ਵਿਚ ਜ਼ਿਲ੍ਹੇ ਦੇ 0.88 ਫ਼ੀ ਸਦੀ ਰਕਬੇ ਵਿਚ ਦਰੱਖਤ ਅਤੇ ਪੌਦੇ ਸਨ। 4 ਸਾਲ ਬਾਅਦ 2015 'ਚ ਵੀ ਉਨ੍ਹਾਂ 'ਚ ਕੋਈ ਬਦਲਾਅ ਨਹੀਂ ਹੋਇਆ। ਫਿਰ 2019 ਵਿਚ 1% ਖੇਤਰ ਜੰਗਲ ਬਣ ਗਿਆ। ਮਤਲਬ ਜੰਗਲੀ ਖੇਤਰ 0.12% ਵਧਿਆ ਹੈ। ਪਰ ਸਾਲ 2021 ਵਿਚ ਇਹ 0.5% ਘਟ ਕੇ 0.95% ਹੋ ਗਿਆ। ਹੁਣ 2023 ਦੇ ਅੰਤ ਤਕ ਦੁਬਾਰਾ ਸਰਵੇਖਣ ਕੀਤਾ ਜਾਵੇਗਾ, ਜਿਸ ਦੀ ਰੀਪੋਰਟ 2024 ਵਿਚ ਆਵੇਗੀ।
ਇਹ ਵੀ ਪੜ੍ਹੋ: ਅਵਧੇਸ਼ ਰਾਏ ਕਤਲ ਮਾਮਲਾ: ਮਾਫ਼ੀਆ ਮੁਖਤਾਰ ਅੰਸਾਰੀ ਦੋਸ਼ੀ ਕਰਾਰ
ਜ਼ਿਲ੍ਹਾ ਜੰਗਲਾਤ ਅਫ਼ਸਰ ਰਾਜੇਸ਼ ਗੁਲਾਟੀ ਨੇ ਦਸਿਆ ਕਿ ਜ਼ਿਲ੍ਹੇ ਵਿਚ ਵਾਤਾਵਰਨ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਵਾਤਾਵਰਨ ਦਿਵਸ ਮੌਕੇ ਮੁਹਿੰਮ ਚਲਾਈ ਜਾਵੇਗੀ। ਸੂਬਾ ਸਰਕਾਰ ਨੇ ਹਰੇਕ ਵਿਧਾਨ ਸਭਾ ਹਲਕੇ ਵਿਚ 50,000 ਰੁੱਖ ਲਗਾਉਣ ਦਾ ਟੀਚਾ ਦਿਤਾ ਹੈ। ਉਨ੍ਹਾਂ ਦਸਿਆ ਕਿ ਪ੍ਰੀ-ਮੌਨਸੂਨ ਸ਼ੁਰੂ ਹੋਣ ਤੋਂ ਬਾਅਦ ਜੰਗਲਾਤ ਵਿਭਾਗ ਵਲੋਂ ਖਾਲੀ ਪਈਆਂ ਥਾਵਾਂ 'ਤੇ ਬੂਟੇ ਲਗਾਏ ਜਾਣੇ ਹਨ। 300 ਹੈਕਟੇਅਰ ਰਕਬੇ ਵਿਚ 3 ਲੱਖ ਬੂਟੇ ਲਗਾਉਣ ਦਾ ਟੀਚਾ ਰਖਿਆ ਗਿਆ ਹੈ। ਜੇਕਰ ਇਹ ਮਿਸ਼ਨ ਕਾਮਯਾਬ ਹੁੰਦਾ ਹੈ ਤਾਂ ਗੁਰੂਨਗਰੀ ਵਿਚ ਜੰਗਲੀ ਖੇਤਰ ਵਿਚ ਵਾਧਾ ਹੋਵੇਗਾ।
ਇਹ ਵੀ ਪੜ੍ਹੋ: ਆਜ਼ਾਦੀ ਤੋਂ ਲੈ ਕੇ ਹੁਣ ਤਕ ਲੋਕ ਸਭਾ ’ਚ ਭਾਸ਼ਣਾਂ ਦੇ 14 ਲੱਖ ਸਫ਼ਿਆਂ ਨੂੰ ਕੀਤਾ ਜਾਵੇਗਾ ਆਨਲਾਈਨ
ਡੀ.ਐਫ.ਓ. ਰਾਜੇਸ਼ ਨੇ ਦਸਿਆ ਕਿ ਸੀ.ਡੀ.ਐਫ. ਸਕੀਮ ਤਹਿਤ ਕਿਸਾਨਾਂ ਨੂੰ ਅਪਣੀ ਜ਼ਮੀਨ ਵਿਚ ਇਕ ਬੂਟਾ ਲਗਾਉਣ ਲਈ 60 ਰੁਪਏ ਦਿਤੇ ਜਾਣਗੇ। ਕਿਸਾਨਾਂ ਨੂੰ ਇਹ ਰਕਮ 3 ਸਾਲਾਂ ਵਿਚ ਮਿਲ ਜਾਵੇਗੀ। ਪਹਿਲੇ ਸਾਲ 30 ਰੁਪਏ, ਦੂਜੇ ਅਤੇ ਤੀਜੇ ਸਾਲ 15-15 ਰੁਪਏ ਦਿਤੇ ਜਾਣਗੇ। ਹਾਲਾਂਕਿ ਜੇਕਰ ਇਹ ਪੌਦੇ ਸੁੱਕ ਜਾਂਦੇ ਹਨ, ਤਾਂ ਰਕਮ ਕੱਟ ਦਿਤੀ ਜਾਵੇਗੀ।