
ਜੋਗਿੰਦਰ ਸਿੰਘ ਗੁੱਜਰ ਦੀ ਪਤਨੀ ਨੇ ਦਿੱਤਾ ਬਿਆਨ
ਕਪੂਰਥਲਾ: ਕਪੂਰਥਲਾ ਦੇ ਪਿੰਡ ਅਕਾਲਾ ਤੋਂ ਗ੍ਰਿਫ਼ਤਾਰ ਕੀਤੇ ਗਏ ਜੋਗਿੰਦਰ ਸਿੰਘ ਗੁੱਜਰ 'ਤੇ ਪੁਲਿਸ ਵੱਲੋਂ ਭਾਵੇਂ ਰੈਫਰੈਂਡਮ-2020 ਨੂੰ ਪ੍ਰਮੋਟ ਕਰਨ ਵਾਲੀ ਜਥੇਬੰਦੀ ਸਿੱਖਸ ਫਾਰ ਜਸਟਿਸ ਦਾ ਸਰਗਰਮ ਮੈਂਬਰ ਹੋਣ ਦੇ ਇਲਜ਼ਾਮ ਲਗਾਏ ਜਾ ਰਹੇ ਨੇ ਪਰ ਜੋਗਿੰਦਰ ਸਿੰਘ ਗੁੱਜਰ ਦੇ ਪਰਿਵਾਰ ਨੇ ਪੁਲਿਸ ਵੱਲੋਂ ਲਗਾਏ ਇਨ੍ਹਾਂ ਸਾਰੇ ਦੋਸ਼ਾਂ ਨੂੰ ਸਿਰੇ ਤੋਂ ਨਾਕਾਰਿਆ ਹੈ।
Joginder Singh Gujjar
ਗੁੱਜਰ ਦੀ ਪਤਨੀ ਗੁਰਮੀਤ ਕੌਰ ਨੇ ਕਿਹਾ ਕਿ ਪੁਲਿਸ ਵੱਲੋਂ ਉਨ੍ਹਾਂ ਦੇ ਪਤੀ ਨੂੰ ਜਾਣ-ਬੁੱਝ ਕੇ ਫਸਾਇਆ ਜਾ ਰਿਹਾ ਹੈ, ਉਹ ਤਾਂ ਇਟਲੀ ਤੋਂ ਅਪਣੇ ਰਿਸ਼ਤੇਦਾਰਾਂ ਦੇ ਵਿਆਹ ਵਿਚ ਸ਼ਾਮਲ ਹੋਣ ਲਈ ਇੱਥੇ ਆਏ ਸਨ ਅਤੇ ਵਿਦੇਸ਼ ਵਿਚ ਦਿਹਾੜੀ ਕਰ ਕੇ ਅਪਣਾ ਗੁਜ਼ਾਰਾ ਕਰਦੇ ਹਨ। ਗੁੱਜਰ ਦੀ ਪਤਨੀ ਗੁਰਮੀਤ ਕੌਰ ਨੇ ਅੱਗੇ ਦਸਿਆ ਕਿ ਉਹਨਾਂ ਦਾ ਗੁਰਪਤਵੰਤ ਸਿੰਘ ਪੰਨੂੰ ਨਾਲ ਕੋਈ ਸਬੰਧ ਨਹੀਂ ਹੈ।
Joginder Singh Gujjar
ਉਹਨਾਂ ਦਾ ਖਾਲਿਸਤਾਨ ਨਾਲ ਕੋਈ ਲੈਣਾ-ਦੇਣਾ ਨਹੀਂ ਹੈ ਤੇ ਉਹ ਕਾਂਗਰਸੀ ਪਾਰਟੀ ਨਾਲ ਜੁੜੇ ਹੋਏ ਹਨ। ਉਹਨਾਂ ਨਾਲ ਪੰਜਾਬ ਸਰਕਾਰ ਵੱਲੋਂ ਧੱਕਾ ਕੀਤਾ ਜਾ ਰਿਹਾ ਹੈ ਤੇ ਉਹ ਇਨਸਾਫ਼ ਦੀ ਮੰਗ ਕਰਦੇ ਹਨ। ਉਹਨਾਂ ਦੇ ਪਤੀ ਨੂੰ ਦੋ ਵਾਰ ਅਟੈਕ ਵੀ ਹੋ ਚੁੱਕਾ ਹੈ। ਉਹਨਾਂ ਦੀ ਇਹੀ ਮੰਗ ਹੈ ਕਿ ਉਹਨਾਂ ਦੇ ਪਤੀ ਨੂੰ ਜਲਦ ਤੋਂ ਜਲਦ ਰਿਹਾਅ ਕੀਤਾ ਜਾਵੇ ਤਾਂ ਜੋ ਉਹ ਉਹਨਾਂ ਦਾ ਵਿਦੇਸ਼ ਵਿਚ ਜਾ ਕੇ ਇਲਾਜ ਕਰਵਾ ਸਕਣ।
Joginder Singh Gujjar
ਇਸ ਸਬੰਧੀ ਗੱਲਬਾਤ ਕਰਦਿਆਂ ਭੁਲੱਥ ਦੇ ਡੀਐਸਪੀ ਜਤਿੰਦਰਜੀਤ ਸਿੰਘ ਨੇ ਦੱਸਿਆ ਕਿ ਜੋਗਿੰਦਰ ਸਿੰਘ ਗੁੱਜਰ ਸਿੱਖਸ ਫਾਰਸ ਜਸਟਿਸ ਦਾ ਸਰਗਰਮ ਮੈਂਬਰ ਹੈ ਜੋ ਪੰਜਾਬ ਵਿਚ ਖ਼ਾਲਿਸਤਾਨ ਦਾ ਮੁੱਦਾ ਉਠਾ ਕੇ ਨੌਜਵਾਨਾਂ ਨੂੰ ਭਰਮਾਉਣ ਦਾ ਕੰਮ ਕਰ ਰਹੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਜੋਗਿੰਦਰ ਗੁੱਜਰ ਇਕ ਚੰਗੇ ਪਰਿਵਾਰ ਵਿਚੋਂ ਹੈ ਪਰ ਪਤਾ ਨਹੀਂ ਕਿਉਂ ਉਹ ਇਸ ਜਥੇਬੰਦੀ ਨਾਲ ਜੁੜ ਕੇ ਅਜਿਹੇ ਕੰਮ ਕਰ ਰਿਹਾ ਹੈ।
DSP Jatinderjit Singh
ਡੀਐਸਪੀ ਭੁਲੱਥ ਜਤਿੰਦਰਜੀਤ ਸਿੰਘ ਦਾ ਕਹਿਣਾ ਹੈ ਕਿ ਗੁੱਜਰ ਰੈਫਰੈਂਡਮ ਦਾ ਸਮਰਥਕ ਹੈ ਤੇ ਉਹ ਇਟਲੀ ਵਿਚੋਂ ਪੈਸੇ ਇਕੱਠੇ ਕਰ ਕੇ ਗੁਰਪਤਵੰਤ ਸਿੰਘ ਪੰਨੂੰ ਨੂੰ ਆਪ ਫੰਡ ਦੇ ਕੇ ਆਉਂਦਾ ਹੈ। ਉਸ ਤੋਂ ਇਹ ਵੀ ਪਤਾ ਲਗਾਇਆ ਜਾਵੇਗਾ ਕਿ ਇਸ ਵਿਚ ਹੋਰ ਕਿਹੜੇ-ਕਿਹੜੇ ਵਿਅਕਤੀ ਸ਼ਾਮਲ ਹਨ। ਉਧਰ ਖ਼ੁਦ ਜੋਗਿੰਦਰ ਸਿੰਘ ਨੇ ਵੀ ਪੁਲਿਸ ਵੱਲੋਂ ਲਗਾਏ ਗਏ ਦੋਸ਼ਾਂ ਨੂੰ ਗ਼ਲਤ ਕਰਾਰ ਦਿੰਦਿਆਂ ਅਪਣੇ ਆਪ ਨੂੰ ਨਿਰਦੋਸ਼ ਦੱਸਿਆ।
Gurmeet Kaur
ਉਸ ਨੇ ਕਿਹਾ ਕਿ ਮੈਨੂੰ ਜਾਣਬੁੱਝ ਫਸਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਐ ਜਦਕਿ ਮੇਰਾ ਰੈਫਰੈਂਡਮ 2020 ਨਾਲ ਕੋਈ ਸਬੰਧ ਨਹੀਂ ਹੈ। ਦੱਸ ਦਈਏ ਕਿ ਜੋਗਿੰਦਰ ਸਿੰਘ ਗੁੱਜਰ ਨੂੰ ਬੀਤੇ ਦਿਨੀਂ ਕਪੂਰਥਲਾ ਜ਼ਿਲ੍ਹੇ ਦੇ ਪਿੰਡ ਅਕਾਲਾ ਤੋਂ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਸੀ। ਪੁਲਿਸ ਨੇ ਗੁੱਜਰ ਪਾਸੋਂ ਕੁੱਝ ਇਤਰਾਜ਼ਯੋਗ ਸਮਾਨ ਮਿਲਣ ਦੀ ਗੱਲ ਵੀ ਆਖੀ ਹੈ।
ਇਸ ਤੋਂ ਇਲਾਵਾ ਉਸ ਪਾਸੋਂ ਇਕ ਮੋਬਾਇਲ ਫ਼ੋਨ ਮਿਲਿਆ ਹੈ, ਜਿਸ ਤੋਂ ਉਹ ਅਪਣਾ ਨੈੱਟਵਰਕ ਚਲਾਉਂਦਾ ਸੀ। ਪੁਲਿਸ ਨੇ ਉਸ ਫ਼ੋਨ ਨੂੰ ਤਕਨੀਕੀ ਲੈਬ ਵਿਚ ਜਾਂਚ ਲਈ ਭੇਜਿਐ। ਫਿਲਹਾਲ ਪੁਲਿਸ ਵੱਲੋਂ ਗੁੱਜਰ ਤੋਂ ਪੁੱਛਗਿੱਛ ਕੀਤੀ ਜਾਵੇਗੀ ਅਤੇ ਉਸ ਦੇ ਪੰਜਾਬ ਵਿਚਲੇ ਹੋਰ ਨੈਟਵਰਕ ਦਾ ਪਤਾ ਲਗਾਇਆ ਜਾਵੇਗਾ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।