
ਸ਼ਾਰਟ ਸਰਕਟ ਹੋਣ ਦਾ ਖਦਸ਼ਾ
ਚੰਡੀਗੜ੍ਹ : ਸੈਕਟਰ 27 ਲਾਈਟ ਪੁਆਇੰਟ ਨੇੜੇ ਮੰਗਲਵਾਰ ਰਾਤ ਨੂੰ ਲਾਲ ਰੰਗ ਦੀ ਮਾਰੂਤੀ ਸਵਿਫਟ ਕਾਰ ਨੂੰ ਅਚਾਨਕ ਅੱਗ ਲੱਗ ਗਈ। ਲੋਕਾਂ ਨੇ ਤੁਰੰਤ ਚੰਡੀਗੜ੍ਹ ਪੁਲਿਸ ਅਤੇ ਫਾਇਰ ਵਿਭਾਗ ਨੂੰ ਸੂਚਿਤ ਕੀਤਾ। ਜਿਸ ਤੋਂ ਬਾਅਦ ਚੰਡੀਗੜ੍ਹ ਪੁਲਿਸ ਮੌਕੇ 'ਤੇ ਪਹੁੰਚ ਗਈ। ਇਸ ਦੇ ਨਾਲ ਹੀ ਅੱਗ 'ਤੇ ਕਾਬੂ ਪਾਉਣ ਲਈ ਚੰਡੀਗੜ੍ਹ ਇੰਡਸਟਰੀਅਲ ਏਰੀਆ ਫਾਇਰ ਸਟੇਸ਼ਨ ਤੋਂ ਵੀ ਫਾਇਰ ਟੈਂਡਰ ਪਹੁੰਚ ਗਏ।
ਮੌਕੇ 'ਤੇ ਪਹੁੰਚੀ ਚੰਡੀਗੜ੍ਹ ਪੁਲਿਸ ਨੇ ਤੁਰੰਤ ਆਵਾਜਾਈ ਰੋਕ ਦਿਤੀ ਅਤੇ ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਨੇ ਅੱਗ 'ਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਸ਼ੁਰੂ ਕਰ ਦਿਤੀਆਂ| ਹਾਦਸੇ 'ਚ ਕਿਸੇ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ।
ਜਾਣਕਾਰੀ ਅਨੁਸਾਰ ਇਹ ਕਾਰ ਹਿਮਾਚਲ ਤੋਂ ਆ ਰਹੀ ਸੀ ਕਿ ਸੈਕਟਰ 27 ਲਾਈਟ ਪੁਆਇੰਟ ਨੇੜੇ ਅਚਾਨਕ ਸ਼ਾਰਟ ਸਰਕਟ ਹੋਣ ਕਾਰਨ ਇਸ ਨੂੰ ਅੱਗ ਲੱਗ ਗਈ। ਪਹਿਲਾਂ ਕਾਰ 'ਚੋਂ ਧੂੰਆਂ ਨਿਕਲਣ ਲੱਗਾ, ਉਦੋਂ ਹੀ ਕਾਰ 'ਚ ਬੈਠੇ ਸਾਰੇ ਲੋਕ ਬਾਹਰ ਆ ਗਏ ਸਨ। ਜਿਸ ਕਾਰਨ ਵੱਡਾ ਹਾਦਸਾ ਹੋਣੋਂ ਟਲ ਗਿਆ।
ਕਾਰ ਦੇ ਮਾਲਕ ਦਾ ਨਾਂ ਵਿਜੇ ਕੁਮਾਰ ਦਸਿਆ ਜਾ ਰਿਹਾ ਹੈ। ਜਿਸ ਸਮੇਂ ਇਹ ਹਾਦਸਾ ਵਾਪਰਿਆ, ਉਸ ਸਮੇਂ ਕਾਰ ਵਿਚ 2 ਛੋਟੇ ਬੱਚਿਆਂ ਸਮੇਤ ਕੁੱਲ 5 ਲੋਕ ਸਵਾਰ ਸਨ। ਫਾਇਰ ਬ੍ਰਿਗੇਡ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਫਾਇਰ ਕਰਮੀਆਂ ਨੇ 10 ਮਿੰਟਾਂ 'ਚ ਅੱਗ 'ਤੇ ਕਾਬੂ ਪਾ ਲਿਆ।