
ਸਕੱਤਰ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਪੰਜਾਬ ਡਾ. ਕਾਹਨ ਸਿੰਘ ਪਨੂੰ ਦੀ ਪ੍ਰਧਾਨਗੀ ਹੇਠ ਸੂਬੇ ਦੇ ਮੁਖ ਖੇਤੀਬਾੜੀ ਅਫ਼ਸਰਾਂ ਦੀ ਮੀਟਿੰਗ ਕਿਸਾਨ ਭਵਨ ਵਿਖੇ...
ਚੰਡੀਗੜ੍ਹ, 4 ਅਗੱਸਤ (ਸਪੋਕਸਮੈਨ ਸਮਾਚਾਰ ਸੇਵਾ) : ਸਕੱਤਰ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਪੰਜਾਬ ਡਾ. ਕਾਹਨ ਸਿੰਘ ਪਨੂੰ ਦੀ ਪ੍ਰਧਾਨਗੀ ਹੇਠ ਸੂਬੇ ਦੇ ਮੁਖ ਖੇਤੀਬਾੜੀ ਅਫ਼ਸਰਾਂ ਦੀ ਮੀਟਿੰਗ ਕਿਸਾਨ ਭਵਨ ਵਿਖੇ ਮਿਤੀ 4 ਅਗੱਸਤ ਨੂੰ ਚੰਡੀਗੜ੍ਹ ਵਿਖੇ ਹੋਈ। ਇਸ ਮੀਟਿੰਗ ਵਿਚ ਸਕੱਤਰ ਖੇਤੀਬਾੜੀ ਨੇ ਸਮੂਹ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਦੇ ਜ਼ਿਲ੍ਹਿਆਂ ਤੇ ਸੂਬਾ ਪੱਧਰ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ
ਕਿ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਤੋਂ ਰੋਕਣ ਤੇ ਇਸ ਦੇ ਸੁਚੱਜੇ ਪ੍ਰਬੰਧਨ ਲਈ 20-25 ਸਤੰਬਰ ਦੌਰਾਨ ਵਿਸ਼ੇਸ਼ ਮਸ਼ੀਨਰੀ ਮੇਲੇ ਤੇ ਪ੍ਰਦਰਸ਼ਨੀਆਂ ਲਗਾਈਆਂ ਜਾਣ ਅਤੇ ਕਿਸਾਨਾਂ ਨੂੰ ਇਸ ਮਸ਼ੀਨਰੀ ਦੀ ਟ੍ਰੇਨਿੰਗ ਤੇ ਪਾਰਦਰਸ਼ੀ ਤਰੀਕੇ ਨਾਲ ਪਰਾਲੀ ਪ੍ਰਬੰਧਨ ਮਸ਼ੀਨਰੀ ਸਬਸਿਡੀ ਤੇ ਉਪਲਬਧ ਕਾਰਵਾਈ ਜਾਵੇ। ਉਨ੍ਹਾਂ ਇਹ ਜ਼ੋਰ ਦਿਤਾ ਕਿ ਕੋਈ ਵੀ ਕੰਬਾਈਨ ਮਸ਼ੀਨ ਬਿਨਾ ਸੁਪਰ ਐੱਸਐਮਐੱਸ ਸੰਦ ਤੋਂ ਸਤੰਬਰ ਤੋਂ ਬਾਅਦ ਸੜਕ 'ਤੇ ਬਿਲਕੁਲ ਨਹੀਂ ਆਉਣ ਦਿਤੀ ਜਾਵੇਗੀ।
ਡਾ. ਕਾਹਨ ਸਿੰਘ ਨੇ ਦਸਿਆ ਕਿ 15 ਅਗੱਸਤ ਤੋਂ ਵਪਾਰਕ ਬੈਂਕਾਂ ਤੋਂ ਕਰਜ਼ਾ ਲੈਣ ਵਾਲੇ ਛੋਟੇ ਕਿਸਾਨਾਂ ਦੇ ਕਰਜ਼ਾ ਮੁਕਤੀ ਦਾ ਕੰਮ ਪੰਜਾਬ ਸਰਕਾਰ ਵਲੋਂ ਹਰੇਕ ਜ਼ਿਲ੍ਹਾ ਹੈੱਡਕੁਆਟਰ ਤੋਂ ਆਰੰਭਿਆ ਜਾ ਰਿਹਾ ਹੈ। ਡਾ. ਜਸਬੀਰ ਸਿੰਘ ਬੈਂਸ, ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵਲੋਂ ਸਾਰਿਆਂ ਜ਼ਿਲ੍ਹਿਆਂ ਦੇ ਧਿਆਨ ਵਿਚ ਲਿਆਂਦਾ ਕਿ ਪੰਜਾਬ ਦੇ ਡੈਮਾਂ ਜਿਵੇਂ ਰਣਜੀਤ ਸਾਗਰ ਅਤੇ ਪੋਂਗ ਡੈਮ ਆਦਿ ਵਿਚ ਇਸ ਸਾਲ ਪਾਣੀ ਦਾ ਪੱਧਰ ਬਹੁਤ ਨੀਵਾਂ ਹੈ ਤੇ ਇਸ ਬਾਰੇ ਕਿਸਾਨ ਨੂੰ ਜਾਗਰੂਕ ਕਰ ਕੇ ਪਾਣੀ ਦਾ ਸੁਚੱਜਾ ਪ੍ਰਭੰਧਨ ਕਰਨ ਦੀ ਲੋੜ ਹੈ।
ਡਾ. ਜੇ.ਐਸ. ਬਰਾੜ, ਸੰਯੁਕਤ ਡਾਇਰੈਕਟਰ ਖੇਤੀਬਾੜੀ, ਖਾਦਾਂ ਨੇ ਦਸਿਆ ਕਿ ਸਕੱਤਰ ਖੇਤੀਬਾੜੀ ਦੇ ਨਿਰਦੇਸ਼ਾਂ ਅਧੀਨ ਚਲਾਈ ਗਈ ਮੁਹਿੰਮ ਜਿਸ ਅਧੀਨ ਕਿਸਾਨਾਂ ਨੂੰ ਡੀਏਪੀ ਅਤੇ ਯੂਰੀਆ ਖਾਦ ਦੀ ਵਰਤੋਂ ਸੰਜਮ ਨਾਲ ਕਰਨ ਬਾਲੇ ਜਾਗਰੂਕਤਾ ਮੁਹਿੰਮ ਅਰੰਭੀ ਸੀ, ਦੇ ਬਹੁਤ ਹੀ ਸਾਰਥਕ ਸਿੱਟੇ ਮਿਲਣੇ ਸ਼ੁਰੂ ਹੋ ਗਏ ਹਨ।