
721 ਕੈਦੀ ਲੈ ਰਹੇ ਨੇ ਨਸ਼ਾ ਛੱਡਣ ਜਾਂ ਕਿਸੇ ਹੋਰ ਬਿਮਾਰੀ ਦੀ ਦਵਾਈ
ਫਰੀਦਕੋਟ: ਜ਼ਿਲ੍ਹੇ ਦੀ ਮਾਰਡਨ ਜੇਲ 'ਚ ਬੰਦ ਕਰੀਬ ਅੱਧੇ ਕੈਦੀਆਂ ਦੀ ਡੋਪ ਟੈਸਟ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਸੂਬਾ ਸਰਕਾਰ ਦੇ ਹੁਕਮਾਂ 'ਤੇ ਪਿਛਲੇ ਹਫ਼ਤੇ ਜੇਲ੍ਹ 'ਚ ਬੰਦ 2333 ਵਿਅਕਤੀਆਂ ਦੇ ਡੋਪ ਟੈਸਟ ਕੀਤੇ ਗਏ ਸਨ, ਜਿਨ੍ਹਾਂ 'ਚ 1064 ਵਿਅਕਤੀਆਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ।
ਇਹਨਾਂ ਵਿਚੋਂ 721 ਦੇ ਕਰੀਬ ਕੈਦੀ ਅਤੇ ਹਵਾਲਾਤੀ ਨਸ਼ਾ ਛੱਡਣ, ਦਰਦ ਜਾਂ ਹੋਰ ਕਿਸੇ ਬਿਮਾਰੀ ਦੀ ਦਵਾਈ ਖਾ ਰਹੇ ਸਨ, ਇਹਨਾਂ ਦਾ ਇਲਾਜ ਜੇਲ੍ਹ ਵਿਚ ਹੀ ਚੱਲ ਰਿਹਾ ਹੈ। ਜੇਲ੍ਹ ਪ੍ਰਸ਼ਾਸਨ ਹੁਣ ਇਹਨਾਂ ਦੀ ਕਾਊਂਸਲਿੰਗ ਤੋਂ ਬਾਅਦ ਮੁੜ ਜਾਂਚ ਕਰਵਾਏਗਾ। ਸਿਵਲ ਸਰਜਨ ਡਾ. ਸੰਜੇ ਕਪੂਰ ਨੇ ਦੱਸਿਆ ਕਿ ਜੇਲ੍ਹ ਦੇ ਅੰਦਰ ਚੱਲ ਰਹੇ ਜੇਲ੍ਹ ਹਸਪਤਾਲ ਵਿਚ ਓਟ ਸੈਂਟਰ ਬਣਾਇਆ ਗਿਆ ਹੈ, ਜਿੱਥੇ ਪਹਿਲਾਂ ਹੀ ਵੱਡੀ ਗਿਣਤੀ ਵਿਚ ਨਸ਼ੇ ਦੇ ਆਦੀ ਕੈਦੀਆਂ ਦਾ ਇਲਾਜ ਕੀਤਾ ਜਾ ਰਿਹਾ ਹੈ।
ਜੇਲ੍ਹ ਵਿਚ ਨਸ਼ਿਆਂ ਦੀ ਸਪਲਾਈ ਨਾ ਰੁਕਣ ਦੀਆਂ ਲਗਾਤਾਰ ਮਿਲ ਰਹੀਆਂ ਸ਼ਿਕਾਇਤਾਂ ਦੇ ਮੱਦੇਨਜ਼ਰ ਸਰਕਾਰ ਵੱਲੋਂ ਸੂਬੇ ਦੀਆਂ ਸਾਰੀਆਂ ਛੋਟੀਆਂ-ਵੱਡੀਆਂ ਜੇਲ੍ਹਾਂ ਵਿਚ ਬੰਦ ਕੈਦੀਆਂ ਅਤੇ ਹਵਾਲਾਤੀਆਂ ਦੇ ਡੋਪ ਟੈਸਟ ਕਰਵਾਉਣ ਦਾ ਫੈਸਲਾ ਕੀਤਾ ਗਿਆ ਹੈ। ਇਸ ਤਹਿਤ ਸਿਹਤ ਵਿਭਾਗ ਵੱਲੋਂ ਫਰੀਦਕੋਟ ਦੀ ਮਾਡਰਨ ਜੇਲ੍ਹ ਵਿਚ ਬੰਦ ਸਾਰੇ ਕੈਦੀਆਂ ਦੇ ਡੋਪ ਟੈਸਟ ਕੀਤੇ ਗਏ। ਡੋਪ ਟੈਸਟ ਪਾਜ਼ੇਟਿਵ ਆਉਣ ਵਾਲੇ ਕੈਦੀਆਂ 'ਚ ਔਰਤਾਂ ਵੀ ਸ਼ਾਮਲ ਹਨ।