
ਤਿ੍ਰਪਤ ਬਾਜਵਾ ਨੂੰ ਘਟਨਾ ਸਥਾਨ ਵਲ ਰਵਾਨਾ ਹੋਣ ਦੇ ਕੀਤੇ ਹੁਕਮ
ਚੰਡੀਗੜ੍ਹ (ਸਪੋਕਸਮੈਨ ਸਮਾਚਾਰ ਸੇਵਾ): ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੁੱਧਵਾਰ ਨੂੰ ਬਟਾਲਾ ਵਿਖੇ ਪਟਾਕਾ ਫ਼ੈਕਟਰੀ ਵਿਚ ਹੋਏ ਜਬਰਦਸਤ ਧਮਾਕੇ ਦੀ ਘਟਨਾ ਦੀ ਮੈਜਿਸਟ੍ਰੇਟੀ ਜਾਂਚ ਦੇ ਹੁਕਮ ਦਿਤੇ ਹਨ। ਏ.ਡੀ.ਸੀ. (ਬਟਾਲਾ) ਨੂੰ ਇਸ ਦੁਖਦਾਈ ਘਟਨਾ ਦੀ ਜਾਂਚ ਕਰਨ ਲਈ ਹੁਕਮ ਕੀਤੇ ਗਏ ਹਨ।ਕੈਪਟਨ ਅਮਰਿੰਦਰ ਸਿੰਘ ਨੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਤਿ੍ਰਪਤ ਰਾਜਿੰਦਰ ਸਿੰਘ ਬਾਜਵਾ ਨੂੰ ਤੁਰੰਤ ਘਟਨਾ ਵਾਲੀ ਥਾਂ ’ਤੇ ਪੁੱਜਣ ਦੇ ਨਿਰਦੇਸ਼ ਦਿੱਤੇ ਹਨ
ਤਾਂ ਜੋ ਰਾਹਤ ਤੇ ਬਚਾਅ ਕਾਰਜਾਂ ਦੇ ਕੰਮ ਹੋਰ ਤੇਜ਼ੀ ਨਾਲ ਹੋ ਸਕਣ। ਮੁੱਖ ਮੰਤਰੀ ਨੇ ਇਸ ਘਟਨਾ ਵਿਚ ਮਾਰੇ ਗਏ ਹਰੇਕ ਵਿਅਕਤੀ ਦੇ ਵਾਰਸ ਨੂੰ 2 ਲੱਖ ਰੁਪਏ ਐਕਸ ਗ੍ਰੇਸ਼ੀਆ ਗਰਾਂਟ ਦੇਣ ਦਾ ਐਲਾਨ ਵੀ ਕੀਤਾ ਹੈ। ਇਸ ਤੋਂ ਇਲਾਵਾ ਅੰਮਿ੍ਰਤਸਰ ਮੈਡੀਕਲ ਕਾਲਜ ਲਈ ਰੈਫ਼ਰ ਕੀਤੇ ਹਰੇਕ ਗੰਭੀਰ ਜ਼ਖ਼ਮੀ ਨੂੰ 50 ਹਜ਼ਾਰ ਰੁਪਏ ਅਤੇ ਘੱਟ ਜ਼ਖ਼ਮੀ ਨੂੰ 25 ਹਜ਼ਾਰ ਰੁਪਏ ਦੇਣ ਦਾ ਐਲਾਨ ਕੀਤਾ ਹੈ।