
ਚੋਣਾਂ ਸਬੰਧੀ ਮੀਟਿੰਗ ਕਰਦੇ ਹੋਏ ਭਾਜਪਾ ਆਗੂਆਂ ਨੂੰ ਕਿਸਾਨਾਂ ਨੇ ਹੋਟਲ 'ਚ ਘੇਰਿਆ
ਪੁਲਿਸ ਮੁਲਾਜ਼ਮਾਂ ਨੇ ਭਾਜਪਾ ਆਗੂਆਂ ਨੂੰ ਸੁਰੱਖਿਅਤ ਕਢਿਆ
ਬਠਿੰਡਾ, 4 ਸਤੰਬਰ (ਸੁਖਜਿੰਦਰ ਮਾਨ) : ਕੇਂਦਰ ਦੀ ਭਾਜਪਾ ਸਰਕਾਰ ਵਲੋਂ ਲਿਆਂਦੇ ਤਿੰਨ ਖੇਤੀ ਵਿਰੋਧੀ ਕਾਲੇ ਕਾਨੂੰਨਾਂ ਵਿਰੁਧ ਪਿਛਲੇ ਕਰੀਬ ਇਕ ਸਾਲ ਤੋਂ ਸੰਘਰਸ਼ ਕਰ ਰਹੇ ਕਿਸਾਨਾਂ ਨੇ ਅੱਜ ਸਥਾਨਕ ਖੇਡ ਸਟੇਡੀਅਮ ਦੇ ਨਜ਼ਦੀਕ ਇਕ ਹੋਟਲ ਵਿਚ ਮੀਟਿੰਗ ਕਰਨ ਆਏ ਭਾਜਪਾੲਾੀਆਂ ਨੂੰ ਘੇਰ ਲਿਆ | ਇਸ ਦੌਰਾਨ ਐਸ.ਪੀ ਸੁਰਿੰਦਰਪਾਲ ਸਿੰਘ ਤੇ ਡੀਐਸਪੀ ਗੁਰਜੀਤ ਸਿੰਘ ਰੋਮਾਣਾ ਦੀ ਅਗਵਾਈ ਹੇਠ ਵੱਡੀ ਗਿਣਤੀ ਵਿਚ ਪੁੱਜੇ ਪੁਲਿਸ ਕਰਮਚਾਰੀਆਂ ਨੇ ਭਾਜਪਾ ਆਗੂਆਂ ਨੂੰ ਸੁਰਖਿਅਤ ਕਢਿਆ | ਹਾਲਾਂਕਿ ਯੂਪੀ ਦੇ ਮੁਜੱਫ਼ਰਾਬਾਦ ਵਿਖੇ ਸੰਯੁਕਤ ਕਿਸਾਨ ਮੋਰਚੇ ਵਲੋਂ ਸੱਦੀ ਮਹਾਂਪੰਚਾਇਤ ਵਿਚ ਹਿੱਸਾ ਲੈਣ ਲਈ ਜ਼ਿਲ੍ਹੇ ਦੇ ਵੱਡੀ ਗਿਣਤੀ ਵਿਚ ਕਿਸਾਨ ਗਏ ਹੋਏ ਹਨ |
ਸੂਤਰਾਂ ਮੁਤਾਬਕ ਭਾਜਪਾ ਆਗੂਆਂ ਨੇ ਇਹ ਮੌਕਾ ਵੇਖਦਿਆਂ ਅੱਜ ਬਠਿੰਡਾ ਸ਼ਹਿਰ ਦੇ ਸੁੱਖ ਸਾਗਰ ਹੋਟਲ ਵਿਚ ਮੀਟਿੰਗ ਰੱਖੀ ਹੋਈ ਸੀ ਪ੍ਰੰਤੂ ਕਿਸਾਨਾਂ ਨੂੰ ਇਸ ਦੀ ਕੰਨਸੋਅ ਮਿਲਦਿਆਂ ਹੀ ਭਾਜਪਾ ਆਗੂਆਂ ਦਾ ਵਿਰੋਧ ਕਰਨ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂ ਕੁਲਵੰਤ ਰਾਏ ਸ਼ਰਮਾ ਦੀ ਅਗਵਾਈ ਹੇਠ ਕਿਸਾਨ ਇਕੱਠੇ ਹੋ ਗਏ | ਪੁਲਿਸ ਨੇ ਵੀ ਕਿਸਾਨਾਂ ਦੀ ਆਮਦ ਦਾ ਪਤਾ ਲਗਦਿਆਂ ਹੋਟਲ ਦੇ ਦੋਨਾਂ ਪਾਸਿਆਂ 'ਤੇ ਭਾਰੀ ਬੈਰੀਗੇਡਿੰਗ ਕਰ ਦਿਤੀ | ਇਸ ਦੌਰਾਨ ਕਿਸਾਨਾਂ ਨੇ ਭਾਜਪਾ ਸਰਕਾਰ ਵਿਰੁਧ ਨਾਹਰੇਬਾਜ਼ੀ ਜਾਰੀ ਰਖੀ |
ਕਿਸਾਨ ਆਗੂਆਂ ਨੇ ਦਾਅਵਾ ਕੀਤਾ ਕਿ ਕਿਸਾਨਾਂ ਵਿਰੋਧ ਸਦਕਾ ਭਾਜਪਾ ਆਗੂਆਂ ਨੂੰ ਮੀਟਿੰਗ ਵਿਚਕਾਰ ਛੱਡ ਕੇ ਜਾਣਾ ਪਿਆ | ਕਿਸਾਨ ਆਗੂਆਂ ਨੇ ਕਿਹਾ ਕਿ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਵਲੋਂ ਲਿਆਂਦੇ ਤਿੰਨੇ ਕਾਲੇ ਕਾਨੂੰਨਾਂ ਨੂੰ ਹੋਲਡ 'ਤੇ ਕੀਤਾ ਹੋਇਆ ਹੈ ਪਰ ਕੇਂਦਰ ਸਰਕਾਰ ਧੱਕੇ ਨਾਲ ਖੇਤੀ ਵਿਚ ਕਾਰਪੋਰੇਟਾਂ ਦਾ ਦਾਖ਼ਲਾ ਕਰ ਰਹੀ ਹੈ | ਉਨ੍ਹਾਂ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਨੂੰ ਕਾਰਪੋਰੇਟ ਕੰਪਨੀਆਂ ਦੇ ਮੁਨਾਫ਼ਿਆਂ ਦੇ ਹਿਤਾਂ ਦਾ ਫ਼ਿਕਰ ਸਤਾ ਰਿਹਾ ਹੈ | ਕਿਸਾਨਾਂ ਵਲੋਂ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਪੰਜਾਬ ਵਿਚ ਟੌਲ ਪਲਾਜ਼ੇ ਬੰਦ ਕੀਤੇ ਹੋਏ ਹਨ ਉਨ੍ਹਾਂ ਨੂੰ ਚਲਾਉਣ ਲਈ ਕੇਂਦਰ ਸਰਕਾਰ ਵਲੋਂ ਪੰਜਾਬ ਸਰਕਾਰ ਨੂੰ ਆਦੇਸ਼ ਦਿਤੇ ਜਾ ਰਹੇ ਹਨ |
ਕਿਸਾਨ ਆਗੂਆਂ ਨੇ ਕਿਹਾ ਕਿ ਜਿੰਨਾ ਚਿਰ ਖੇਤੀ ਕਾਨੂੰਨ ਰੱਦ ਨਹੀਂ ਹੁੰਦੇ ਓਨਾ ਚਿਰ ਕਾਰਪੋਰੇਟ ਘਰਾਣਿਆਂ ਦੇ ਕਾਰੋਬਾਰ ਠੱਪ ਰੱਖੇ ਜਾਣਗੇ ਅਤੇ ਭਾਜਪਾ ਆਗੂਆਂ ਦੀਆਂ ਜਨਤਕ ਰੈਲੀਆਂ, ਮੀਟਿੰਗਾਂ ਦਾ ਸਖ਼ਤ ਵਿਰੋਧ ਕੀਤਾ ਜਾਵੇਗਾ |
ਇਸ ਖ਼ਬਰ ਨਾਲ ਸਬੰਧਤ ਫ਼ੋਟੋ 4 ਬੀਟੀਆਈ 04 ਵਿਚ ਹੈ |