
24 ਸਾਲਾ ਪਰਵਾਰ ਨਿਸ਼ਾਨ ਸਿੰਘ ਦੀ ਇਕ ਮਿਊਜ਼ਿਕ ਕੰਪਨੀ ਚਲਾਉਂਦਾ ਹੈ, ਜਿਸ ਵਿਚ ਉਹ ਨਿਰਦੇਸ਼ਕ ਅਤੇ ਨਿਰਮਾਤਾ ਦੱਸਿਆ ਜਾ ਰਿਹਾ ਹੈ।
ਚੰਡੀਗੜ੍ਹ: ਏਆਈਜੀ ਕ੍ਰਾਈਮ ਪੰਜਾਬ ਸਰਬਜੀਤ ਸਿੰਘ ਦੇ ਪੁੱਤਰ ਪਰਵਾਰ ਨਿਸ਼ਾਨ ਸਿੰਘ ਨੂੰ ਆਪਣੇ ਪਿਤਾ ਦੀ ਸਰਕਾਰੀ ਪਿਸਤੌਲ ਲੈ ਕੇ ਰਾਤ ਨੂੰ ਕਾਰ ਵਿਚ ਘੁੰਮਦੇ ਨੂੰ ਪੁਲਿਸ ਨੇ ਕਾਬੂ ਕੀਤਾ। ਸੈਕਟਰ-17 ਥਾਣੇ ਦੀ ਪੁਲਿਸ ਨੇ ਸੈਕਟਰ 17/18 ਲਾਈਟ ਪੁਆਇੰਟ ਨਾਕੇ ਨੇੜਿਓਂ ਉਸ ਨੂੰ ਆਰਜ਼ੀ ਨੰਬਰ ਦੀ ਥਾਰ ਜੀਪ ਵਿਚੋਂ ਪਿਸਤੌਲ ਅਤੇ 13 ਜਿੰਦਾ ਕਾਰਤੂਸਾਂ ਸਮੇਤ ਕਾਬੂ ਕੀਤਾ। ਨੀਲਮ ਚੌਕੀ ਇੰਚਾਰਜ ਐਸਆਈ ਵਿਵੇਕ ਕੁਮਾਰ ਦੀ ਸ਼ਿਕਾਇਤ ’ਤੇ ਪੁਲਿਸ ਨੇ ਅਸਲਾ ਐਕਟ ਦੀ ਧਾਰਾ 188 ਅਤੇ ਆਈਪੀਸੀ ਤਹਿਤ ਕੇਸ ਦਰਜ ਕਰ ਲਿਆ ਹੈ।
24 ਸਾਲਾ ਪਰਵਾਰ ਨਿਸ਼ਾਨ ਸਿੰਘ ਦੀ ਇਕ ਮਿਊਜ਼ਿਕ ਕੰਪਨੀ ਚਲਾਉਂਦਾ ਹੈ, ਜਿਸ ਵਿਚ ਉਹ ਨਿਰਦੇਸ਼ਕ ਅਤੇ ਨਿਰਮਾਤਾ ਦੱਸਿਆ ਜਾ ਰਿਹਾ ਹੈ। ਐਫਆਈਆਰ ਵਿਚ ਮੁਲਜ਼ਮ ਦਾ ਪੱਕਾ ਪਤਾ ਸੈਕਟਰ-39 ਡੀ ਅਤੇ ਮੌਜੂਦਾ ਪਤਾ ਕਮਾਂਡੋ ਕੰਪਲੈਕਸ ਫੇਜ਼-11 ਮੁਹਾਲੀ ਦੀ ਸਰਕਾਰੀ ਰਿਹਾਇਸ਼ ਦੱਸਿਆ ਗਿਆ ਹੈ। ਸੂਤਰਾਂ ਅਨੁਸਾਰ ਸ਼ਨੀਵਾਰ ਰਾਤ ਨੂੰ ਏਆਈਜੀ ਕ੍ਰਾਈਮ ਪੰਜਾਬ ਸਰਬਜੀਤ ਸਿੰਘ ਵੀ ਮੌਕੇ 'ਤੇ ਪਹੁੰਚ ਗਏ ਸਨ ਪਰ ਉਦੋਂ ਤੱਕ ਪੁਲਿਸ ਨੇ ਐਫਆਈਆਰ ਦਰਜ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਸੀ।
ਐਸਐਸਪੀ ਕੁਲਦੀਪ ਸਿੰਘ ਚਾਹਲ ਦੀਆਂ ਹਦਾਇਤਾਂ 'ਤੇ ਵੀਕਐਂਡ ਨੂੰ ਸਾਰੇ ਸਬੰਧਤ ਥਾਣਿਆਂ ਦੇ ਅਧਿਕਾਰੀ ਆਪੋ-ਆਪਣੇ ਖੇਤਰਾਂ ਵਿਚ ਨਾਕਾਬੰਦੀ ਕਰਦੇ ਹਨ। ਸ਼ਨੀਵਾਰ ਰਾਤ ਨੂੰ ਸੈਕਟਰ-17 ਥਾਣੇ ਦੀ ਪੁਲਿਸ ਨੇ ਵੀ ਨਾਕਾ ਲਾਇਆ ਹੋਇਆ ਸੀ। ਇਸੇ ਦੌਰਾਨ ਪ੍ਰੈੱਸ ਲਾਈਟ ਪੁਆਇੰਟ ਵਾਲੇ ਪਾਸਿਓਂ ਥਾਰ ਦੀ ਜੀਪ ਆਈ, ਜਿਸ ਵਿਚ ਦੋ ਨੌਜਵਾਨ ਬੈਠੇ ਸਨ। ਜਦੋਂ ਪੁਲਿਸ ਨੇ ਰੋਕ ਕੇ ਪੁੱਛਿਆ ਤਾਂ ਡਰਾਈਵਰ ਨੇ ਆਪਣਾ ਨਾਂ ਪਰਵਾਰ ਨਿਸ਼ਾਨ ਸਿੰਘ ਦੱਸਿਆ ਅਤੇ ਨਾਲ ਵਾਲੀ ਸੀਟ ’ਤੇ ਬੈਠੇ ਨੌਜਵਾਨ ਨੇ ਆਪਣਾ ਨਾਂ ਅਮਨ ਪਨੇਸਰ ਦੱਸਿਆ। ਜਦੋਂ ਪੁਲਿਸ ਨੇ ਗੱਡੀ ਦੀ ਚੈਕਿੰਗ ਕੀਤੀ ਤਾਂ ਡਰਾਈਵਰ ਦੀ ਸੀਟ ਹੇਠੋਂ ਪਿਸਤੌਲ ਬਰਾਮਦ ਹੋਇਆ, ਜਿਸ ਵਿਚ 13 ਕਾਰਤੂਸ ਸਨ।