
ਖੇਤੀ ਕਾਨੂੰਨਾਂ ਦੇ ਹੱਕ ਵਿਚ ਰੈਲੀ ਕਰ ਰਹੇ ਭਾਜਪਾ ਵਰਕਰਾਂ ਨੂੰ ਟੀ.ਐਮ.ਸੀ ਵਰਕਰਾਂ ਨੇ ਭਜਾ-ਭਜਾ ਕੇ ਕੁਟਿਆ
ਕੋਲਕਾਤਾ, 4 ਅਕਤੂਬਰ : ਕੇਂਦਰ ਸਰਕਾਰ ਦੁਆਰਾ ਬਣਾਏ ਗਏ ਨਵੇਂ ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨਾਂ ਵਿਚ ਰੋਹ ਵਧਦਾ ਜਾ ਰਿਹਾ ਹੈ। ਕਿਸਾਨ ਜਥੇਬੰਦੀਆਂ ਤੇ ਸਿਆਸੀ ਧਿਰਾਂ ਵਲੋਂ ਹੁਣ ਭਾਜਪਾ ਆਗੂਆਂ ਦੀ ਘੇਰੇਬੰਦੀ ਸ਼ੁਰੂ ਕਰ ਦਿਤੀ ਹੈ। ਇਥੋਂ ਤਕ ਕਿ ਕਈ ਥਾਈਂ ਨਵੇਂ ਕਾਨੂੰਨਾਂ ਦਾ ਸਮਰਥਨ ਕਰ ਰਹੇ ਭਾਜਪਾ ਵਰਕਰਾਂ ਦੀ ਕੁੱਟਮਾਰ ਵੀ ਕੀਤੀ ਜਾ ਰਹੀ ਹੈ।
ਬਿਲ ਦੇ ਸਮਰਥਨ 'ਚ ਭਾਜਪਾ ਨੇ ਸਨਿਚਰਵਾਰ ਸ਼ਾਮ ਪੱਛਮੀ ਬੰਗਾਲ ਦੇ ਦਖਣੀ 24 ਪਰਨਾ ਜ਼ਿਲ੍ਹੇ 'ਚ ਇਕ ਰੈਲੀ ਕੀਤੀ। ਜਿਵੇਂ ਹੀ ਭਾਜਪਾ ਦੀ ਰੈਲੀ ਦਖਣੀ 24 ਪਰਨਾ ਜ਼ਿਲ੍ਹੇ ਦੇ ਪਿੰਡ ਨੋਦਾਖਲੀ ਵਿਖੇ ਪਹੁੰਚੀ, ਤ੍ਰਿਣਮੂਲ ਕਾਂਗਰਸ ਦੇ ਵਰਕਰ ਉਥੇ ਪਹੁੰਚ ਗਏ।
ਟੀਐਮਸੀ ਵਰਕਰਾਂ ਨੇ ਭਾਜਪਾ ਨੂੰ ਰੈਲੀ ਰੋਕਣ ਲਈ ਕਿਹਾ। ਇਸ ਤੋਂ ਬਾਅਦ ਵੀ ਜਦੋਂ ਭਾਜਪਾ ਵਰਕਰਾਂ ਨੇ ਰੈਲੀ ਨੂੰ ਨਹੀਂ ਰੋਕਿਆ ਤਾਂ ਟੀਐਮਸੀ ਵਰਕਰਾਂ ਨੇ ਉਨ੍ਹਾਂ 'ਤੇ ਹਮਲਾ ਕਰ ਦਿਤਾ। ਇਸ ਦੌਰਾਨ ਬਹੁਤ ਸਾਰੇ ਭਾਜਪਾ ਵਰਕਰ ਜ਼ਖ਼ਮੀ ਹੋ ਗਏ। ਪੁਲਿਸ ਨੇ ਇਸ ਮਾਮਲੇ 'ਚ ਹੁਣ ਤਕ 7 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ।
ਪਛਮੀ ਬੰਗਾਲ 'ਚ ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਟੀਐਮਸੀ ਅਤੇ ਭਾਜਪਾ ਵਰਕਰਾਂ 'ਚ ਤਣਾਅ ਵਧ ਰਿਹਾ ਹੈ। ਜਦੋਂਕਿ ਭਾਜਪਾ ਪਛਮੀ ਬੰਗਾਲ 'ਚ ਅਪਣੀ ਸਥਿਤੀ ਨੂੰ ਤੇਜ਼ੀ ਨਾਲ ਮਜ਼ਬੂਤ ਕਰ ਰਹੀ ਹੈ, ਟੀਐਮਸੀ ਭਾਜਪਾ ਦੇ ਕਿਸੇ ਵੀ ਯਤਨ ਨੂੰ ਸਫ਼ਲ ਨਹੀਂ ਹੋਣ ਦੇਣਾ ਚਾਹੁੰਦੀ। ਜਿਥੇ ਪਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਸੰਸਦ ਵਿਚ ਕੇਂਦਰ ਸਰਕਾਰ ਦੁਆਰਾ ਪਾਸ ਕੀਤੇ ਗਏ ਖੇਤੀ ਬਿਲ ਦੇ ਵਿਰੋਧ ਵਿਚ ਸੜਕ ਉਤੇ ਹਨ, ਉਥੇ ਹੀ ਭਾਜਪਾ ਵਲੋਂ ਇਸ ਕਾਨੂੰਨ ਦੇ ਹੱਕ ਵਿਚ ਰੈਲੀਆਂ ਕੱਢੀਆਂ ਗਈਆਂ।
ਟੀਐਮਸੀ ਵਰਕਰਾਂ ਦੇ ਹਮਲੇ 'ਚ ਕਈ ਭਾਜਪਾ ਵਰਕਰ ਜ਼ਖਮੀ ਹੋਏ ਸਨ। ਇਸ ਸਬੰਧ 'ਚ ਇਕ ਪੁਲਿਸ ਸ਼ਿਕਾਇਤ ਵੀ ਦਰਜ ਕੀਤੀ ਗਈ ਸੀ। ਪੁਲਿਸ ਨੇ ਇਸ ਪੂਰੇ ਮਾਮਲੇ 'ਚ ਹੁਣ ਤਕ 7 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। (ਪੀਟੀਆਈ)