
ਕੇਂਦਰ ਵਲੋਂ 35,500 ਕਰੋੜ ਦੀ ਕੈਸ਼ ਕ੍ਰੈਡਿਟ ਲਿਮਟ ਜਾਰੀ : ਆਸ਼ੂ
ਚੰਡੀਗੜ੍ਹ, 5 ਅਕਤੂਬਰ (ਜੀ.ਸੀ.ਭਾਰਦਵਾਜ) : ਕੇਂਦਰ ਵਲੋਂ ਪਾਸ 3 ਖੇਤੀ ਬਿਲਾਂ ਦੇ ਸਖ਼ਤ ਵਿਰੋਧ ਦੇ ਬਾਵਜੂਦ ਪੰਜਾਬ ਦੀਆਂ 1872 ਮੰਡੀਆਂ ਵਿਚ ਇਸ ਸੀਜ਼ਨ ਵਿਚ ਵਿਕਣ ਲਈ ਆਉਂਦੇ ਝੋਨੇ ਦੀ ਸਰਕਾਰੀ ਖ਼ਰੀਦ ਸ਼ੁਰੂ ਹੋ ਚੁੱਕੀ ਹੈ ਅਤੇ ਤੈਅ-ਸ਼ੁਦਾ ਤਰੀਕ ਇਕ ਅਕਤੂਬਰ ਤੋਂ 5 ਦਿਨ ਪਹਿਲਾਂ ਹੀ ਕੇਂਦਰ ਸਰਕਾਰ ਨੇ ਹੁਕਮ ਚਾੜ੍ਹ ਦਿਤੇ ਸਨ ਕਿ ਘੱਟੋ ਘੱਟ ਸਮਰਥਨ ਮੁਲ 1888 ਰੁਪਏ ਪ੍ਰਤੀ ਕੁਇੰਟਲ ਦੇ ਰੇਟ ਨਾਲ ਕੇਂਦਰੀ ਪੂਲ ਵਾਸਤੇ ਖ਼ਰੀਦ ਕਰ ਲਈ ਜਾਵੇ।
ਅੱਜ ਇਥੇ ਅਨਾਜ ਭਵਨ ਵਿਖੇ ਰੋਜ਼ਾਨਾ ਸਪੋਕਸਮੈਨ ਨਾਲ ਗੱਲਬਾਤ ਕਰਦੇ ਹੋਏ ਅਨਾਜ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਦਸਿਆ ਕਿ 4 ਅਕਤੂਬਰ ਸ਼ਾਮ ਤਕ ਝੋਨੇ ਦੀ ਕੁਲ ਆਮਦ 6,16,000 ਟਨ ਵਿਚੋਂ 92 ਫ਼ੀ ਸਦੀ ਯਾਨੀ 5,63,000 ਟਨ ਝੋਨਾ ਖ਼ਰੀਦਿਆ ਜਾ ਚੁੱਕਾ ਹੈ ਅਤੇ ਨਾਲੋਂ ਨਾਲ ਮੰਡੀਆਂ ਵਿਚ ਤਬਦੀਲ ਕਰ ਕੇ ਸ਼ੈਲਰ ਮਾਲਕਾਂ ਕੋਲ ਲਗਾਇਆ ਜਾ ਰਿਹਾ ਹੈ ਤਾਕਿ ਘੜਮੱਸ ਨਾ ਪਵੇ। ਕੈਬਨਿਟ ਮੰਤਰੀ ਨੇ ਦਸਿਆ ਕਿ ਕਿਸਾਨਾਂ ਨੂੰ ਉਨ੍ਹਾਂ ਦੀ ਅਦਾਇਗੀ ਕਰਨ ਵਾਸਤੇ ਅੱਜ ਸ਼ਾਮ ਰਿਜ਼ਰਵ ਬੈਂਕ ਨੇ 35,500 ਕਰੋੜ ਦੀ ਕੈਸ਼ ਕ੍ਰੈਡਿਟ ਲਿਮਟ ਜਾਰੀ ਕਰ ਦਿਤੀ ਹੈ ਅਤੇ ਫ਼ਸਲ ਦੀ ਅਦਾਇਗੀ 48 ਘੰਟੇ ਦੇ ਅੰਦਰ-ਅੰਦਰ ਕਰ ਦਿਤੀ ਜਾਵੇਗੀ। ਹੋਰ ਬਾਰਦਾਨੇ ਦੀ ਕਮੀ ਬਾਰੇ ਉਨ੍ਹਾਂ ਸਪਸ਼ਟ ਕੀਤਾ ਕਿ ਕੋਰੋਨਾ ਵਾਇਰਸ ਮਹਾਂਮਾਰੀ ਫੈਲਣ ਕਰ ਕੇ ਜੂਟ ਦੀਆਂ ਮਿੱਲਾਂ, ਕਲਕੱਤਾ, ਪੱਛਮੀ ਬੰਗਾਲ ਵਿਚੋਂ ਹਾਲੇ ਪੂਰਾ ਮਾਲ ਸਪਲਾਈ ਨਹੀਂ ਕਰਨ ਲੱਗੀਆਂ, ਪੰਜਾਬ ਨੇ 3,80,000 ਥੈਲਿਆਂ ਦਾ ਆਰਡਰ ਕੀਤਾ ਸੀ ਪਰ ਹੁਣ ਤਕ 2,50,000 ਥੈਲੇ
ਬੋਰੀਆਂ ਹੀ ਪ੍ਰਾਪਤ ਹੋਈਆਂ ਹਨ ਜਿਨ੍ਹਾਂ ਵਿਚ 37.5 ਕਿਲੋਗ੍ਰਾਮ ਝੋਨਾ ਪ੍ਰਤੀ ਥੈਲਾ ਹੀ ਮਾਲ ਭਰਿਆ ਜਾਵੇਗਾ ਕੁਲ 10 ਲੱਖ ਥੈਲਿਆਂ ਦੀ ਕਮੀ ਸਾਰੇ ਮੁਲਕ ਵਿਚ ਹੋਣ ਕਰ ਕੇ ਕੇਂਦਰ ਨੇ ਪੰਜਾਬ ਨੂੰ 50 ਫ਼ੀ ਸਦੀ ਤੋਂ 70 ਫ਼ੀ ਸਦੀ ਪੁਰਾਣੇ ਥੈਲੇ ਹੀ ਵਰਤਣ
ਦੀ ਛੋਟ ਦੇ ਦਿਤੀ ਹੈ। ਆਸ਼ੂ ਦਾ ਕਹਿਣਾ ਹੈ ਕਿ ਐਤਕੀਂ ਝੋਨੇ ਦੀ ਗੁਣਵੱਤਾ
ਵਧੀਆ ਹੈ ਅਤੇ ਖੇਤੀਬਾੜੀ ਮਹਿਕਮੇ ਵਲੋਂ ਲਗਾਏ ਅੰਦਾਜ਼ੇ ਮੁਤਾਬਕ 69-70 ਲੱਖ ਏਕੜ ਜ਼ਮੀਨ ਤੇ ਬੀਜੀ ਫ਼ਸਲ ਤੋਂ 155 ਲੱਖ ਟਨ ਜ਼ੀਰੀ ਦੀ ਪੈਦਾਵਾਰ ਹੋਵੇਗੀ ਪਰ ਅਨਾਜ ਸਪਲਾਈ ਮਹਿਕਮੇ ਨੇ ਫਿਰ ਵੀ 170 ਲੱਖ ਟਨ ਝੋਨਾ, ਕੇਂਦਰੀ ਪੂਲ ਵਾਸਤੇ ਖ਼ਰੀਦਣ ਦੇ ਇੰਤਜ਼ਾਮ ਕਰ ਰੱਖੇ ਹਨ।
ਪੰਜਾਬ ਦੇ ਸਾਰੇ 22 ਜ਼ਿਲ੍ਹਿਆਂ ਵਿਚ ਸਥਿਤ ਮੰਡੀਆਂ ਤੇ ਹੋਰ ਖ਼ਰੀਦ ਕੇਂਦਰਾਂ ਵਿਚ ਝੋਨੇ ਦੀ ਆਮਦ ਸੂਬੇ ਦੀਆਂ ਸਰਕਾਰੀ ਏਜੰਸੀਆਂ ਪਨਗਰੇਨ, ਮਾਰਕਫ਼ੈੱਡ, ਪਨਸਪ ਤੇ ਵੇਅਰ ਹਾਊਸਿੰਗ ਕਾਰਪੋਰੇਸ਼ਨ ਵਲੋਂ ਕੀਤੀ ਜਾ ਰਹੀ ਖ਼ਰੀਦ ਤੇ ਨਾਲੋਂ ਨਾਲ ਚੁਕਾਈ ਕਰਨ ਦਾ ਫ਼ੋਨ ਤੇ ਵੀਡੀਉ ਰਾਹੀਂ ਜ਼ਿਲ੍ਹਾ ਪ੍ਰਸ਼ਾਸਨਾਂ ਤੋਂ ਰੀਪੋਰਟ ਤੇ ਜਾਇਜ਼ਾ ਦਿਨ ਰਾਤ ਲੈ ਰਹੇ ਮੰਤਰੀ ਨੇ ਰੋਜ਼ਾਨਾ ਸਪੋਕਸਮੈਨ ਨੂੰ ਦਸਿਆ ਕਿ ਮੰਡੀਆਂ ਵਿਚ ਭੀੜ ਰੋਕਣ ਲਈ ਕਿਸਾਨਾਂ ਨੂੰ ਈ ਪਾਸ ਅਤੇ ਝੋਨਾ ਟਰਾਲੀਆਂ ਲਿਆਉਣ ਵਾਸਤੇ ਰੋਜ਼ਾਨਾ ਟੋਕਨ ਜਾਰੀ ਕੀਤੇ ਜਾਂਦੇ ਹਨ। ਮੰਡੀ ਬੋਰਡ ਨੇ 50 ਕਰਮਚਾਰੀਆਂ, ਮਾਹਰਾਂ, ਮੈਨੇਜਰਾਂ ਤੇ ਹੋਰ ਅੰਕੜਾ ਵਿਗਿਆਨੀਆਂ ਦਾ ਕੰਟਰੋਲ ਰੂਮ ਸਥਾਪਤ ਕੀਤਾ ਹੈ ਜੋ ਰੋਜ਼ਾਨਾ 2 ਸ਼ਿਫ਼ਟਾਂ ਵਿਚ ਕੰਮ ਕਰਦਾ ਹੈ।
ਮੰਤਰੀ ਨੇ ਖ਼ਦਸ਼ਾ ਜ਼ਾਹਰ ਕੀਤਾ ਕਿ ਕੇਂਦਰੀ ਅਨਾਜ ਨਿਗਮ ਯਾਨੀ ਐਫ਼.ਸੀ.ਆਈ ਹੌਲੀ-ਹੌਲੀ ਖ਼ਰੀਦ ਤੋਂ ਪੈਰ ਪਿਛੇ ਖਿੱਚ ਰਹੀ ਹੈ ਅਤੇ ਸ਼ੁਰੂ ਵਿਚ 30 ਫ਼ੀ ਸਦੀ ਖ਼ਰੀਦ ਕਰਦੀ ਸੀ, ਮਗਰੋਂ 9 ਫ਼ੀ ਸਦੀ 'ਤੇ ਆ ਗਈ, ਫਿਰ 5 ਫ਼ੀ ਸਦੀ ਅਨਾਜ ਖ਼ਰੀਦ ਦੀ ਸੀ ਅਤੇ ਹੁਣ ਨਾਂਹ ਦੇ ਬਰਾਬਰ ਹੈ, ਜੋ ਗੰਭੀਰ ਚਿੰਤਾ ਵਾਲੀ ਗੱਲ ਹੈ। ਆਸ਼ੂ ਨੇ ਦਸਿਆ ਕਿ ਫ਼ਿਲਹਾਲ ਰੋਜ਼ਾਨਾ 1,50,000 ਟਨ ਝੋਨਾ, ਮੰਡੀਆਂ ਵਿਚ ਆ ਰਿਹਾ ਹੈ, ਅਗਲੇ ਹਫ਼ਤੇ ਤੋਂ 3-4 ਲੱਖ ਟਨ ਅਤੇ ਫਿਰ ਰੋਜ਼ਾਨਾ ਇਹ ਆਮਦ 5-6 ਲੱਖ ਟਨ 'ਤੇ ਪਹੁੰਚੇਗੀ। ਨਵੰਬਰ ਦੇ ਅੱਧ ਤਕ ਸਾਰੀ ਖ਼ਰੀਦ ਦਾ ਟੀਚਾ ਸਰ ਕਰ ਲਿਆ ਜਾਵੇਗਾ।
image