
ਹਾਥਰਸ ਕਾਂਡ : ਮੁਲਜ਼ਮਾਂ ਦੇ ਸਮਰਥਨ ਵਿਚ ਸਵਰਨ ਸਮਾਜ ਨੇ ਕੀਤੀ ਪੰਚਾਇਤ
ਲਖਨਊ, 4 ਅਕਤੂਬਰ : ਹਾਥਰਸ ਗੈਂਗਰੇਪ ਦੀ ਜਾਂਚ ਸੀਬੀਆਈ ਤਕ ਆ ਗਈ ਹੈ, ਪਰ ਇਨਸਾਫ਼ ਦੀ ਲੜਾਈ ਖ਼ਤਮ ਨਹੀਂ ਹੋਈ। ਦੂਜੇ ਪਾਸੇ, ਐਤਵਾਰ ਨੂੰ ਹਾਥਰਸ ਦੇ ਬਸੰਤ ਬਾਗ ਸਥਿਤ ਸਾਬਕਾ ਵਿਧਾਇਕ ਰਾਜਵੀਰ ਪਹਿਲਵਾਨ ਦੀ ਰਿਹਾਇਸ਼ 'ਤੇ ਪਹਿਲਾਂ ਤੋਂ ਨਿਰਧਾਰਤ ਇਕ ਪੰਚਾਇਤ ਸ਼ੁਰੂ ਹੋਈ। ਬਹੁਤ ਸਾਰੇ ਲੋਕ ਪੰਚਾਇਤ ਵਿਚ ਇਕੱਠੇ ਹੋਏ।
ਸਾਬਕਾ ਵਿਧਾਇਕ ਦੀ ਰਿਹਾਇਸ਼ 'ਤੇ ਸ਼ੁਰੂ ਕੀਤੀ ਗਈ ਇਸ ਪੰਚਾਇਤ ਵਿਚ ਹਾਥਰਸ ਮਾਮਲੇ ਸੰਬੰਧੀ ਕਈ ਮਹੱਤਵਪੂਰਨ ਗੱਲਾਂ ਰੱਖੀਆਂ ਗਈਆਂ ਸਨ। ਇਲਾਕੇ ਦੇ ਉੱਚ ਜਾਤੀ ਦੇ ਲੋਕ ਵੀ ਪੰਚਾਇਤ 'ਚ ਇਕੱਠੇ ਹੋਏ। ਪੰਚਾਇਤ ਦੌਰਾਨ ਸਵਰਨ ਸਮਾਜ ਦੇ ਲੋਕਾਂ ਨੇ ਪੁਲਿਸ ਦੁਆਰਾ ਫੜੇ ਗਏ ਮੁਲਜ਼ਮਾਂ ਨੂੰ ਨਿਰਦੋਸ਼ ਕਰਾਰ ਦਿਤਾ ਹੈ। ਇਸ ਦੇ ਨਾਲ ਹੀ ਇਨ੍ਹਾਂ ਲੋਕਾਂ ਨੇ ਵੀ ਸੀਬੀਸੀ ਦੀ ਜਾਂਚ ਲਈ ਸੀਐਮ ਯੋਗੀ ਦੁਆਰਾ ਸਿਫ਼ਾਰਸ਼ ਕੀਤੇ ਗਏ ਫ਼ੈਸਲੇ ਦਾ ਸਵਾਗਤ ਕੀਤਾ।
ਘਟਨਾ ਤੋਂ ਬਾਅਦ ਪੀੜਤ ਪਰਵਾਰ ਨਾਲ ਮੁਲਾਕਾਤ ਕਰਨ ਲਈ ਪਹੁੰਚੇ ਸਪਾ ਦੇ ਸੂਬਾ ਮੀਤ ਪ੍ਰਧਾਨ ਨਿਜ਼ਾਮ ਮਲਿਕ ਨੇ ਦੋਸ਼ੀਆਂ ਦੇ ਸਿਰ ਵੱਢਣ ਲਈ ਇਕ ਕਰੋੜ ਦੀ ਰਾਸ਼ੀ ਦੇਣ ਬਾਰੇ ਐਲਾਨ ਪਿੱਛੋਂ ਸਵਰਨ ਸਮਾਜ ਵਿਚ ਰੋਸ ਹੈ। ਦਰਅਸਲ, ਦੋਸ਼ੀਆਂ ਖ਼ਿਲਾਫ਼ ਕੀਤੀ ਗਈ ਕਾਰਵਾਈ ਨੂੰ ਲੈ ਕੇ ਸਵਰਨ ਸਮਾਜ ਦੇ ਲੋਕਾਂ ਦਾ ਵਿਰੋਧ ਪ੍ਰਦਰਸ਼ਨ ਜਾਰੀ ਹੈ। (ਏਜੰਸੀ)