
ਸਾਮਰਾਜੀ ਕਾਰਪੋਰੇਟਾਂ ਦੀ ਹੱਥਠੋਕਾ ਬਣ ਚੁੱਕੀ ਭਾਜਪਾ ਦੀ ਮੋਦੀ ਹਕੂਮਤ- ਕਿਸਾਨ ਆਗੂ
ਸੰਗਰੂਰ, ਭਵਾਨੀਗੜ੍ਹ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਬਲਾਕ ਭਵਾਨੀਗੜ੍ਹ ਦੇ ਪ੍ਰਧਾਨ ਅਜੈਬ ਸਿੰਘ ਲੱਖੇਵਾਲ ਦੀ ਅਗਵਾਈ ਹੇਠ ਕੇਂਦਰ ਸਰਕਾਰ ਦੇ ਕਿਸਾਨ ਮਾਰੂ ਲੋਕ ਮਾਰੂ ਹੱਲੇ ਵਿਰੁੱਧ ਦੇਸ਼ ਦੀਆਂ ਸਮੂਹ ਕਿਸਾਨ ਜਥੇਬੰਦੀਆਂ ਦੇ ਸੱਦੇ ਤੇ ਹਜ਼ਾਰਾਂ ਕਿਸਾਨਾਂ,ਮਜ਼ਦੂਰਾਂ, ਔਰਤਾਂ ਅਤੇ ਨੌਜਵਾਨਾਂ ਵਿਦਿਆਰਥੀਆਂ ਵੱਲੋਂ 12 ਤੋਂ 4 ਵਜੇ ਤੱਕ ਚਾਰ ਘੰਟੇ ਕਾਲਾਝਾੜ ਟੋਲ ਪਲਾਜ਼ਾ 'ਤੇ ਸੜਕ ਵੱਡਾ ਜਾਮ ਲਗਾਇਆ ਗਿਆ।
Farmer protestਇਸ ਮੌਕੇ ਜ਼ਿਲ੍ਹਾ ਆਗੂ ਜਗਤਾਰ ਸਿੰਘ ਕਾਲਾਝਾੜ, ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਘਰਾਚੋਂ, ਜਸਵੀਰ ਸਿੰਘ ਗੱਗੜਪੁਰ, ਹਰਜਿੰਦਰ ਸਿੰਘ ਘਰਾਚੋਂ ਨੇ ਕਿਹਾ ਕੇਂਦਰ ਸਰਕਾਰ ਵੱਲੋਂ ਸੰਘਰਸ਼ ਨੂੰ ਦਬਾਉਣ ਲਈ ਬਦਲਾਖੋਰ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ। ਆਗੂਆਂ ਨੇ ਕਿਹਾ ਕਿ ਸਾਮਰਾਜੀ ਕਾਰਪੋਰੇਟਾਂ ਦੀ ਹੱਥਠੋਕਾ ਬਣ ਚੁੱਕੀ ਭਾਜਪਾ ਮੋਦੀ ਹਕੂਮਤ ਵੱਲੋਂ ਕਿਸਾਨਾਂ ਦੁਆਰਾ ਰੇਲਵੇ ਟ੍ਰੈਕ ਰੋਕਣ ਦਾ ਸਰਾਸਰ ਝੂਠਾ ਬਹਾਨਾ ਬਣਾ ਕੇ ਪੰਜਾਬ ਦੀਆਂ ਰੇਲਾਂ ਰੱਦ ਕਰਨ ਦਾ ਫੈਸਲਾ ਅਸਲ ਵਿੱਚ ਲਾਮਿਸਾਲ ਪਰ ਸ਼ਾਂਤਮਈ ਇਕੱਠਾਂ ਦੇ ਜੋਰ ਭਾਜਪਾ ਦੀਆਂ ਸਿਆਸੀ ਜੜਾਂ ਨੂੰ ਦਾਤੀ ਪਾਈ ਬੈਠੇ ਪੰਜਾਬ ਦੇ ਸੰਘਰਸ਼ਸ਼ੀਲ ਕਿਸਾਨਾਂ ਅਤੇ ਉਹਨਾਂ ਦੇ ਮੋਢੇ ਨਾਲ ਮੋਢਾ ਲਾ ਕੇ ਖੜ੍ਹੇ ਖੇਤ ਮਜ਼ਦੂਰਾਂ ਤੇ ਹੋਰ ਵਰਗਾਂ ਦੇ ਕਿਰਤੀ ਲੋਕਾਂ ਨੂੰ ਸਜ਼ਾ ਦੇਣ ਵਾਲੀ ਬੁਖਲਾਹਟ ਭਰੀ ਕਾਰਵਾਈ ਹੈ।
PROTEST
ਜਿਸ ਦੇ ਨਤੀਜੇ ਵਜੋਂ ਪੰਜਾਬ ਤੇ ਜੰਮੂ ਕਸ਼ਮੀਰ ਦੀ ਖੇਤੀ ਸਮੇਤ ਸਾਰੀ ਆਰਥਿਕਤਾ ਲੜਖੜਾ ਰਹੀ ਹੈ। ਜਥੇਬੰਦੀ ਨੇ ਸਪਸ਼ਟ ਕੀਤਾ ਹੈ ਕਿ ਦੋ ਨਿਜੀ ਥਰਮਲਾਂ ਦੀਆਂ ਸਿਰਫ਼ ਅੰਦਰੂਨੀ ਨਿਜੀ ਸਪਲਾਈ ਲਾਈਨਾਂ ਤੋਂ ਇਲਾਵਾ ਕੋਈ ਰੇਲਵੇ ਟ੍ਰੈਕ ਨਹੀਂ ਰੋਕਿਆ ਹੋਇਆ। ਸਮੁੱਚੇ ਕਿਸਾਨ ਸੰਘਰਸ਼ ਦਾ ਚੋਟ ਨਿਸ਼ਾਨਾ ਤਾਨਾਸ਼ਾਹ ਮੋਦੀ ਹਕੂਮਤ ਦੇ ਬਰਾਬਰ ਹੀ ਉਸਦੇ ਚਹੇਤੇ ਦਿਓਕੱਦ ਕਾਰਪੋਰੇਟਾਂ ਦੇ ਕਾਰੋਬਾਰ ਵੀ ਹਨ। ਇਸ ਲਈ ਨਿੱਜੀ ਥਰਮਲਾਂ ਦਾ ਸਰਕਾਰੀਕਰਨ ਕੀਤੇ ਜਾਣ ਅਤੇ ਬਠਿੰਡਾ ਸਮੇਤ ਸਾਰੇ ਸਰਕਾਰੀ ਥਰਮਲ ਪੂਰੀ ਸਮਰੱਥਾ ਵਿੱਚ ਚਾਲੂ ਕੀਤੇ ਜਾਣ ਸਮੇਤ ਕਾਲੇ ਖੇਤੀ ਕਾਨੂੰਨਾਂ ਦੀ ਵਾਪਸੀ ਤੋਂ ਬਗੈਰ ਲੁਟੇਰੇ ਕਾਰਪੋਰੇਟ ਕਾਰੋਬਾਰਾਂ ਦੇ ਘਿਰਾਓ ਖ਼ਤਮ ਨਹੀਂ ਕੀਤੇ ਜਾ ਸਕਦੇ।
Protest pic
ਪੰਜਾਬ ਸਟੂਡੈਂਟਸ ਯੂਨੀਅਨ (ਸ਼ਹੀਦ ਰੰਧਾਵਾ) ਦੇ ਆਗੂ ਰਮਨ ਸਿੰਘ ਕਾਲਾਝਾੜ ਨੇ ਸੰਬੋਧਨ ਕਰਦਿਆਂ ਕਿਹਾ ਕਿ ਮੋਦੀ ਸਰਕਾਰ ਦੇ ਇਨ੍ਹਾਂ ਬਦਲਾਲਊ ਕਾਰਵਾਈ ਦਾ ਏਕੇ, ਬਿਨਾਂ ਝੁੱਕੇ ਅਤੇ ਭਾਈਚਾਰਕ ਸਾਂਝ ਨਾਲ ਟਾਕਰਾ ਕੀਤਾ ਜਾ ਸਕਦਾ ਹੈ। ਇਸ ਵਿੱਚ ਕ੍ਰਾਂਤੀਕਾਰੀ ਸੂਬਾ ਕੇਮਟੀ ਆਗੂ ਪ੍ਰਗਟ ਸਿੰਘ ਕਾਲਾਝਾੜ ਮਜ਼ਦੂਰਾਂ ਦੇ ਜਥੇ ਸਮੇਤ ਸ਼ਾਮਲ ਹੋਏ ਇਸ ਮੌਕੇ ਬਲਾਕ ਭਵਾਨੀਗੜ੍ਹ ਦੇ ਆਗੂ ਰਘਵੀਰ ਸਿੰਘ ਘਰਾਚੋਂ,ਹਰਜੀਤ ਮਹਿਲਾ,ਜਗਤਾਰ ਲੱਡੀ,ਸੁਖਵਿੰਦਰ ਬਲਿਆਲ,ਗੁਰਦੇਵ ਆਲੋਅਰਖ,ਕਰਮ ਚੰਦ ਪੰਨਵਾਂ, ਨੌਜਵਾਨ ਬੁਲਾਰਾ ਨਵਜੋਤ ਕੌਰ, ਆਦਿ ਸ਼ਾਮਲ ਹੋਏ