
ਕੈਪਟਨ ਅਮਰਿੰਦਰ ਸਿੰਘ ਦੀ ਦੂਰਅੰਦੇਸ਼ ਤੇ ਯੋਗ ਅਗਵਾਈ ਵਾਲੀ ਸਰਕਾਰ ਵਲੋਂ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਪਹੁੰਚਣ ਵਾਲੇ...
ਚੰਡੀਗੜ੍ਹ (ਸਸਸ) : ਕੈਪਟਨ ਅਮਰਿੰਦਰ ਸਿੰਘ ਦੀ ਦੂਰਅੰਦੇਸ਼ ਤੇ ਯੋਗ ਅਗਵਾਈ ਵਾਲੀ ਸਰਕਾਰ ਵਲੋਂ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਪਹੁੰਚਣ ਵਾਲੇ ਲੋਕਾਂ ਵਿਸ਼ੇਸ਼ ਤੌਰ 'ਤੇ ਐਨ.ਆਰ.ਆਈ ਭਾਈਚਾਰੇ ਨੂੰ ਪਰੇਸ਼ਾਨੀ ਮੁਕਤ ਟਰਾਂਸਪੋਰਟ ਸੇਵਾਵਾਂ ਮੁਹੱਈਆ ਕਰਵਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਕੇਵਲ 2 ਦਿਨਾਂ ਦੇ ਅੰਦਰ ਨੈਸ਼ਨਲ ਪਰਮਿਟ ਹੋਲਡਰ ਪਨਬੱਸ ਦੀਆਂ ਇਨ੍ਹਾਂ ਬੱਸਾਂ ਦੀਆਂ ਸੇਵਾਵਾਂ ਜਲੰਧਰ ਤੋਂ ਅੰਤਰਰਾਸ਼ਟਰੀ ਹਵਾਈ ਅੱਡੇ ਤੱਕ ਸ਼ੁਰੂ ਕਰ ਦਿਤੀਆਂ ਜਾਣਗੀਆਂ।
ਸਫ਼ਰ ਕਰਨ ਵਾਲੇ ਯਾਤਰੀ ਸਿਰਫ 1100 ਰੁਪਏ ਪ੍ਰਤੀ ਵਿਅਕਤੀ ਦੇ ਨਿਗੁਣੇ ਜਿਹੇ ਕਿਰਾਏ ਵਿਚ ਇਹ ਸੇਵਾਵਾਂ ਹਾਸਲ ਕਰ ਸਕਣਗੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਇਕ ਪ੍ਰੈਸ ਬਿਆਨ ਦੌਰਾਨ ਟਰਾਂਸਪੋਰਟ ਮੰਤਰੀ, ਪੰਜਾਬ ਸ੍ਰੀਮਤੀ ਅਰੁਨਾ ਚੌਧਰੀ ਨੇ ਦੱਸਿਆ ਕਿ ਪਨਬੱਸ ਵਲੋਂ ਵੌਲਵੋ ਬੱਸਾਂ ਦੀ ਸੇਵਾ ਜਲੰਧਰ ਤੋਂ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਤੱਕ ਚਲਾਈ ਜਾ ਰਹੀ ਸੀ ਪਰ 15 ਦਿਨ ਪਹਿਲਾਂ ਕੁਝ ਤਕਨੀਕੀ ਕਾਰਨਾਂ ਦੇ ਮੱਦੇਨਜ਼ਰ ਦਿੱਲੀ ਪ੍ਰਸ਼ਾਸਨ ਵਲੋਂ ਸੁਪਰੀਮ ਕੋਰਟ ਦੇ ਫੈਸਲੇ ਦਾ ਹਵਾਲਾ ਦਿੰਦਿਆਂ ਇਸ ਬੱਸ ਸੇਵਾ ਨੂੰ ਰੋਕ ਦਿਤਾ ਗਿਆ ਸੀ।
ਸੁਪਰੀਮ ਕੋਰਟ ਦੇ ਫੈਸਲੇ ਮੁਤਾਬਕ ਹੁਣ ਅਜਿਹੀਆਂ ਸਰਕਾਰੀ ਬੱਸਾਂ ਸਿਰਫ ਚੋਣਵੇਂ ਬੱਸ ਅੱਡਿਆਂ ਤੋਂ ਹੀ ਚਲਾਈਆਂ ਜਾ ਸਕਦੀਆਂ ਹਨ। ਇਹ ਮਾਮਲਾ ਦਿੱਲੀ ਪ੍ਰਸ਼ਾਸਨ ਨਾਲ ਵਿਚਾਰਿਆ ਗਿਆ ਸੀ ਅਤੇ ਪ੍ਰਸ਼ਾਸਨ ਵਲੋਂ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਸਾਹਮਣੇ, ਦਵਾਰਕਾ ਵਿਖੇ ਵੌਲਵੋ ਬੱਸ ਅੱਡਾ ਬਣਾਉਣ ਦੀ ਸਹਿਮਤੀ ਪ੍ਰਗਟਾਹੀ ਗਈ ਸੀ। ਕਿਉਂ ਜੋ ਇਸ ਬੱਸ ਅੱਡੇ ਦੀ ਉਸਾਰੀ ਦਾ ਕੰਮ ਮੁਕੰਮਲ ਹੋਣ ਨੂੰ 2 ਮਹੀਨੇ ਲੱਗ ਜਾਣਗੇ ਇਸ ਲਈ ਪਨਬੱਸ ਵਲੋਂ ਨੈਸ਼ਨਲ ਟੂਰਿਸਟ ਪਰਮਿਟ ਨਾਲ ਬੱਸਾਂ ਚਲਾਉਣ ਦਾ ਫੈਸਲਾ ਕੀਤਾ ਗਿਆ ਹੈ ਤਾਂ ਜੋ ਐਨਆਰਆਈ ਭਾਈਚਾਰੇ ਨੂੰ ਚੰਗੀ ਤੇ ਸਸਤੀ ਬੱਸ ਸੇਵਾ ਮੁਹੱਈਆ ਕਰਵਾਈ ਜਾ ਸਕੇ।