
ਅਮਰੀਕਾ ਨੇ ਭਾਰਤ ਨੂੰ 9 ਕਰੋੜ ਡਾਲਰ ਦੇ ਫ਼ੌਜੀ ਉਪਕਰਨਾਂ ਦੀ ਵਿਕਰੀ ਨੂੰ ਦਿਤੀ ਮਨਜ਼ੂਰੀ
ਵਾਸ਼ਿੰਗਟਨ, 4 ਦਸੰਬਰ : ਅਮਰੀਕਾ ਨੇ ਅਪਣੇ ਸੀ-130 ਜੇ ਸੁਪਰ ਹਰਕਿਊਲਿਸ ਫ਼ੌਜੀ ਟ੍ਰਾਂਸਪੋਰਟ ਏਅਰਕ੍ਰਾਫ਼ਟ ਦੇ ਬੇੜੇ ਦੀ ਮਦਦ ਦੇ ਰੂਪ ਵਿਚ ਭਾਰਤ ਨੂੰ 9 ਕਰੋੜ ਡਾਲਰ ਦੇ ਮਿਲਟਰੀ ਉਪਕਰਨਾਂ ਅਤੇ ਸੇਵਾਵਾਂ ਦੀ ਵਿਕਰੀ ਦੀ ਮਨਜ਼ੂਰੀ ਦੇ ਦਿਤੀ ਹੈ। ਰਖਿਆ ਵਿਭਾਗ ਦੀ ਰਖਿਆ ਸੁਰੱਖਿਆ ਸਹਿਯੋਗ ਏਜੰਸੀ (ਡੀ.ਐਸ.ਸੀ.ਏ) ਨੇ ਵੀਰਵਾਰ ਨੂੰ ਕਿਹਾ ਕਿ ਇਹ ਪ੍ਰਸਤਾਵਿਤ ਵਿਕਰੀ ਅਮਰੀਕਾ-ਭਾਰਤ ਰਣਨੀਤਕ ਸੰਬੰਧਾਂ ਨੂੰ ਮਜ਼ਬੂਤੀ ਪ੍ਰਦਾਨ ਕਰਨ ਅਤੇ ਇਕ 'ਪ੍ਰਮੁੱਖ ਰਖਿਆ ਹਿੱਸੇਦਾਰ' ਦੀ ਸੁਰੱਖਿਆ ਨੂੰ ਠੀਕ ਕਰਨ ਵਿਚ ਮਦਦ ਕਰ ਕੇ ਅਮਰੀਕਾ ਦੀ ਵਿਦੇਸ਼ ਨੀਤੀ ਅਤੇ ਰਾਸ਼ਟਰੀ ਸੁਰੱਖਿਆ ਦਾ ਸਮਰਥਨ ਕਰੇਗੀ।
ਡੀ.ਐੱਸ.ਸੀ.ਏ. ਨੇ ਅਮਰੀਕੀ ਕਾਂਗਰਸ ਨੂੰ ਇਕ ਪ੍ਰਮੁੱਖ ਵਿਕਰੀ ਨੋਟੀਫ਼ਿਕੇਸ਼ਨ ਜਾਰੀ ਕਰ ਕੇ ਕਿਹਾ ਕਿ ਹਿੰਦ-ਪ੍ਰਸ਼ਾਂਤ ਅਤੇ ਦਖਣੀ ਏਸ਼ੀਆਈ ਖੇਤਰ ਵਿਚ ਰਾਜਨੀਤਕ ਸਥਿਰਤਾ, ਸ਼ਾਂਤੀ ਅਤੇ ਆਰਥਕ ਤਰੱਕੀ ਦੇ ਲਈ ਭਾਰਤ ਇਕ ਮਹੱਤਵਪੂਰਨ ਸ਼ਕਤੀ ਬਣਿਆ ਹੋਇਆ ਹੈ। ਭਾਰਤ ਨੇ ਜਿਹੜੀਆਂ ਅਪੀਲਾਂ ਕੀਤੀਆਂ ਹਨ, ਉਹਨਾਂ ਵਿਚ ਜਹਾਜ਼ਾਂ ਵਿਚ ਵਰਤੇ ਜਾ ਸਕਣ ਵਾਲੇ ਕਲਪੁਰਜੇ ਤੇ ਮੁਰੰਮਤ ਅਤੇ ਵਾਪਸੀ ਵਾਲੇ ਪੁਰਜੇ, ਕਾਰਟ੍ਰਿਜ ਐਕਚੁਏਟਿਡ ਉਪਕਰਨ ਜਾਂ ਪ੍ਰੋਪੇਲੇਟ ਐਕਚੁਏਟਿਡ ਉਪਕਰਨ , ਫਾਇਰ ਕਾਰਤੂਸ, ਆਧੁਨਿਕ ਰਡਾਰ ਚਿਤਾਵਨੀ ਰਿਸੀਵਰ ਸ਼ਿਪਸੇਟ ਅਤੇ ਜੀ.ਪੀ.ਐੱਸ. ਆਦਿ ਸ਼ਾਮਲ ਹਨ। ਇਹਨਾਂ ਦੀ ਕੁੱਲ ਕੀਮਤ 9 ਕਰੋੜ ਡਾਲਰ ਹੈ।
ਪੇਂਟਾਗਨ ਨੇ ਕਿਹਾ ਕਿ ਪ੍ਰਸਤਾਵਿਤ ਵਿਕਰੀ ਯਕੀਨੀ ਕਰੇਗੀ ਕਿ ਪਹਿਲਾਂ ਖ਼ਰੀਦੇ ਜਾ ਚੁੱਕੇ ਜਹਾਜ਼ ਭਾਰਤੀ ਹਵਾਈ ਫ਼ੌਜ, ਸੈਨਾ ਅਤੇ ਨੇਵੀ ਦੀਆਂ ਆਵਾਜਾਈ ਦੀਆਂ ਲੋੜਾਂ, ਸਥਾਨਕ ਅਤੇ ਅੰਤਰਰਾਸ਼ਟਰੀ ਮਨੁੱਖੀ ਮਦਦ ਅਤੇ ਖੇਤਰੀ ਆਫ਼ਤ ਰਾਹਤ ਦੇ ਲਈ ਪ੍ਰਭਾਵੀ ਢੰਗ ਨਾਲ ਕੰਮ ਕਰ ਸਕਣ। ਉਸ ਨੇ ਕਿਹਾ ਕਿ ਉਪਕਰਨਾਂ ਅਤੇ ਸੇਵਾਵਾਂ ਦੀ ਇਹ ਵਿਕਰੀ ਹਵਾਈ ਫ਼ੌਜ ਨੂੰ ਸੀ-130 ਜੇ ਆਵਾਜਾਈ ਜਹਾਜ਼ਾਂ ਦੇ ਬਾਰੇ ਵਿਚ ਮਿਸ਼ਨ ਦੇ ਲਿਹਾਜ ਨਾਲ ਤਿਆਰ ਰਹਿਣ ਦੀ ਸਥਿਤੀ ਵਿਚ ਰਖੇਗੀ। ਭਾਰਤ ਨੂੰ ਇਸ ਵਾਧੂ ਮਦਦ ਨੂੰ ਹਾਸਲ ਕਰਨ ਵਿਚ ਕੋਈ ਮੁਸ਼ਕਲ ਨਹੀਂ ਹੋਵੇਗੀ।
ਪੇਂਟਾਗਨ ਦੇ ਮੁਤਾਬਕ, ਇਹਨਾਂ ਉਪਕਰਨਾਂ ਦੀ ਪ੍ਰਸਤਾਵਿਤ ਵਿਕਰੀ ਖੇਤਰ ਵਿਚ ਬੁਨਿਆਦੀ ਮਿਲਟਰੀ ਸੰਤੁਲਨ ਨੂੰ ਨਹੀਂ ਬਦਲੇਗੀ। ਪ੍ਰਮੁੱਖ ਖੋਜ ਕਰਤਾ ਲੌਕਹੀਡ-ਮਾਰਟਿਨ ਕੰਪਨੀ (ਜਾਰਜੀਆ) ਹੋਵੇਗੀ। ਅਮਰੀਕਾ ਨੇ 2016 ਵਿਚ ਇਕ ਵੱਡਾ ਕਦਮ ਚੁੱਕਦੇ ਹੋਏ ਭਾਰਤ ਨੂੰ 'ਪ੍ਰਮੁੱਖ ਰਖਿਆ ਹਿੱਸੇਦਾਰ' ਘੋਸ਼ਿਤ ਕੀਤਾ ਸੀ। (ਪੀਟੀਆਈ)