
ਕੂੜੇ ਤੋਂ ਪੈਦਾ ਕੀਤੀ ਜਾਵੇਗੀ ਬਿਜਲੀ
ਚੰਡੀਗੜ੍ਹ : ਪੰਜਾਬ ਸਰਕਾਰ ਨੇ ਕੂੜੇ ਤੋਂ ਬਿਜਲੀ ਪੈਦਾ ਕਰਨ ਵੱਲ ਕਦਮ ਵਧਾ ਦਿੱਤੇ ਹਨ। ਇਸੇ ਤਹਿਤ ਕੂੜੇ ਤੋਂ ਸਾਫ਼ ਬਿਜਲੀ ਤੇ ਕਿਫਾਇਤੀ ਬਿਜਲੀ ਪੈਦਾ ਕਰਨ ਦੀ ਦਿਸ਼ਾ ਵਿਚ ਕਦਮ ਚੁਕਦਿਆਂ ਮੋਹਾਲੀ ਦੇ ਸਮਗੌਲੀ ਵਿਖੇ 50 ਏਕੜ ਵਿਚ ਕੂੜੇ ਤੋਂ ਬਿਜਲੀ ਪੈਦਾ ਕਰਨ ਦਾ ਪ੍ਰਾਜੈਕਟ ਲਾਉਣ ਦਾ ਫ਼ੈਸਲਾ ਕੀਤਾ ਹੈ। ਇਹ ਪ੍ਰਾਜੈਕਟ ਬਣਾਓ, ਅਪਣਾਓ ਤੇ ਬਚਾਓ ਮਾਡਲ ਦੇ ਅਧਾਰਤ ਲਾਇਆ ਜਾਵੇਗਾ।
Photo
ਇਸ ਸਬੰਧੀ ਮੁੱਖ ਮੰਤਰੀ ਨੇ ਸੋਮਵਾਰ ਨੂੰ ਪਾਜੈਕਟ ਨੂੰ ਹਰੀ ਝੰਡੀ ਦੇ ਦਿਤੀ। ਇਸ ਪ੍ਰਾਜੈਕਟ ਗਮਾਡਾ ਤੇ ਪਟਿਆਲਾ ਨਗਰ ਕੌਂਸਲ ਠੋਸ ਰਹਿੰਦ-ਖੂੰਹਦ ਕਲੱਸਤਰ ਦਾ ਹਿੱਸਾ ਹੈ ਜੋ ਆਉਂਦੇ ਦੋ ਸਾਲ ਅੰਦਰ ਪੂਰਾ ਕੀਤਾ ਜਾਵੇਗਾ। ਇਸ ਪ੍ਰਾਜੈਕਟ ਰਾਹੀਂ ਮੋਹਾਲੀ ਤੇ ਪਟਿਆਲਾ ਤੋਂ ਇਕੱਠੇ ਕੀਤੇ ਜਾਂਦੇ 600 ਟਨ ਪ੍ਰਤੀ ਦਿਨ ਕੂੜੇ ਤੋਂ ਬਿਜਲੀ ਪੈਦਾ ਕੀਤੀ ਜਾਵੇਗੀ।
Photo
ਕੈਪਟਨ ਅਮਰਿੰਦਰ ਸਿੰਘ ਦੀ ਰਿਹਾਇਸ਼ ਵਿਖੇ ਹੋਈ ਮੀਟਿੰਗ 'ਚ ਸਥਾਨਕ ਸਰਕਾਰਾਂ ਵਿਭਾਗ, ਜੋ ਇਸ ਪ੍ਰਾਜੈਕਟ ਨੂੰ ਲਾਗੂ ਕਰਨ ਵਾਲੀ ਨੋਡਲ ਏਜੰਸੀ ਹੈ, ਨੂੰ ਨੈਸ਼ਨਲ ਥਰਮਲ ਪਾਵਰ ਕਾਰਪੋਰੇਸ਼ਨ ਅਤੇ ਨਗਰ ਨਿਗਮ ਮੋਹਾਲੀ ਵਿਚਾਲੇ ਆਪਸੀ ਸਹਿਮਤੀ ਦਾ ਸਮਝੌਤਾ ਸਹੀਬੱਧ ਕਰਨ ਦੀ ਪ੍ਰਵਾਨਗੀ ਦਿਤੀ।
Photo
ਮੁੱਖ ਮੰਤਰੀ ਨੇ ਕਿਹਾ ਕਿ ਇਹ ਵਿਲੱਖਣ ਪ੍ਰਾਜੈਕਟ ਜਲਵਾਊ ਤਬਦੀਲੀ ਬਾਰੇ ਸੂਬੇ ਦੇ ਐਕਸ਼ਨ ਪਲਾਟ ਅਤੇ ਸਵੱਛ ਭਾਰਤ ਅਭਿਆਨ ਮੁਹਿੰਮ ਨੂੰ ਸਹੀ ਢੰਗ ਨਾਲ ਲਾਗੂ ਕਰਨ 'ਚ ਸਹਾਈ ਹੋਵੇਗਾ। ਅਨੁਮਾਨ ਅਨੁਸਾਰ ਪੰਜਾਬ ਵਿਚ ਠੋਸ ਕੂੜਾ ਕਰਕਟ ਤੋਂ ਤਕਰੀਬਨ 50 ਮੈਗਾਵਾਟ ਬਿਜਲੀ ਪੈਦਾ ਕੀਤੀ ਜਾ ਸਕਦੀ ਹੈ।