
ਬਲਜਿੰਦਰ ਸਿੰਘ ਨੇ ਸੁੱਤੀ ਪਈ ਪਤਨੀ, ਸਾਲੀ ਅਤੇ ਅਪਣੇ ਦੋ ਬੱਚਿਆਂ ਨੂੰ ਗੰਡਾਸੀ ਨਾਲ ਵੱਢਿਆ
High Court News: ਪੰਜਾਬ-ਹਰਿਆਣਾ ਹਾਈ ਕੋਰਟ ਨੇ ਪਤਨੀ, ਸਾਲੀ ਅਤੇ ਦੋ ਬੱਚਿਆਂ ਨੂੰ ਗੰਡਾਸੇ ਨਾਲ ਵੱਢਣ ਵਾਲੇ ਵਿਅਕਤੀ ਦੇ ਕੰਮ ਨੂੰ ਸ਼ੈਤਾਨੀ ਕਰਾਰ ਦਿੰਦੇ ਹੋਏ ਉਸ ਦੀ ਮੌਤ ਦੀ ਸਜ਼ਾ ਨੂੰ ਮਨਜ਼ੂਰੀ ਦੇ ਦਿਤੀ ਹੈ। ਕਪੂਰਥਲਾ ਅਦਾਲਤ ਨੇ ਫਾਂਸੀ ਦੀ ਸਜ਼ਾ ਸੁਣਾਉਂਦੇ ਹੋਏ ਹਾਈ ਕੋਰਟ ਨੂੰ ਮੌਤ ਦਾ ਹਵਾਲਾ ਭੇਜਿਆ ਸੀ, ਜਿਸ ਨੂੰ ਹਾਈ ਕੋਰਟ ਨੇ ਸਵੀਕਾਰ ਕਰ ਲਿਆ ਹੈ।
ਕਪੂਰਥਲਾ ਪੁਲਿਸ ਨੇ 29 ਨਵੰਬਰ 2013 ਨੂੰ ਚਾਰ ਵਿਅਕਤੀਆਂ ਦੇ ਕਤਲ ਸਬੰਧੀ ਸ਼ਿਕਾਇਤ ਮਿਲਣ ’ਤੇ ਐਫਆਈਆਰ ਦਰਜ ਕੀਤੀ ਸੀ। ਪੁਲਿਸ ਜਾਂਚ ਵਿਚ ਪਤਾ ਲੱਗਿਆ ਕਿ ਬਲਜਿੰਦਰ ਸਿੰਘ ਦੀ ਪਤਨੀ ਅਪਣੇ ਦੋ ਬੱਚਿਆਂ ਨਾਲ ਅਪਣੇ ਪੇਕੇ ਘਰ ਰਹਿ ਰਹੀ ਸੀ। ਜਿਸ ਦਿਨ ਉਸ ਦੀ ਪਤਨੀ ਅਤੇ ਬੱਚਿਆਂ ਦਾ ਕਤਲ ਕੀਤਾ ਗਿਆ, ਉਸ ਦਿਨ ਉਸ ਨੂੰ ਵੀ ਗੰਭੀਰ ਸੱਟਾਂ ਲੱਗੀਆਂ ਪਰ ਉਹ ਇਸ ਦਾ ਕਾਰਨ ਦੱਸਣ ਵਿਚ ਅਸਫਲ ਰਿਹਾ। ਅਜਿਹੇ 'ਚ ਪੁਲਿਸ ਨੇ ਉਸ ਨੂੰ ਦੋਸ਼ੀ ਬਣਾ ਕੇ ਹੇਠਲੀ ਅਦਾਲਤ 'ਚ ਰੀਪੋਰਟ ਪੇਸ਼ ਕੀਤੀ ਸੀ। ਇਸ ਕੇਸ ਵਿਚ ਬਲਜਿੰਦਰ ਸਿੰਘ ਦੀ ਸੱਸ, ਉਸ ਦਾ ਸਾਲਾ ਅਤੇ ਇਕ ਬੱਚਾ ਗਵਾਹ ਬਣੇ।
ਪੁਲਿਸ ਨੇ ਦਸਿਆ ਕਿ ਬਲਜਿੰਦਰ ਸਿੰਘ ਦਾ ਅਪਣੀ ਸੱਸ ਨਾਲ 35 ਹਜ਼ਾਰ ਰੁਪਏ ਨੂੰ ਲੈ ਕੇ ਝਗੜਾ ਹੋਇਆ ਸੀ। ਝਗੜਾ ਇੰਨਾ ਵੱਧ ਗਿਆ ਕਿ ਉਸ ਦੀ ਪਤਨੀ ਬੱਚਿਆਂ ਸਮੇਤ ਅਪਣੇ ਪੇਕੇ ਘਰ ਚਲੀ ਗਈ। ਪੁਲਿਸ ਦੀ ਥਿਊਰੀ ਦੇ ਆਧਾਰ ’ਤੇ ਕਪੂਰਥਲਾ ਅਦਾਲਤ ਨੇ ਬਲਜਿੰਦਰ ਸਿੰਘ ਨੂੰ ਦੋਸ਼ੀ ਕਰਾਰ ਦਿੰਦਿਆਂ ਫਾਂਸੀ ਦੀ ਸਜ਼ਾ ਸੁਣਾ ਕੇ ਹਾਈ ਕੋਰਟ ਨੂੰ ਪ੍ਰਵਾਨਗੀ ਲਈ ਭੇਜ ਦਿਤਾ ਸੀ।
ਮਾਮਲੇ ਦੀ ਸੁਣਵਾਈ ਕਰਦੇ ਹੋਏ ਹਾਈ ਕੋਰਟ ਨੇ ਕਿਹਾ ਕਿ ਅਪਣੀ ਪਤਨੀ ਅਤੇ ਮਾਸੂਮ ਬੱਚਿਆਂ ਨੂੰ ਗੰਡਾਸੇ ਨਾਲ ਵੱਢਣਾ ਨਿਸ਼ਚਿਤ ਤੌਰ 'ਤੇ ਸ਼ੈਤਾਨੀ ਕਾਰਾ ਹੈ ਅਤੇ ਇਸ ਘਟਨਾ ਨੇ ਪੂਰੇ ਸਮਾਜ ਨੂੰ ਝੰਜੋੜ ਕੇ ਰੱਖ ਦਿਤਾ ਹੈ। ਜੇਕਰ ਕੋਈ ਲੁਟੇਰਾ ਹੁੰਦਾ ਤਾਂ ਵੀ ਮਾਸੂਮ ਬੱਚਿਆਂ ਨੂੰ ਇਸ ਤਰ੍ਹਾਂ ਨਾ ਮਾਰਦਾ ਪਰ ਇਸ ਮਾਮਲੇ 'ਚ ਪਿਤਾ ਨੇ ਅਜਿਹਾ ਕਰ ਦਿਖਾਇਆ। ਇਸ ਤਰ੍ਹਾਂ ਦੀ ਹਰਕਤ ਦਾ ਦੋਸ਼ੀ ਕਿਸੇ ਵੀ ਤਰ੍ਹਾਂ ਦੀ ਰਹਿਮ ਦਾ ਹੱਕਦਾਰ ਨਹੀਂ ਹੈ। ਅਜਿਹੇ 'ਚ ਹਾਈ ਕੋਰਟ ਨੇ ਮੌਤ ਦਾ ਹਵਾਲਾ ਸਵੀਕਾਰ ਕਰਦੇ ਹੋਏ ਮੌਤ ਦੀ ਸਜ਼ਾ ਨੂੰ ਮਨਜ਼ੂਰੀ ਦੇ ਦਿਤੀ ਹੈ।
(For more Punjabi news apart from High Court News: Murder of wife and children is a diabolical act, stay tuned to Rozana Spokesman)