
ਲੱਤ ਮਾਰ ਕੇ ਖਿਲਾਰੀ ਰੇਹੜੀ ਵਾਲੇ ਦੀ ਸਬਜ਼ੀ, ਪੁਲਿਸ ਨੇ ਕੀਤੀ ਨੁਕਸਾਨ ਦੀ ਭਰਪਾਈ
ਫਗਵਾੜਾ (ਪ੍ਰਮੋਦ ਕੌਸ਼ਲ) : ਫਗਵਾੜਾ ਸਿਟੀ ਦੇ ਐਸਐਚਓ ਨਵਦੀਪ ਸਿੰਘ ਨੂੰ ‘ਫ਼ਿਲਮੀ ਅੰਦਾਜ਼ ਮਾਰਨਾ’ ਉਸ ਸਮੇਂ ਮਹਿੰਗਾ ਪੈ ਗਿਆ ਜਦੋਂ ਡੀਜੀਪੀ ਪੰਜਾਬ ਨੇ ਉਸ ਨੂੰ ਮੁਅੱਤਲ ਕਰਦੇ ਹੋਏ ਐਸਐਚਓ ਦੇ ਇਸ ਕਾਰੇ ਦੀ ਨਿਖੇਧੀ ਕੀਤੀ। ਦਰਅਸਲ, ਐਸਐਚਓ ਫਗਵਾੜਾ ਨਵਦੀਪ ਸਿੰਘ ਬਾਜ਼ਾਰ ਵਿਚ ਫ਼ਲੈਗ ਮਾਰਚ ਕੱਢ ਰਹੇ ਸੀ ਅਤੇ ਜਦੋਂ ਉਹ ਫਗਵਾੜਾ ਦੀ ਲੋਹਾ ਮੰਡੀ ਨੇੜੇ ਅਪਣੇ ਲਾਵ-ਲਸ਼ਕਰ ਨਾਲ ਪਹੁੰਚੇ ਤਾਂ ਇਕ ਸਬਜ਼ੀ ਦੀ ਦੁਕਾਨ ਵਾਲੇ ਤੇ ਉਸ ਦਾ ਗੁੱਸਾ ਫੁੱਟ ਪਿਆ।
Punjab Police
ਉਸ ਨੇ ਉਕਤ ਸਬਜ਼ੀ ਵਾਲੇ ਦਾ ਪਹਿਲਾਂ ਤਾਂ ਸਬਜ਼ੀਆਂ ਤੋਲਣ ਵਾਲਾ ਕੰਡਾ ਚੁਕਿਆ ਤੇ ਅਪਣੀ ਗੱਡੀ ਵਿਚ ਸੁੱਟ ਲਿਆ ਅਤੇ ਬਾਅਦ ਵਿਚ ਜਦੋਂ ਉਕਤ ਸਬਜ਼ੀ ਵਾਲਾ ਐਸਐਚਓ ਦੀਆਂ ਮਿੰਨਤਾਂ ਕਰ ਰਿਹਾ ਸੀ ਤਾਂ ਐਸਐਚਓ ਨੇ ਦੁਕਾਨਦਾਰ ਦੀ ਇਕ ਨਾ ਸੁਣਦੇ ਹੋਏ ਉਸ ਦੇ ਮਿਰਚਾਂ ਦੇ ਭਰੇ ਟੋਕਰੇ ਨੂੰ ਲੱਤ ਮਾਰ ਕੇ ਖਿਲਾਰ ਦਿਤਾ।
Punjab Police
ਇਸ ਸਾਰੇ ਮਾਮਲੇ ਦੀ ਵੀਡੀਉ ਬਣ ਗਈ ਅਤੇ ਸੋਸ਼ਲ ਮੀਡੀਆ ਤੇ ਵਾਇਰਲ ਹੋ ਗਈ ਜਿਸ ਤੋਂ ਬਾਅਦ ਡੀਜੀਪੀ ਪੰਜਾਬ ਦਿਨਕਰ ਗੁਪਤਾ ਨੇ ਖ਼ੁਦ ਇਸ ਮਾਮਲੇ ਦਾ ਨੋਟਿਸ ਲੈਂਦਿਆਂ ਟਵੀਟ ਕੀਤਾ ਜਿਸ ਵਿਚ ਐਸਐਚਓ ਦੀ ਇਸ ਸਾਰੀ ਕਰਤੂਤ ਨੂੰ ਸ਼ਰਮਨਾਕ ਦਸਦਿਆਂ ਐਸਐਚਓ ਨੂੰ ਮੁਅੱਤਲ ਕਰਨ ਦੀ ਜਾਣਕਾਰੀ ਵੀ ਦਿਤੀ ਗਈ ਅਤੇ ਨਾਲ ਹੀ ਕਿਹਾ ਕਿ ਅਜਿਹਾ ਦੁਰਵਿਵਹਾਰ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਜੇਕਰ ਕੋਈ ਵੀ ਅਜਿਹਾ ਕਰਦੇ ਮਿਲ ਗਿਆ ਤਾਂ ਸਖ਼ਤ ਕਾਰਵਾਈ ਕਰਨ ਦੀ ਵੀ ਗੱਲ ਡੀਜੀਪੀ ਪੰਜਾਬ ਦਿਨਕਰ ਗੁਪਤਾ ਨੇ ਅਪਣੇ ਟਵੀਟ ਵਿਚ ਕਹੀ ਹੈ।
DGP Dinkar Gupta
ਫਗਵਾੜਾ ਦੇ ਕੁੱਝ ਲੋਕਾਂ ਦੀ ਮੰਨੀਏ ਤਾਂ ਉਕਤ ਐਸਐਚਓ ਵਲੋਂ ਕੁੱਝ ਕੁ ਦਿਨਾਂ ਤੋਂ ਦੁਕਾਨਦਾਰਾਂ ਅਤੇ ਗ਼ਰੀਬ ਰੇਹੜੀ ਵਾਲਿਆਂ ਨਾਲ ਬਦਸਲੂਕੀ ਕੀਤੀ ਜਾ ਰਹੀ ਸੀ ਜਿਸ ਕਰ ਕੇ ਲੋਕ ਪ੍ਰੇਸ਼ਾਨ ਸੀ ਪਰ ਬੁੱਧਵਾਰ ਨੂੰ ਇਸ ਵਾਇਰਲ ਵੀਡੀਉ ਨੇ ਹਕੀਕਤ ਅਫ਼ਸਰਾਂ ਦੇ ਸਾਹਮਣੇ ਲਿਆਂਦੀ ਜਿਸ ਕਰ ਕੇ ਇਸ ਵਿਰੁਧ ਕਾਰਵਾਈ ਹੋ ਸਕੀ ਹੈ।
ਉਧਰ, ਇਸ ਸਾਰੇ ਮਾਮਲੇ ਤੋਂ ਬਾਅਦ ਐਸਐਸਪੀ ਕਪੂਰਥਲਾ ਕੰਵਰਦੀਪ ਕੌਰ ਖ਼ੁਦ ਫਗਵਾੜਾ ਪਹੁੰਚੇ ਅਤੇ ਉਨ੍ਹਾ ਕਿਹਾ ਕਿ ਵਾਇਰਲ ਹੋਈ ਵੀਡੀਉ ਤੋਂ ਬਾਅਦ ਐਸਐਚਓ ਨੂੰ ਮੁਅੱਤਲ ਕਰ ਦਿਤਾ ਗਿਆ ਹੈ ਅਤੇ ਵਿਭਾਗੀ ਜਾਂਚ ਵੀ ਸ਼ੁਰੂ ਕਰ ਦਿਤੀ ਗਈ ਹੈ। ਨਾਲ ਹੀ ਕਿਹਾ ਗਿਆ ਹੈ ਕਿ ਸਬਜ਼ੀ ਵਾਲੇ ਦਾ ਜੋ ਵੀ ਨੁਕਸਾਨ ਹੋਇਆ ਹੈ ਉਸ ਦੀ ਭਰਪਾਈ ਵੀ ਪੁਲਿਸ ਵਲੋਂ ਕੀਤੀ ਗਈ।