
ਬਰਨਾਲਾ ਦੇ ਗਰਚਾ ਰੋਡ 'ਤੇ ਵਸੀ ਹੋਈ ਗੁੱਜਰਾਂ ਦੀ ਬਸਤੀ ਵਿਚ ਅੱਗ ਲੱਗਣ ਦੀ ਭਿਆਨਕ ਖ਼ਬਰ ਸਾਹਮਣੇ ਆਈ ਹੈ।
ਬਰਨਾਲਾ: ਬਰਨਾਲਾ ਦੇ ਗਰਚਾ ਰੋਡ 'ਤੇ ਵਸੀ ਹੋਈ ਗੁੱਜਰਾਂ ਦੀ ਬਸਤੀ ਵਿਚ ਅੱਗ ਲੱਗਣ ਦੀ ਭਿਆਨਕ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਕਬੀਲੇ ਦੀ ਇਕ ਲੜਕੀ ਨੇ ਚਾਹ ਬਣਾਉਣ ਲਈ ਜਦੋਂ ਚੁੱਲ੍ਹਾ ਸੁਲਘਾਇਆ ਤਾਂ ਤੇਜ਼ ਹਵਾ ਦੇ ਝੋਕੇ ਕਾਰਨ ਅੱਗ ਪੂਰੀ ਬਸਤੀ ਵਿਚ ਫੈਲ ਗਈ। ਜਿਸ ਤੋਂ ਬਾਅਦ ਦੇਖਦੇ ਹੀ ਦੇਖਦੇ ਪੂਰੀ ਬਸਤੀ ਸੁਆਹ ਦੀ ਢੇਰੀ ਬਣ ਗਈ।
fire in Gujjar colony
ਅੱਗ ਇੰਨੀ ਤੇਜ਼ ਸੀ ਕਿ ਉਸ 'ਤੇ ਕਾਬੂ ਨਹੀਂ ਪਾਇਆ ਜਾ ਸਕਿਆ ਅਤੇ ਅੱਗ ਨੇ ਘਰ ਵਿਚ ਪਿਆ ਸਾਰਾ ਸਮਾਨ ਮੰਜੇ ਬਿਸਤਰੇ, ਗਹਿਣੇ, ਕੱਪੜੇ ਆਦਿ ਅਪਣੀ ਲਪੇਟ ਵਿਚ ਲੈ ਲਏ। ਪਰ ਕਿਸੇ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ। ਇਸ ਸਬੰਧੀ ਬਸਤੀ ਵਾਲਿਆਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਅੱਗ ਲੱਗਣ ਨਾਲ ਕਰੀਬ 12 ਤੋਂ 15 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਹੈ। ਉਨ੍ਹਾਂ ਨੇ ਸਰਕਾਰ ਪਾਸੋਂ ਮਦਦ ਦੀ ਗੁਹਾਰ ਲਗਾਈ ਹੈ।
Fire Brigade Official
ਇਸ ਸਬੰਧੀ ਫਾਇਰ ਬ੍ਰਿਗੇਡ ਮੁਲਾਜ਼ਮ ਦਾ ਕਹਿਣਾ ਹੈ ਕਿ ਅੱਗ ਲੱਗਣ ਕਾਰਨ ਕਾਫ਼ੀ ਨੁਕਸਾਨ ਹੋ ਗਿਆ ਹੈ। ਉਸ ਨੇ ਕਿਹਾ ਕਿ ਭਾਵੇਂ ਕਿ ਗੱਡੀ ਸੂਚਨਾ ਮਿਲਦਿਆਂ ਹੀ ਪਹੁੰਚ ਗਈ ਸੀ ਪਰ ਫਿਰ ਵੀ ਅੱਗ ਨੇ ਕਾਫ਼ੀ ਜ਼ਿਆਦਾ ਨੁਕਸਾਨ ਕਰ ਦਿੱਤਾ। ਅੱਗ ਲੱਗਣ ਦੀ ਘਟਨਾ ਮਗਰੋਂ ਪੁਲਿਸ ਨੇ ਵੀ ਮੌਕੇ 'ਤੇ ਪਹੁੰਚ ਕੇ ਜਾਇਜ਼ਾ ਲਿਆ। ਫਿਲਹਾਲ ਇਹ ਦੇਖਣਾ ਹੋਵੇਗਾ ਕਿ ਸਰਕਾਰ ਇਨ੍ਹਾਂ ਗ਼ਰੀਬਾਂ ਦੀ ਕੋਈ ਮਦਦ ਕਰਦੀ ਹੈ ਜਾਂ ਨਹੀਂ?