
ਹੱਡਬੀਤੀ ਸੁਣਾਉਂਦਿਆਂ ਬੋਲਿਆ ਨੌਜੁਆਨ, ਨਰਕ ਵਿਚ ਕੱਟੇ ਕਈ ਦਿਨ
“ਮਲੇਸ਼ੀਆ ਦੀ ਜੇਲ ਵਿਚ ਸਿੱਖ ਮੁੰਡਿਆਂ ਦੇ ਕੱਟੇ ਜਾ ਰਹੇ ਕੇਸ”
ਰਾਜ ਸਭਾ ਮੈਂਬਰ ਬਲਬੀਰ ਸਿੰਘ ਸੀਚੇਵਾਲ ਦੀ ਦਖ਼ਲ ਸਦਕਾ ਪਹੁੰਚਿਆ ਭਾਰਤ
ਨਵੀਂ ਦਿੱਲੀ (ਕਮਲ ਕਾਂਸਲ/ਕਮਲਜੀਤ ਕੌਰ) : ਮਲੇਸ਼ੀਆ ਵਿਚ ਫਸੇ ਇਕ ਪੰਜਾਬੀ ਨੌਜੁਆਨ ਦੀ ਕਈ ਦਿਨਾਂ ਬਾਅਦ ਘਰ ਵਾਪਸੀ ਹੋਈ ਹੈ। ਨੌਜੁਆਨ ਨੇ ਦਸਿਆ ਕਿ ਏਜੰਟ ਨੇ ਉਸ ਨੂੰ ਵਿਦੇਸ਼ ਵਿਚ ਵਰਕ ਪਰਮਿਟ ਦਾ ਭਰੋਸਾ ਦੇ ਕੇ ਉਥੇ ਸੱਦਿਆ ਸੀ ਪਰ ਧੋਖਾਧੜੀ ਦਾ ਸ਼ਿਕਾਰ ਹੋਣ ਕਾਰਨ ਉਸ ਨੂੰ ਕਈ ਦਿਨ ਨਰਕ ਭਰੀ ਜ਼ਿੰਦਗੀ ਜਿਉਣੀ ਪਈ। ਵਿਦੇਸ਼ ਜਾਣ ਲਈ ਉਸ ਨੇ ਏਜੰਟ ਨੂੰ 1.30 ਲੱਖ ਰੁਪਏ ਦਿਤੇ ਸਨ। ਰਾਜ ਸਭਾ ਸੰਸਦ ਮੈਂਬਰ ਬਲਬੀਰ ਸਿੰਘ ਸੀਚੇਵਾਲ ਦੇ ਯਤਨਾ ਸਦਕਾ ਹੀ ਇਸ ਨੌਜੁਆਨ ਦੀ ਘਰ ਵਾਪਸੀ ਹੋਈ ਹੈ। ਨੌਜੁਆਨ ਨੇ ਸਰਕਾਰ ਨੂੰ ਅਪੀਲ ਕਰਦਿਆਂ ਮਲੇਸ਼ੀਆ ਵਿਚ ਫਸੇ ਹੋਰ ਪੰਜਾਬੀਆਂ ਦੀ ਘਰ ਵਾਪਸੀ ਲਈ ਦਖ਼ਲ ਦੇਣ ਦੀ ਮੰਗ ਕੀਤੀ ਹੈ।
ਇਹ ਵੀ ਪੜ੍ਹੋ: ਅੰਮ੍ਰਿਤਸਰ ਦੇ ਸਟਰੀਟ ਡੌਗ ਜਾਣਗੇ ਕੈਨੇਡਾ : ਕੈਨੇਡੀਅਨ ਔਰਤ ਨੇ ਗੋਦ ਲਈ ਲਿਲੀ-ਡੇਜ਼ੀ
ਵੇਰਕਾ ਪਿੰਡ ਦੇ ਵਸਨੀਕ ਗੌਰਵ ਨੇ ਦਸਿਆ ਕਿ ਹੈਰੀ ਨਾਂਅ ਦੇ ਏਜੰਟ ਨੇ ਉਸ ਨੂੰ ਟੂਰਿਸਟ ਵੀਜ਼ਾ ’ਤੇ ਬੈਂਕਾਂਗ ਭੇਜਣ ਦਾ ਭਰੋਸਾ ਦਿਤਾ ਅਤੇ ਇਕ ਸਾਲ ਦਾ ਵਰਕ ਪਰਮਿਟ ਦੇਣ ਦੀ ਗੱਲ ਵੀ ਕਹੀ। ਨੌਜੁਆਨ ਏਜੰਟ ਦੀ ਗੱਲ ਮੰਨ ਕੇ 28 ਮਾਰਚ ਨੂੰ ਬੈਂਕਾਂਗ ਚਲਾ ਗਿਆ ਅਤੇ 29 ਮਾਰਚ ਨੂੰ ਉਹ ਉਥੇ ਪਹੁੰਚ ਗਿਆ। ਇਸ ਮਗਰੋਂ ਇਕ ਦਿਨ ਉਸ ਨੂੰ ਕਿਸੇ ਕਮਰੇ ਵਿਚ ਰਖਿਆ ਅਤੇ ਅਗਲੇ ਦਿਨ ਨੌਕਰੀ ਜੁਆਇਨ ਕਰਵਾਉਣ ਬਾਰੇ ਕਿਹਾ ਗਿਆ। ਇਸ ਤੋਂ ਬਾਅਦ ਇਕ ਵਿਅਕਤੀ ਉਸ ਨੂੰ ਨੌਕਰੀ ਵਾਲੀ ਥਾਂ ਲਿਜਾਉਣ ਦੇ ਬਹਾਨੇ ਹਨੇਰੇ ਵਿਚ ਥਾਈਲੈਂਡ ਅਤੇ ਮਲੇਸ਼ੀਆ ਦੇ ਬਾਰਡਰ ਉਤੇ ਲੈ ਗਿਆ। ਉਸ ਨੂੰ ਬਾਰਡਰ ਪਾਰ ਕਰਵਾ ਦਿਤਾ ਤੇ ਉਥੇ ਇੰਤਜ਼ਾਰ ਕਰਨ ਲਈ ਕਹਿ ਕੇ ਚਲਾ ਗਿਆ ਪਰ ਵਾਪਸ ਨਹੀਂ ਆਇਆ। ਇਸ ਦੌਰਾਨ ਮਲੇਸ਼ੀਆ ਪੁਲਿਸ ਦੀ ਗੱਡੀ ਆਈ ਅਤੇ ਉਸ ਕੋਲੋਂ ਪੁਛਗਿਛ ਕੀਤੀ। ਪੁਲਿਸ ਦਾ ਕਹਿਣਾ ਸੀ ਕਿ ਉਸ ਕੋਲ ਮਲੇਸ਼ੀਆ ਦਾ ਵੀਜ਼ਾ ਨਹੀਂ ਸੀ ਅਤੇ ਨਾ ਹੀ ਐਂਟਰੀ ਦਾ ਕੋਈ ਦਸਤਾਵੇਜ਼ ਸੀ। ਇਸ ਮਗਰੋਂ ਉਸ ਨੂੰ ਕਈ ਦਿਨ ਤਕ ਜੇਲ ਵਿਚ ਰਖਿਆ ਗਿਆ।
ਇਹ ਵੀ ਪੜ੍ਹੋ: ਮੁੱਖ ਮੰਤਰੀ ਭਗਵੰਤ ਮਾਨ ਨੇ ਹੋਮੀ ਭਾਭਾ ਕੈਂਸਰ ਹਸਪਤਾਲ ਨਾਲ MoU ਸਾਈਨ ਕਰਨ ਦੇ ਸਮਾਗਮ ‘ਚ ਲਿਆ ਹਿੱਸਾ
ਅਪਣੀ ਹੱਡਬੀਤੀ ਸੁਣਾਉਂਦਿਆਂ ਗੌਰਵ ਨੇ ਦਸਿਆ ਕਿ ਜੇਲ ਦੇ ਨਾਂਅ ’ਤੇ ਉਸ ਨੂੰ ਇਕ ਨਰਕ ਵਿਚ ਰਖਿਆ ਗਿਆ। ਛੋਟੇ ਜਿਹੇ ਕਮਰੇ ਵਿਚ ਕਈ ਨੌਜੁਆਨ ਸਨ, ਜਿਨ੍ਹਾਂ ਵਿਚੋਂ ਜ਼ਿਆਦਾਤਰ ਪੰਜਾਬੀ ਸਨ। ਇਕ ਮਹੀਨੇ ਬਾਅਦ ਉਸ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ ਅਤੇ ਜੱਜ ਨੇ ਇਕ ਮਹੀਨਾ ਜੇਲ ਜਾਂ 5 ਹਜ਼ਾਰ ਰਿੰਗਟ (ਭਾਰਤ ਵਿਚ ਕਰੀਬ ਇਕ ਲੱਖ ਰੁਪਏ) ਜੁਰਮਾਨੇ ਵਜੋਂ ਭਰਨ ਲਈ ਕਿਹਾ ਗਿਆ। ਇਸ ਤੋਂ ਬਾਅਦ ਉਸ ਨੇ ਇਕ ਮਹੀਨਾ ਜੇਲ ਕੱਟਣ ਦਾ ਫ਼ੈਸਲਾ ਕੀਤਾ। ਸਜ਼ਾ ਪੂਰੀ ਹੋਣ ਤੋਂ ਬਾਅਦ ਉਸ ਨੂੰ 20 ਦਿਨ ਮਲੇਸ਼ੀਆ ਇਮੀਗ੍ਰੇਸ਼ਨ ਵਿਚ ਰਖਿਆ ਗਿਆ, ਇਸ ਦੌਰਾਨ ਟਿਕਟ ਲਈ 40 ਹਜ਼ਾਰ ਰੁਪਏ ਦਾ ਇੰਤਜ਼ਾਮ ਕਰਨ ਲਈ ਕਿਹਾ ਗਿਆ। ਅਧਿਕਾਰੀਆਂ ਨੇ ਦਸਿਆ ਕਿ ਉਸ ਨੂੰ 5 ਸਾਲ ਲਈ ਡਿਪੋਰਟ ਕੀਤਾ ਜਾਵੇਗਾ।
ਇਹ ਵੀ ਪੜ੍ਹੋ: ਅੰਬਾਲਾ : ਮਹਿਲਾ ਕਾਂਸਟੇਬਲ ਨੇ ਬਚਾਈ ਮਾਂ ਤੇ ਬੱਚੇ ਦੀ ਜਾਨ, ਸਮਝਦਾਰੀ ਦਿਖਾਉਂਦੇ ਹੋਏ ਸੁਰੱਖਿਅਤ ਕਰਵਾਈ ਡਿਲੀਵਰੀ
ਸਿੱਖਾਂ ਨੌਜੁਆਨਾਂ ’ਤੇ ਕੀਤਾ ਜਾ ਰਿਹੈ ਤਸ਼ੱਦਦ
ਗੌਰਵ ਨੇ ਦਸਿਆ ਨੇ ਉਥੇ 70-80 ਪੰਜਾਬੀ ਹਨ, ਇਨ੍ਹਾਂ ਵਿਚ ਔਰਤਾਂ ਵੀ ਸ਼ਾਮਲ ਹਨ। ਸਿੱਖ ਨੌਜੁਆਨਾਂ ’ਤੇ ਤਸ਼ੱਦਦ ਕੀਤਾ ਜਾ ਰਿਹਾ ਹੈ, ਉਨ੍ਹਾਂ ਦੇ ਕੇਸ ਕਤਲ ਕੀਤੇ ਜਾ ਰਹੇ ਹਨ। ਸਰਕਾਰ ਨੂੰ ਅਪੀਲ ਹੈ ਕਿ ਇਸ ਨਰਕ ਵਿਚ ਫਸੇ ਲੋਕਾਂ ਨੂੰ ਜਲਦ ਤੋਂ ਜਲਦ ਬਾਹਰ ਕਢਿਆ ਜਾਵੇ। ਇਸ ਦੇ ਨਾਲ ਹੀ ਫ਼ਰਜ਼ੀ ਏਜੰਟਾਂ ’ਤੇ ਨੱਥ ਪਾਈ ਜਾਵੇ ਕਿਉਂਕਿ ਉਹ ਪੈਸੇ ਲਈ ਨੌਜੁਆਨਾਂ ਦੀਆਂ ਭਾਵਨਾਵਾਂ ਨਾਲ ਖੇਡ ਰਹੇ ਹਨ।
ਇਹ ਵੀ ਪੜ੍ਹੋ: ‘ਮਾਨ ਸਰਕਾਰ ਦੇ ਅੱਗੇ ਸਾਰੇ ਗਠਬੰਧਨ ਫੇਲ੍ਹ’ - ਸੰਸਦ ਮੈਂਬਰ ਸੰਜੇ ਸਿੰਘ
ਨੌਜੁਆਨ ਦੇ ਪਿਤਾ ਨੇ ਦਸਿਆ ਕਿ ਉਨ੍ਹਾਂ ਨੇ ਅਪਣੇ ਲੜਕੇ ਨੂੰ ਕਰਜ਼ਾ ਚੁੱਕ ਕੇ ਵਿਦੇਸ਼ ਭੇਜਿਆ ਸੀ। ਜਦੋਂ ਉਨ੍ਹਾਂ ਨੂੰ ਪਤਾ ਲਗਿਆ ਕਿ ਉਨ੍ਹਾਂ ਦਾ ਬੇਟਾ ਉਥੇ ਫਸ ਗਿਆ ਹੈ ਤਾਂ ਉਨ੍ਹਾਂ ਨੇ ਬਲਬੀਰ ਸਿੰਘ ਸੀਚੇਵਾਲ ਨੂੰ ਮਦਦ ਦੀ ਗੁਹਾਰ ਲਗਾਈ। ਉਨ੍ਹਾਂ ਦੇ ਯਤਨਾਂ ਸਦਕਾ ਹੀ ਨੌਜੁਆਨ ਘਰ ਪਰਤ ਸਕਿਆ ਹੈ। ਅਜਿਹੀਆਂ ਘਟਨਾਵਾਂ ਨਾਲ ਨਜਿੱਠਣ ਲਈ ਭਾਰਤ ਸਰਕਾਰ ਅਤੇ ਮਲੇਸ਼ੀਆ ਸਰਕਾਰ ਵਲੋਂ ਸਖ਼ਤ ਕਦਮ ਚੁੱਕੇ ਜਾਣੇ ਚਾਹੀਦੇ ਹਨ ਤਾਂ ਜੋ ਨੌਜੁਆਨਾਂ ਦੇ ਭਵਿੱਖ ਨਾਲ ਖਿਲਵਾੜ ਨਾ ਹੋਵੇ। ਰਾਜ ਸਭਾ ਮੈਂਬਰ ਬਲਬੀਰ ਸਿੰਘ ਸੀਚੇਵਾਲ ਦੀ ਕਾਨੂੰਨੀ ਟੀਮ ਦੇ ਮੈਂਬਰ ਐਡਵੋਕੇਟ ਗੁਰਪ੍ਰੀਤ ਸਿੰਘ ਨੇ ਦਸਿਆ ਕਿ ਗ਼ੈਰ-ਕਾਨੂੰਨੀ ਏਜੰਟ ਵਲੋਂ ਇਸ ਨੌਜੁਆਨ ਦੀ ਮਲੇਸ਼ੀਆ ਤਸਕਰੀ ਕਰ ਦਿਤੀ ਗਈ ਸੀ। ਜਦੋਂ ਬਲਬੀਰ ਸੀਚੇਵਾਲ ਨੇ ਇਸ ਮਸਲੇ ’ਤੇ ਕੇਂਦਰੀ ਵਿਦੇਸ਼ ਮੰਤਰਾਲੇ ਤੋਂ ਦਖ਼ਲ ਦੀ ਮੰਗ ਕੀਤੀ ਤਾਂ ਮੰਤਰਾਲੇ ਨੇ ਮਲੇਸ਼ੀਆ ਸਰਕਾਰ ਨਾਲ ਗੱਲਬਾਤ ਕਰਕੇ ਨੌਜੁਆਨ ਦੀ ਘਰ ਵਾਪਸੀ ਯਕੀਨੀ ਬਣਾਈ। ਉਨ੍ਹਾਂ ਦਸਿਆ ਕਿ ਵਿਦੇਸ਼ਾਂ ਵਿਚ ਫਸੀਆਂ ਪੰਜਾਬਣਾਂ ਦੀ ਮਦਦ ਲਈ ਐਸ.ਆਈ.ਟੀ. ਬਣਾਈ ਗਈ ਹੈ, ਇਸ ਨੂੰ ਲੈ ਕੇ ਕਈ ਫ਼ਰਜ਼ੀ ਏਜੰਟਾਂ ਵਿਰੁਧ ਮਾਮਲੇ ਦਰਜ ਕੀਤੇ ਗਏ ਹਨ।