
ਪੋਤੇ ਦੀ ਵਾਲ-ਵਾਲ ਬਚੀ ਜਾਨ
ਬਟਾਲਾ : ਬੁਧਵਾਰ ਨੂੰ ਗੁਰਦਾਸਪੁਰ ਦੇ ਬਟਾਲਾ 'ਚ ਇਕ ਰਿਹਾਇਸ਼ੀ ਇਲਾਕੇ ਵਿਚ ਚੱਲ ਰਹੀ ਪਟਾਕਾ ਫ਼ੈਕਟਰੀ ਵਿਚ ਹੋਏ ਜ਼ਬਰਦਸਤ ਧਮਾਕੇ ਕਾਰਨ ਘੱਟੋ-ਘੱਟ 23 ਲੋਕਾਂ ਦੀ ਜਾਨ ਚਲੀ ਗਈ ਅਤੇ ਕਈ ਲੋਕ ਜ਼ਖ਼ਮੀ ਹਨ। ਕੁਝ ਗੰਭੀਰ ਜ਼ਖਮੀਆਂ ਦਾ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ। ਧਮਾਕਾ ਇਨ੍ਹਾਂ ਤੇਜ਼ ਸੀ ਕਿ ਆਲੇ-ਦੁਆਲੇ ਦੇ ਘਰਾਂ ਅਤੇ ਦੁਕਾਨਾਂ ਨੂੰ ਵੀ ਨੁਕਸਾਨ ਪਹੁੰਚਿਆ ਹੈ। ਪੰਜਾਬ ਸਰਕਾਰ ਨੇ ਮ੍ਰਿਤਕਾਂ ਦੇ ਪਰਵਾਰਾਂ ਨੂੰ ਦੋ-ਦੋ ਲੱਖ ਦੀ ਮਾਲੀ ਮਦਦ ਦੇਣ ਦਾ ਐਲਾਨ ਕੀਤਾ ਗਿਆ ਹੈ।
Baldev Raj Singh
ਇਸ ਮੌਕੇ ਸਪੋਕਸਮੈਨ ਟੀਵੀ ਦੀ ਟੀਮ ਨੇ ਹਾਦਸੇ 'ਚ ਮਾਰੀ ਗਈ ਔਰਤ ਬਿਮਲਾ ਰਾਣੀ (60) ਦੇ ਪਰਵਾਰ ਨਾਲ ਗੱਲਬਾਤ ਕੀਤੀ। ਬਲਦੇਵ ਰਾਜ ਸਿੰਘ ਨੇ ਦੱਸਿਆ ਕਿ ਜਿਸ ਥਾਂ 'ਤੇ ਧਮਾਕਾ ਹੋਇਆ ਉਸ ਥਾਂ ਤੋਂ ਉਨ੍ਹਾਂ ਦਾ ਘਰ ਤਿੰਨ ਮਕਾਨ ਛੱਡ ਕੇ ਹੈ। ਉਹ ਖੁਦ ਗੁਰਦੁਆਰਾ ਸਾਹਿਬ ਗਏ ਹੋਏ ਸਨ, ਜਦਕਿ ਉਨ੍ਹਾਂ ਦੀ ਪਤਨੀ ਆਪਣੇ ਪੋਤੇ ਨੂੰ ਲੈ ਕੇ ਫ਼ੈਕਟਰੀ ਦੇ ਨਾਲ ਲੱਗਦੇ ਘਰ 'ਚ ਗਈ ਹੋਈ ਸੀ। ਉਨ੍ਹਾਂ ਦੇ ਘਰ ਅਕਸਰ ਉਨ੍ਹਾਂ ਦਾ ਆਉਣਾ-ਜਾਣਾ ਰਹਿੰਦਾ ਸੀ। ਜਦੋਂ ਧਮਾਕਾ ਹੋਇਆ ਤਾਂ ਫ਼ੈਕਟਰੀ ਦੇ ਨਾਲ ਲੱਗਦਾ ਘਰ ਵੀ ਡਿੱਗ ਗਿਆ, ਜਿਸ ਦੇ ਮਲਬੇ 'ਚ ਦੱਬ ਕੇ ਉਸ ਦੀ ਪਤਨੀ ਦੀ ਵੀ ਮੌਤ ਹੋ ਗਈ, ਜਦਕਿ ਪੋਤਾ ਵਾਲ-ਵਾਲ ਬੱਚ ਗਿਆ।
Bimla Rani - File Pic
ਬਲਦੇਵ ਸਿੰਘ ਨੇ ਦੱਸਿਆ ਕਿ ਪਹਿਲਾਂ ਵੀ ਤਿੰਨ-ਚਾਰ ਵਾਰ ਫ਼ੈਕਟਰੀ ਅੰਦਰ ਛੋਟੇ ਹਾਦਸੇ ਵਾਪਰ ਚੁੱਕੇ ਸਨ। ਇਸ ਬਾਰੇ ਕਈ ਵਾਰ ਅਧਿਕਾਰੀਆਂ ਨੂੰ ਸ਼ਿਕਾਇਤ ਕੀਤੀ ਗਈ ਸੀ ਪਰ ਕਿਸੇ ਨੇ ਉਨ੍ਹਾਂ ਦੀ ਗੱਲ ਨਾ ਸੁਣੀ। ਇਸ ਰਿਹਾਇਸ਼ੀ ਇਲਾਕੇ 'ਚ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਕਾਰੋਬਾਰ ਚੱਲ ਰਿਹਾ ਸੀ।