
ਪੀ.ਯੂ. ਨਾਲ ਜੁੜੇ ਸ਼ਹਿਰ ਦੇ 11 ਡਿਗਰੀ ਕਾਲਜਾਂ ਵਿਚ ਵੀ ਵੋਟਾਂ ਕੱਲ 6 ਸਤੰਬਰ ਨੂੰ ਹੋ ਰਹੀਆਂ ਹਨ।
ਚੰਡੀਗੜ੍ਹ (ਬਠਲਾਣਾ) : ਪੀ.ਯੂ. ਨਾਲ ਜੁੜੇ ਸ਼ਹਿਰ ਦੇ 11 ਡਿਗਰੀ ਕਾਲਜਾਂ ਵਿਚ ਵੀ ਵੋਟਾਂ ਕੱਲ 6 ਸਤੰਬਰ ਨੂੰ ਹੋ ਰਹੀਆਂ ਹਨ। ਦੁਪਹਿਰ ਬਾਅਦ ਤੱਕ ਨਤੀਜੇ ਐਲਾਨ ਦਿਤੇ ਜਾਣਗੇ। ਐਸ.ਡੀ. ਕਾਲਜ-32 ਵਿਚ ਤਿਕੌੜੇ ਮੁਕਾਬਲੇ ਹਨ ਜਿਥੇ ਸੋਈ, ਏ.ਬੀ.ਵੀ.ਪੀ. ਅਤੇ ਐਚ.ਪੀ.ਐਸ.ਯੂ. ਦੀ ਜਾਨਵੀ ਸੈਣੀ ਪ੍ਰਧਾਨਗੀ ਦੀ ਚੋਣ ਲੜ ਰਹੀ ਹੈ। ਇਸ ਦਾ ਮੁਕਾਬਲਾ ਐਨ.ਐਸ.ਯੂ.ਆਈ. ਦੇ ਵਿਨੇ ਦੇਸਵਾਲ ਅਤੇ ਐਸ.ਡੀ.ਸੀ.ਯੂ. ਅਤੇ ਐਸ.ਡੀ.ਐਚ.ਯੂ. ਦੇ ਉਮੀਦਵਾਰ ਸਾਹਿਲ ਨਾਲ ਹੈ। ਸਰਕਾਰੀ ਕਾਲਜ 11 ਵਿਖੇ 6 ਪਾਰਟੀਆਂ ਐਚ.ਐਸ.ਏ., ਇਨਸੋ, ਜੀ.ਜੀ.ਐਸ.ਯੂ., ਐਚ.ਪੀ.ਐਸ.ਯੂ., ਹਿੰਮਸ਼ੂ ਅਤੇ ਐਨ.ਐਸ.ਯੂ.ਆਈ. ਦੇ ਸਾਂਝੇ ਉਮੀਦਵਾਰ ਅਰੁਨਦੀਪ ਠਾਕੁਰ ਦਾ ਮੁਕਾਬਲਾ ਸੋਈ ਅਤੇ ਪੁਸੁ ਗਠਜੋੜ ਦੇ ਗੁਰਜਿੰਦਰ ਸਿੰਘ ਨਾਲ ਹੈ।
ਸਰਕਾਰੀ ਕਾਲਜ 46 ਵਿਚ ਸੋਪੂ ਅਤੇ ਜੀ.ਜੀ.ਐਸ.ਯੂ. ਦੇ ਉਮੀਦਵਾਰ ਨਿਤੇਸ਼ ਦਾ ਮੁਕਾਬਲਾ ਏ.ਬੀ.ਵੀ.ਪੀ. ਅਤੇ ਸੋਈ ਦੇ ਉਮੀਦਵਾਰ ਪਾਰਸ ਸ਼ਰਮਾ ਨਾਲ ਹੈ।
ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ 26 ਵਿਖੇ 7 ਪਾਰਟੀਆਂ ਦੇ ਸੰਗਠਨ (ਸੋਪੂ, ਆਈ.ਐਸ.ਓ., ਕੇ.ਸੀ.ਐਸ.ਯੂ., ਜੀ.ਜੀ.ਐਸ.ਯੂ., ਐਚ.ਪੀ.ਐਸ. ਯੂ., ਐਨ.ਐਸ.ਯੂ.ਆਈ. ਅਤੇ ਐਚ.ਐਸ.ਯੂ. ਦੇ ਸਾਂਝੇ ਉਮੀਦਵਾਰ ਅਨਮੋਲ ਸਿੰਘ ਦਾ ਮੁਕਾਬਲਾ 4 ਪਾਰਟੀਆਂ ਸੀ.ਐਸ.ਐਫ਼., ਸੋਈ, ਏ.ਬੀ.ਵੀ.ਪੀ. ਅਤੇ ਇਨਸੋ ਦੇ ਵਿਕਾਸ ਨਾਲ ਹੈ। ਡੀ.ਏ.ਵੀ. ਕਾਲਜ 10 ਵਿਖੇ ਐਚ.ਐਸ.ਏ., ਏ.ਬੀ.ਵੀ.ਪੀ., ਹਿੰਮਸ਼ੂ ਅਤੇ ਐਚ.ਪੀ.ਐਸ.ਯੂ. ਦਾ ਸਾਂਝੇ ਉਮੀਦਵਾਰ ਅਭੀਜੀਤ ਦਾ ਮੁਕਾਬਲਾ ਸੋਈ, ਪੁਸੁ, ਇਨਸੋ ਅਤੇ ਐਚ.ਪੀ.ਐਸ.ਯੂ. ਦੇ ਲਕਸ਼ਿਤ ਨਾਲ ਹੈ। ਤੀਜਾ ਉਮੀਦਵਾਰ ਉਦੇਸ਼ ਰਾਣਾ ਹੈ।
ਇਸ ਤੋਂ ਇਲਾਵਾ ਲੜਕੀਆਂ ਦੇ ਕਾਲਜਾਂ ਜਿਵੇਂ ਸਰਕਾਰੀ ਗਰਲਜ਼ ਕਾਲਜ 11, ਐਮ.ਸੀ.ਐਮ. ਡੀ.ਏ.ਵੀ. 36 ਸਰਕਾਰੀ ਗਰਲਜ਼ ਕਾਲਜ 42, ਗੁਰੂ ਗੋਬਿੰਦ ਸਿੰਘ ਕਾਲਜ ਫ਼ਾਰ ਵੂਮੈਨ 26 ਦੇਵ ਸਮਾਜ ਗਰਲਜ਼ ਕਾਲਜ 45 ਅਤੇ ਸਰਕਾਰੀ ਕਾਮਰਸ ਕਾਲਜ 50 ਵਿਚ ਵੀ ਵੋਟਾਂ ਪੈ ਰਹੀਆਂ ਹਨ। ਐਚ.ਐਸ.ਏ. ਦੇ ਅਜੈ ਨੈਨ ਅਤੇ ਇਕ ਆਜ਼ਾਦ ਉਮੀਦਵਾਰ ਤਾਨੀਆ ਭਾਟੀਆ ਵਿਚਕਾਰ ਮੁਕਾਬਲਾ ਹੈ। ਕਹਿਣ ਨੂੰ ਭਾਵੇਂ ਇਹ ਪੀ.ਯੂ. ਵਿਦਿਆਰਥੀ ਕੌਂਸਲ ਦੀਆਂ ਚੋਣਾਂ ਹਨ ਪਰ ਸਿਆਸੀ ਪਾਰਟੀਆਂ ਵੀ ਇਸ 'ਤੇ ਨਜ਼ਰ ਰੱਖ ਰਹੀਆਂ ਹਨ ਕਿਉਂਕਿ ਪੀ.ਯੂ. ਕੈਂਪਸ ਵਿਚ ਪੜ੍ਹੇ 16 ਹਜ਼ਾਰ ਤੋਂ ਵੱਧ ਪੜ੍ਹੇ ਲਿਖੇ ਵੋਟਰਾਂ ਦਾ ਸਵਾਲ ਹੈ।
ਭਾਜਪਾ ਦੀ ਵਿਚਾਰਧਾਰਾ ਵਾਲੀ ਏ.ਬੀ.ਵੀ.ਪੀ. ਲਈ ਇਹ ਚੋਣਾਂ ਕਰੋ ਜਾਂ ਮਰੋ ਵਾਲੀ ਸਥਿਤੀ ਵਾਂਗ ਹੈ ਕਿਉਂਕਿ ਇਨ੍ਹਾਂ ਚੋਣਾਂ ਦੇ 42 ਸਾਲਾਂ ਦੇ ਇਤਿਹਾਸ ਵਿਚ ਏ.ਬੀ.ਵੀ.ਪੀ. ਨੇ ਕਦੇ ਵੀ ਪ੍ਰਧਾਨਗੀ ਦੀ ਚੋਣ ਨਹੀਂ ਜਿੱਤੀ। ਉਂਜ ਪਿਛਲੇ ਸਾਲ ਇਸ ਦਾ ਉਮੀਦਵਾਰ 2083 ਵੋਟਾਂ ਲੈ ਕੇ ਦੂਜੇ ਸਥਾਨ 'ਤੇ ਰਿਹਾ। ਜੇਤੂ ਕਨੂਪ੍ਰਿਯਾ ਨੂੰ 2802 ਵੋਟਾਂ ਮਿਲੀਆਂ ਸਨ। ਏ.ਬੀ.ਵੀ.ਪੀ. ਨੇ ਇਸ ਵਾਰੀ ਇਨਸੋ ਅਤੇ ਐਚ.ਪੀ.ਐਸ.ਯੂ. ਦੇ ਇਕ ਧੜੇ ਨਾਲ ਗਠਜੋੜ ਕੀਤਾ ਹੈ। ਸਾਲ 2013-14, 2014-15, ਵਿਚ ਲਗਾਤਾਰ ਦੋ ਵਾਰੀ ਅਤੇ ਸਾਲ 2017-18 ਵਿਚ ਤਿੰਨੇ ਵਾਰੀ ਜੇਤੂ ਕਾਂਗਰਸ ਦੀ ਐਨ.ਐਸ.ਯੂ.ਆਈ. ਨੂੰ ਵਾਪਸੀ ਦੀ ਉਮੀਦ ਹੈ। ਐਨ.ਐਸ.ਯੂ.ਆਈ. ਅਪਣੇ ਦਮ 'ਤੇ ਇਕੱਲੇ ਚੋਣ ਲੜ ਰਹੀ ਹੈ।
ਪਿਛਲੀਆਂ ਚੋਣਾਂ ਵਿਚ ਐਸ.ਐਸ.ਐਫ਼. ਨੇ ਇਤਿਹਾਸਕ ਜਿੱਤ ਹਾਸਲ ਕੀਤੀ ਜਦੋਂ ਉਸਨੇ ਪਹਿਲੀ ਵਾਰ ਪੀ.ਯੂ. ਵਿਦਿਆਰਥੀ ਕੌਂਸਲ ਚੋਣਾਂ ਵਿਚ ਕਿਸੇ ਲੜਕੀ ਨੂੰ ਜਿਤਾਇਆ। ਇਸੇ ਤਜਰਬੇ ਨੂੰ ਦੁਹਰਾਉਂਦਿਆਂ ਐਸ.ਐਫ਼.ਐਸ. ਨੇ ਫਿਰ ਪ੍ਰਿਯਾ ਨਾਮਕ ਲੜਕੀ ਨੂੰ ਮੈਦਾਨ ਵਿਚ ਉਤਾਰਿਆ ਹੈ। ਪਿਛਲੇ ਸਾਲ ਦੀਆਂ ਪ੍ਰਾਪਤੀਆਂ ਅਤੇ ਨਵੇਂ ਦਾਅਵਿਆਂ ਨਾਲ ਐਸ.ਐਫ਼.ਐਸ.ਬਾਕੀ ਸਿਆਸੀ ਪਾਰਟੀਆਂ ਦੇ ਤਿੰਨ ਪੁਰਸ਼ ਉਮੀਦਵਾਰਾਂ ਨੂੰ ਟੱਕਰ ਦੇ ਰਹੀ ਹੈ। ਅਕਾਲੀ ਦਲ ਬਾਦਲ ਦੀ ਸੋਈ ਨੇ ਪਹਿਲੀ ਵਾਰ ਸਾਲ 2015-16 ਵਿਚ ਪ੍ਰਧਾਨਗੀ ਦੀ ਚੋਣ ਜਿੱਤੀ ਸੀ ਪਿਛਲੇ ਸਾਲ ਇਸ ਦਾ ਉਮੀਦਵਾਰ ਤੀਜੇ ਸਥਾਨ 'ਤੇ ਰਿਹਾ ਸੀ। ਲਗਪਗ 4 ਸਾਲਾਂ ਦੇ ਵਕਫ਼ੇ ਮਗਰੋਂ ਸੋਈ ਨੇ ਜਿੱਤ ਹਾਸਲ ਕਰਨ ਦੇ ਇਰਾਦੇ ਨਾਲ ਪੁਸੁ ਅਤੇ ਐਚ.ਪੀ.ਐਸ.ਯੂ. ਦੇ ਦੂਜੇ ਧੜੇ ਨਾਲ ਚੋਣ ਸਮਝੌਤਾ ਕੀਤਾ ਹੈ।
ਐਨ.ਐਸ.ਯੂ. ਦੇ ਉਮੀਦਵਾਰ : ਪ੍ਰਧਾਨ: ਨਿਖਿਲ ਨਰਮੇਤਾ, ਮੀਤ ਪ੍ਰਧਾਨ : ਰਾਹੁਲ ਕੁਮਾਰ, ਸਕੱਤਰ : ਤੇਗਵੀਰ ਸਿੰਘ, ਸੰਯੁਕਤ ਸਕੱਤਰ: ਮਨਪ੍ਰੀਤ ਸਿੰਘ ਮਾਹਲ। ਏ.ਬੀ.ਵੀ.ਪੀ. ਅਤੇ ਇਨਸੋ ਅਤੇ ਐਚ.ਪੀ.ਐਸ.ਯੂ.-2 ਦੇ ਉਮੀਦਵਾਰਾਂ ਵਿਚ ਪ੍ਰਧਾਨ ਪਾਰਸ ਰਤਨ, ਮੀਤ ਪ੍ਰਧਾਨ ਦਿਵਿਆ ਚੌਪੜਾ, ਸਕੱਤਰ ਗੌਰਵ ਚੌਹਾਨ, ਸੰਯੁਕਤ ਸਕੱਤਰ : ਰੋਹਿਤ ਸ਼ਰਮਾ, ਸੋਈ, ਪੁਸੁ ਅਤੇ ਐਚ.ਪੀ.ਐਸ.ਯੂ.-1 ਪ੍ਰਧਾਨ ਚੇਤਨ ਚੌਧਰੀ, ਮੀਤ ਪ੍ਰਧਾਨ ਰਮਨਦੀਪ ਮਾਰਕਨ, ਸਕੱਤਰ ਗਗਨਦੀਪ ਸਿੱਧੂ, ਸੰਯੁਕਤ ਸਕੱਤਰ ਧੀਰਜ ਠਾਕੁਰ, ਐਸ.ਐਫ਼.ਐਸ. ਪ੍ਰਿਯਾ (ਪ੍ਰਧਾਨ), ਐਚ.ਐਸ.ਏ. : ਅਜੇ ਨੈਨ ਸੰਯੁਕਤ ਸਕੱਤਰ, ਸੋਪੂ ਕਰਮਬੀਰ ਸਿੰਘ ਸੰਯੁਕਤ ਸਕੱਤਰ, ਆਜ਼ਾਦ ਤਾਨੀਆ ਭਾਟੀਆ ਸੰਯੁਕਤ ਸਕੱਤਰ।
ਪਿਛਲੇ 5 ਸਾਲਾਂ ਦੇ ਅੰਕੜਿਆਂ ਅਨੁਸਾਰ ਇਨ੍ਹਾਂ ਚੋਣਾਂ ਵਿਚ ਔਸਤਨ 61 ਫ਼ੀ ਸਦੀ ਪੋਲਿੰਗ ਹੁੰਦੀ ਹੈ। ਸੱਭ ਤੋਂ ਘੱਟ ਸਾਲ 2015 ਵਿਚ 56.5 ਫ਼ੀ ਸਦੀ ਅਤੇ ਸਾਲ 2016 ਵਿਚ ਸਭ ਤੋਂ ਵੱਧ 67 ਫ਼ੀ ਸਦੀ ਪੋਲਿੰਗ ਹੋਈ। ਇਸ ਸਾਲ 16153 ਵੋਟਾਂ ਹਨ। ਪਿਛਲੇ ਸਾਲ ਨਾਲੋਂ 612 ਵੱਧ। ਸਭ ਤੋਂ ਵੱਧ ਯੂ.ਆਈ.ਈ.ਟੀ. ਵਿਚ 2638 ਅਤੇ ਸਭ ਤੋਂ ਘੱਟ 17 ਫ਼ਰੈਂਚ ਵਿਚ ਹਨ। 62 ਵਿਭਾਗਾਂ ਵਿਚ 167 ਪੋਲਿੰਗ ਬੂਥ ਹਨ। ਵੋਟਾਂ ਦੀ ਗਿਣਤੀ ਜਿਮਨੇਜ਼ਮੀਅਮ ਹਾਲ ਵਿਚ ਹੋਵੇਗੀ। ਨਤੀਜਿਆਂ ਲਈ ਵੱਡੇ ਸਕਰੀਨ ਲਾਏ ਗਏ ਹਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।