
ਪੰਜਾਬ ਯੂਨੀਵਰਸਟੀ ਹੀ ਸਿੱਖ ਇਤਿਹਾਸ ਨੂੰ ਵਿਗਾੜ ਰਹੀ ਹੈ ਅਤੇ ਗੁਰੂ ਗੋਬਿੰਦ ਸਿੰਘ ਜੀ ਨੂੰ ਕਾਲੀ ਦਾ ਭਗਤ ਦਸ ਰਹੇ ਹਨ।
ਕਰਨਾਲ (ਪਲਵਿੰਦਰ ਸਿੰਘ ਸੱਗੂ): ਹਰਿਆਣਾ ਦੇ ਉਘੇ ਸਿੱਖ ਚਿੰਤਕ ਅਤੇ ਬੁੱਧੀਜੀਵੀ ਐਡਵੋਕੇਟ ਅੰਗਰੇਜ਼ ਸਿੰਘ ਪੰਨੂੰ ਨੇ ਪੰਜਾਬ ਯੂਨੀਵਰਸਟੀ ਦੇ ਵਾਈਸ ਚਾਂਸਲਰ ਅਤੇ ਸੁਪਰ ਪਬਲੀਕੇਸ਼ਨ ਜਲੰਧਰ ਨੂੰ ਲੀਗਲ ਨੋਟਿਸ ਭੇਜਿਆ ਹੈ ਕਿਉਂਕਿ ਪੰਜਾਬ ਯੂਨੀਵਰਸਟੀ ਦੀ ਬੀ ਏ ਭਾਗ ਪਹਿਲਾ ਦੀ ਅੰਗਰੇਜ਼ੀ ਦੀ ਕਿਤਾਬ ਵਿਚ ਪੰਨਾ ਨੰ.184 ਦੇ ਪ੍ਰਸ਼ਨ ਨੰ. 48 ਵਿਚ ਪੁਛਿਆ ਗਿਆ ਕਿ ਕਾਲੀ ਮਾਤਾ ਦਾ ਧਾਰਮਕ ਸ਼ਰਧਾ ਦਾ ਪ੍ਰਤੀਕ ਕੀ ਹੈ ਤਾਂ ਉਸ ਦੇ ਉਤਰ ਵਿਚ ਲਿਖਿਆ ਕਿ ਕਾਲੀ ਇਕ ਆਦਿ ਸ਼ਕਤੀ ਹੈ ਅਤੇ ਇਹ ਬੁਰਾਈਆਂ ਦਾ ਨਾਸ ਕਰਨ ਵਾਲੀ ਸ਼ਕਤੀ ਹੈ ਅਤੇ ਸਵਾਮੀ ਵਿਵੇਕਾਨੰਦ ਤੇ ਗੁਰੂ ਗੋਬਿੰਦ ਸਿੰਘ ਜੀ ਕਾਲੀ ਮਾਤਾ ਦੇ ਵੱਡੇ ਭਗਤ ਸਨ।
ਸ. ਪੰਨੂੰ ਨੇ ਦਸਿਆ ਕੀ ਇਹ ਕਿਤਾਬ 2017 ਵਿਚ ਛਾਪੀ ਗਈ ਹੈ। ਜਦੋਂ ਇਸ ਕਿਤਾਬ ਬਾਰੇ ਸ. ਵਕੀਲ ਸਿੰਘ ਸਿਰਸਾ ਨੇ ਸਾਨੂੰ ਜਾਣੂ ਕਰਵਾਇਆ ਤਾਂ ਮੈਂ ਇਸ ਕਿਤਾਬ ਨੂੰ ਮੰਗਵਾ ਕੇ ਇਸ ਦੀ ਘੋਖ ਕੀਤੀ ਤਾਂ ਸਾਡੇ ਹਿਰਦੇ ਨੂੰ ਗਹਿਰੀ ਸੱਟ ਵੱਜੀ ਕਿ ਪੰਜਾਬ ਯੂਨੀਵਰਸਟੀ ਹੀ ਸਿੱਖ ਇਤਿਹਾਸ ਨੂੰ ਵਿਗਾੜ ਰਹੀ ਹੈ ਅਤੇ ਗੁਰੂ ਗੋਬਿੰਦ ਸਿੰਘ ਜੀ ਨੂੰ ਕਾਲੀ ਦਾ ਭਗਤ ਦਸ ਰਹੇ ਹਨ।
ਐਡਵੋਕੇਟ ਪੰਨੂੰ ਵਲੋਂ ਯੂਨੀਵਰਸਟੀ ਦੇ ਵਾਈਸ-ਚਾਂਸਲਰ ਅਤੇ ਕਿਤਾਬ ਨੂੰ ਛਾਪਣ ਵਾਲੇ ਜਲੰਧਰ ਦੇ ਸੁਪਰ ਪਬਲੀਕੇਸ਼ਨ ਨੂੰ ਲੀਗਲ ਨੋਟਿਸ ਭੇਜਿਆ ਹੈ ਅਤੇ ਉਨ੍ਹਾਂ ਤੋਂ ਮੰਗ ਕੀਤੀ ਹੈ ਕਿ ਇਸ ਨੂੰ ਛਾਪਣ ਦਾ ਸਰੋਤ ਦਸਿਆ ਜਾਵੇ ਨਹੀਂ ਤਾਂ ਇਸ ਗੱਲ ਦੀ ਲਿਖਤੀ ਮਾਫ਼ੀ ਮੰਗੀ ਜਾਵੇ। ਜੇਕਰ ਮਾਫ਼ੀ ਨਹੀਂ ਮੰਗੀ ਤਾਂ ਅਸੀ ਉਨ੍ਹਾਂ ਵਿਰੁਧ ਕਾਨੂੰਨੀ ਕਾਰਵਾਈ ਕਰਨ ਲਈ ਬਾਜ਼ਿੱਦ ਹੋਵਾਂਗੇ।