
ਸੰਜੇ ਰਾਊਤ ਨੇ ਕੇਂਦਰ ਤੋਂ ਪੁਛਿਆ
'ਤੁਸੀਂ ਜਵਾਹਰ ਲਾਲ ਨਹਿਰੂ ਤੋਂ ਇੰਨੀ ਨਫ਼ਰਤ ਕਿਉਂ ਕਰਦੇ ਹੋ'?
ਮੁੰਬਈ, 5 ਸਤੰਬਰ : ਸ਼ਿਵ ਸੈਨਾ ਸੰਸਦ ਸੰਜੇ ਰਾਊਤ ਨੇ ਕਿਹਾ ਕਿ ਭਾਰਤ ਦੀ ਆਜ਼ਾਦੀ ਦੀ 75ਵੀਂ ਵਰ੍ਹੇਗੰਢ 'ਤੇ ਕੇਂਦਰੀ ਸਿਖਿਆ ਮੰਤਰਾਲਾ ਦੀ ਇਕ ਸੰਸਥਾ ਵਲੋਂ ਜਾਰੀ ਪੋਸਟਰ 'ਚ ਸਾਬਕਾ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦੀ ਤਸਵੀਰ ਸ਼ਾਮਲ ਨਾ ਕਰਨਾ ਕੇਂਦਰ ਦੀ 'ਛੋਟੀ ਮਾਨਸਿਕਤਾ' ਨੂੰ ਦਿਖਾਉਂਦਾ ਹੈ ਅਤੇ ਉਨ੍ਹਾਂ ਨੇ ਕੇਂਦਰ ਸਰਕਾਰ ਤੋਂ ਪੁਛਿਆ ਕਿ ਉਹ ਨਹਿਰੂ ਤੋਂ ਇੰਨੀ 'ਨਫ਼ਰਤ' ਕਿਉਂ ਕਰਦੀ ਹੈ | ਰਾਊਤ ਨੇ ਸ਼ਿਵ ਸੈਨਾ ਦੇ ਅਖ਼ਬਾਰ 'ਸਾਮਨਾ' 'ਚ ਕਿਹਾ ਕਿ ਸਿਖਿਆ ਮੰਤਰਾਲਾ ਦੇ ਖ਼ੁਦਮੁਖ਼ਤਿਆਰ ਸੰਸਥਾ ਭਾਰਤੀ ਇਤਿਹਾਸਕ
ਖੋਜ ਪ੍ਰੀਸ਼ਦ (ਆਈ.ਸੀ.ਐਚ.ਆਰ.) ਨੇ ਅਪਣੇ ਪੋਸਟਰ 'ਚ ਨਹਿਰੂ ਅਤੇ ਮੌਲਾਨਾ ਅਬਦੁਲ ਕਲਾਮ ਆਜ਼ਾਦ ਦੀਆਂ ਤਸਵੀਰਾਂ ਨਹੀਂ ਲਗਾਈਆਂ ਅਤੇ ਉਨ੍ਹਾਂ ਨੇ ਦੋਸ਼ ਲਗਾਇਆ ਕਿ ਇਹ 'ਸਿਆਸੀ ਬਦਲੇ' ਦਾ ਕੰਮ ਹੈ | ਰਾਊਤ ਨੇ ਦਾਅਵਾ ਕੀਤਾ,''ਜਿਨ੍ਹਾਂ ਨੇ ਆਜ਼ਾਦੀ ਦੇ ਸੰਘਰਸ਼ 'ਚ ਅਤੇ ਇਤਿਹਾਸ ਰਚਣ 'ਚ ਕੋਈ ਯੋਗਦਾਨ ਨਹੀਂ ਦਿਤਾ, ਉਹ ਸੁਤੰਤਰਤਾ ਸੰਘਰਸ਼ ਦੇ ਨਾਇਕਾਂ 'ਚ ਸ਼ਾਮਲ ਹੋ ਰਹੇ ਹਨ | ਸਿਆਸੀ ਬਦਲੇ ਕਾਰਨ ਕੀਤਾ ਗਿਆ ਇਹ ਕੰਮ ਚੰਗਾ ਨਹੀਂ ਹੈ ਅਤੇ ਇਹ ਉਨ੍ਹਾਂ ਦੀ ਛੋਟੀ ਮਾਨਸਿਕਤਾ ਨੂੰ ਦਿਖਾਉਂਦਾ ਹੈ | ਇਹ ਹਰ ਸੁਤੰਤਰਤਾ ਸੈਨਾਨੀ ਦਾ ਅਪਮਾਨ ਹੈ |''
ਰਾਜ ਸਭਾ ਮੈਂਬਰ ਨੇ ਕੇਂਦਰ ਵਲੋਂ ਹਾਲ 'ਚ ਐਲਾਨ ਰਾਸ਼ਟਰੀ ਮੁਦਰੀਕਰਨ ਪਾਈਪਲਾਈਨ ਯੋਜਨਾ ਦਾ ਜ਼ਿਕਰ ਕਰਦੇ ਹੋਏ ਕਿਹਾ,''ਨਹਿਰੂ ਨੇ ਅਜਿਹਾ ਕੀ ਕੀਤਾ ਜੋ ਉਨ੍ਹਾਂ ਤੋਂ ਇੰਨੀ ਜ਼ਿਆਦਾ ਨਫ਼ਰਤ ਹੈ? ਸਗੋਂ ਉਨ੍ਹਾਂ ਨੇ ਜੋ ਸੰਸਥਾਵਾਂ ਬਣਾਈਆਂ, ਉਨ੍ਹਾਂ ਨੂੰ ਹੁਣ ਭਾਰਤੀ ਅਰਥਵਿਵਸਥਾ ਦੀ ਗਤੀ ਲਈ ਵੇਚਿਆ ਜਾ ਰਿਹਾ ਹੈ |'' ਉਨ੍ਹਾਂ ਕਿਹਾ,''ਤੁਸੀਂ ਰਾਸ਼ਟਰ ਨਿਰਮਾਣ 'ਚ ਨਹਿਰੂ ਅਤੇ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਅਮਰ ਯੋਗਦਾਨ ਨੂੰ ਨਸ਼ਟ ਨਹੀਂ ਕਰ ਸਕਦੇ | ਜਿਨ੍ਹਾਂ ਨੇ ਨਹਿਰੂ ਦੇ ਯੋਗਦਾਨ ਨੂੰ ਖ਼ਾਰਜ਼ ਕੀਤਾ, ਉਨ੍ਹਾਂ ਨੂੰ ਇਤਿਹਾਸ ਦੇ ਖਲਨਾਇਕ ਦਸਿਆ ਜਾਵੇਗਾ |'' (ਏਜੰਸੀ)