
ਬੀਤੇ ਦਿਨੀਂ ਪਿੰਡ ਕਾਲੀਏ ਵਾਲਾ ਵਿਖੇ ਇਕ ਸਹਾਇਕ ਥਾਣੇਦਾਰ ਨੇ ਆਪਣੀ ਪਤਨੀ ਨੂੰ ਗੋਲੀ ਮਾਰਨ ਤੋਂ ਬਾਅਦ, ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ ਸੀ।
ਫ਼ਿਰੋਜ਼ਪੁਰ (ਬਲਬੀਰ ਸਿੰਘ ਜੋਸਨ) : ਬੀਤੇ ਦਿਨੀਂ ਪਿੰਡ ਕਾਲੀਏ ਵਾਲਾ ਵਿਖੇ ਇਕ ਸਹਾਇਕ ਥਾਣੇਦਾਰ ਨੇ ਆਪਣੀ ਪਤਨੀ ਨੂੰ ਗੋਲੀ ਮਾਰਨ ਤੋਂ ਬਾਅਦ, ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ ਸੀ। ਇਸ ਸਬੰਧ ਵਿਚ ਪੁਲਿਸ ਥਾਣਾ ਤਲਵੰਡੀ ਭਾਈ ਵਲੋਂ ਮ੍ਰਿਕਤ ਸਹਾਇਕ ਥਾਣੇਦਾਰ ਵਿਰੁਧ ਪਰਚਾ ਦਰਜ ਕੀਤਾ ਗਿਆ ਹੈ। ਮਾਮਲੇ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਕਮਲਜੀਤ ਸਿੰਘ ਪੁੱਤਰ ਬਲਜੀਤ ਸਿੰਘ ਵਾਸੀ ਮਿਸ਼ਰੀ ਵਾਲਾ ਨੇ ਪੁਲਿਸ ਥਾਣਾ ਤਲਵੰਡੀ ਭਾਈ ਨੂੰ ਦਿਤੇ ਬਿਆਨਾਂ ਵਿਚ ਦੋਸ਼ ਲਗਾਇਆ ਕਿ ਉਸ ਦਾ ਪਿਤਾ ਬਲਜੀਤ ਸਿੰਘ (50) ਪੁੱਤਰ ਗੁਰਦਿਆਲ ਸਿੰਘ ਜੋ ਕਿ ਮਹਿਕਮਾ ਪੀਏਪੀ ਵਿਚ ਬਤੌਰ ਸਹਾਇਕ ਥਾਣੇਦਾਰ ਨੌਕਰੀ ਕਰਦਾ ਹੈ ਅਤੇ ਉਸ ਦੀ ਡਿਊਟੀ ਆਬਕਾਰੀ ਵਿਭਾਗ ਤਲਵੰਡੀ ਭਾਈ ਵਿਖੇ ਹੈ।
ਕਮਲਜੀਤ ਸਿੰਘ ਨੇ ਦੋਸ਼ ਲਗਾਇਆ ਕਿ 3 ਅਕਤੂਬਰ ਨੂੰ ਰਾਤ ਕਰੀਬ ਸਵਾ ਅੱਠ ਵਜੇ ਮੁੱਦਈ ਆਪਣੀ ਮਾਂ ਚਰਨਜੀਤ ਕੌਰ ਨਾਲ ਆਪਣੇ ਨਾਨਕੇ ਪਿੰਡ ਕਾਲੀਏ ਵਾਲਾ ਵਿਖੇ ਰੋਟੀ ਖਾ ਕੇ ਗੱਲਾਂ ਬਾਤਾਂ ਕਰ ਰਹੇ ਸਨ। ਬਲਜੀਤ ਸਿੰਘ ਦਾ ਅਚਾਨਕ ਚਰਨਜੀਤ ਕੌਰ ਨਾਲ ਝਗੜਾ ਹੋ ਗਿਆ ਅਤੇ ਉਸਨੇ ਸਰਕਾਰੀ ਪਿਸਟਲ ਚਰਨਜੀਤ ਕੌਰ 'ਤੇ ਫ਼ਾਇਰ ਕਰ ਦਿਤਾ। ਜਿਸ ਕਾਰਨ ਉਹ ਜ਼ਮੀਨ 'ਤੇ ਡਿੱਗ ਪਈ ਅਤੇ ਬਲਜੀਤ ਸਿੰਘ ਨੇ ਵੀ ਡਰ ਕੇ ਆਪਣੇ ਆਪ ਨੂੰ ਵੀ ਗੋਲੀ ਮਾਰ ਲਈ।
ਕਮਲਜੀਤ ਸਿੰਘ ਨੇ ਦਸਿਆ ਕਿ ਜ਼ਖਮੀ ਹਾਲਤ ਵਿਚ ਉਸ ਨੇ ਆਪਣੇ ਪਿਤਾ ਬਲਜੀਤ ਸਿੰਘ ਅਤੇ ਮਾਤਾ ਚਰਨਜੀਤ ਕੌਰ ਨੂੰ ਇਲਾਜ ਲਈ ਦਿੱਲੀ ਹਾਰਟ ਹਸਪਤਾਲ ਮੋਗਾ ਵਿਖੇ ਦਾਖ਼ਲ ਕਰਵਾਇਆ, ਜਿਥੇ ਉਸਦੇ ਪਿਤਾ ਦੀ ਮੌਤ ਹੋ ਗਈ ਅਤੇ ਮਾਂ ਚਰਨਜੀਤ ਕੌਰ ਜੇਰੇ ਇਲਾਜ ਹੈ। ਇਸ ਮਾਮਲੇ ਦੀ ਜਾਂਚ ਕਰ ਰਹੇ ਏਐਸਆਈ ਨਰਿੰਦਰ ਸਿੰਘ ਨੇ ਦਸਿਆ ਕਿ ਸ਼ਿਕਾਇਤਕਰਤਾ ਕਮਲਜੀਤ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਬਲਜੀਤ ਸਿੰਘ ਪੁੱਤਰ ਗੁਰਦਿਆਲ ਸਿੰਘ ਵਾਸੀ ਮਿਸ਼ਰੀ ਵਾਲਾ ਦੇ ਵਿਰੁਧ ਆਈਪੀਸੀ ਅਤੇ ਆਰਮਜ਼ ਐਕਟ ਤਹਿਤ ਪਰਚਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਦਿਤੀ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।