
ਕੰਧ ਪਾੜ ਕੇ ਬੈਂਕ ਦੇ ਪੰਜ ਲੌਕਰਾਂ ਦਾ ਸਾਮਾਨ ਲੈ ਕੇ ਹੋਏ ਫ਼ਰਾਰ
ਟਾਂਡਾ ਉੜਮੁੜ , 5 ਅਕਤੂਬਰ (ਅੰਮ੍ਰਿਤਪਾਲ ਬਾਜਵਾ): ਹਲਕਾ ਉੜਮੁੜ ਦੇ ਬਲਾਕ ਟਾਂਡਾ ਅਧੀਨ ਪੈਂਦੇ ਕਸਬਾ ਖੁੱਡਾ ਦੇ ਅੱਡੇ ਉਤੇ ਐਤਵਾਰ ਦੇਰ ਰਾਤ ਚਾਰ ਲੁਟੇਰੇ ਪੰਜਾਬ ਨੈਸ਼ਨਲ ਬੈਂਕ ਦੀ ਇਮਾਰਤ ਨੂੰ ਸੰਨ੍ਹ ਲਾ ਕੇ ਅੰਦਰ ਵੜ ਗਏ ਤੇ ਪੰਜ ਲੌਕਰਾਂ ਨੂੰ ਕਟਰ ਨਾਲ ਕੱਟ ਸਾਮਾਨ ਚੋਰੀ ਕਰ ਕੇ ਫ਼ਰਾਰ ਹੋ ਗਏ। ਸਾਰੀ ਘਟਨਾ ਬੈਂਕ ਵਿਚ ਲੱਗੇ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ। ਘਟਨਾ ਦੀ ਸੂਚਨਾ ਮਿਲਣ ਉਤੇ ਡੀਐਸਪੀ ਟਾਂਡਾ ਦਲਜੀਤ ਸਿੰਘ ਖੱਖ ਤੇ ਐਸ.ਐਚ.ਓ. ਟਾਂਡਾ ਬਿਕਰਮ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ ਉਤੇ ਪਹੁੰਚੇ ਤੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ਼ ਦੇ ਆਧਾਰ ਉਤੇ ਲੁਟੇਰਿਆਂ ਦੀ ਭਾਲ ਸ਼ੁਰੂ ਕਰ ਦਿਤੀ।
ਡੀ.ਐਸ.ਪੀ. ਟਾਂਡਾ ਦਲਜੀਤ ਸਿੰਘ ਖੱਖ ਨੇ ਦਸਿਆ ਕਿ ਮੌਕਾ ਜਾਂਚ-ਪੜਤਾਲ ਤੇ ਸੀ.ਸੀ.ਟੀ.ਵੀ. ਫੁਟੇਜ਼ ਤੋਂ ਪਤਾ ਲਗਦਾ ਕਿ ਬੀਤੀ ਰਾਤ ਚਾਰ ਲੁਟੇਰੇ ਬੈਂਕ ਦੀ ਪਿਛੇ ਤੋਂ ਕੰਧ ਪਾੜ ਕੇ ਗੈਸ ਕਟਰ ਨਾਲ ਲੈ ਕੇ ਬੈਂਕ ਵਿਚ ਦਾਖ਼ਲ ਹੋਏ ਅਤੇ ਪੰਜ ਲੌਕਰਾਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਕੱਟਿਆ। ਬੈਂਕ ਲੌਕਰਾਂ ਦੇ ਮਾਲਕਾਂ ਬਾਰੇ ਬੈਂਕ ਮੈਨੇਜਰ ਤੋਂ ਪਤਾ ਕੀਤਾ ਜਾ ਰਿਹਾ ਹੈ। ਲੌਕਰ ਮਾਲਕਾਂ ਨਾਲ ਮਿਲਣ ਉਤੇ ਪਤਾ ਲੱਗ ਸਕੇਗਾ ਕਿ ਕਿੰਨਾ ਨੁਕਸਾਨ ਹੋਇਆ ਤੇ ਕੀ-ਕੀ ਚੋਰੀ ਹੋਇਆ। ਸੀਸੀਟੀਵੀ ਫੁਟੇਜ਼ ਦੇ ਆਧਾਰ ਉਤੇ ਲੁਟੇਰਿਆਂ ਦੀ ਪਛਾਣ ਕੀਤੀ ਜਾ ਰਹੀ ਹੈ ਤੇ ਜਲਦੀ ਲੁਟੇਰਿਆਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਇਸ ਮੌਕੇ ਗੱਲਬਾਤ ਕਰਦਿਆਂ ਪੰਜਾਬ ਨੈਸ਼ਨਲ ਬੈਂਕ ਦੀ ਬ੍ਰਾਂਚ ਖੁੱਡਾ ਦੇ ਮੈਨੇਜਰ ਮਨਦੀਪ ਸਿੰਘ ਨੇ ਦਸਿਆ ਕਿ ਸੋਮਵਾਰ ਸਵੇਰੇ ਜਦੋਂ ਬੈਂਕ ਖੁਲ੍ਹਿਆ ਤਾਂ ਬੈਂਕ ਅੰਦਰ ਲੁਟੇਰਿਆਂ ਵਲੋਂ ਕੀਤੀ ਵਾਰਦਾਤ ਬਾਰੇ ਪਤਾ ਲੱਗਾ। ਲੁਟੇਰਿਆਂ ਨੇ ਗੈਸ ਕਟਰ ਦੀ ਮਦਦ ਨਾਲ ਪੰਜ ਲੌਕਰ ਕੱਟ ਕੇ ਉਸ ਵਿਚ ਪਿਆ ਸਮਾਨ ਚੋਰੀ ਕੀਤਾ ਹੈ। ਇਸ ਤੋਂ ਇਲਾਵਾ ਲੁਟੇਰਿਆਂ ਬੈਂਕ ਵਿਚੋਂ ਕੋਈ ਨਕਦੀ ਜਾਂ ਸਾਮਾਨ ਚੋਰੀ ਨਹੀਂ ਕੀਤਾ। ਲੌਕਰ ਮਾਲਕਾਂ ਦੇ ਮਿਲਣ ਉਤੇ ਸਹੀ ਨੁਕਸਾਨ ਬਾਰੇ ਪਤਾ ਲੱਗ ਸਕੇਗਾ।
ਫ਼ੋਟੋ : ਟਾਂਡਾ--ਬੈਂਕ
ਫੋਟੋ ਕੈਪਸ਼ਨ : ਬੈਂਕ ਦੀ ਬਿਲਡਿੰਗ ਪਿੱਛੇ ਲਾਈ ਸੰਨ ਦੀ ਜਾਂਚ ਪੜਤਾਲ ਕਰਦੇ ਹੋਏ ਐਸਐਚ? ਟਾਂਡਾ ਤੇ ਹੋਰ -੦੨